ਖੰਡ ਦੇ ਉਤਪਾਦਨ ਅਤੇ ਵਰਤੋਂ 'ਚ ਭਾਰਤ ਦੁਨੀਆ 'ਚ ਬਣਿਆ ਨੰਬਰ-1, ਹੋਇਆ 40 ਹਜ਼ਾਰ ਕਰੋੜ ਦਾ ਮੁਨਾਫ਼ਾ
ਭਾਰਤ ਇਸ ਸਾਲ ਦੇ ਖੰਡ ਸੀਜ਼ਨ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਬਰਾਮਦਕਾਰ ਵੀ ਬਣ ਗਿਆ ਹੈ। ਬ੍ਰਾਜ਼ੀਲ ਤੋਂ ਬਾਅਦ ਭਾਰਤ ਖੰਡ ਦਾ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਹੈ।
ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਇਸ ਖੰਡ ਦੇ ਸੀਜ਼ਨ 'ਚ ਸਭ ਤੋਂ ਵੱਧ ਖੰਡ ਉਤਪਾਦਕ ਅਤੇ ਵਰਤੋਂ ਵਾਲੇ ਦੇਸ਼ ਵਜੋਂ ਉਭਰਿਆ ਹੈ। ਦਰਅਸਲ, ਪਿਛਲੇ ਮਹੀਨੇ ਸਤੰਬਰ 'ਚ ਖਤਮ ਹੋਏ ਖੰਡ ਸੀਜ਼ਨ (ਅਕਤੂਬਰ-ਸਤੰਬਰ) 2021-22 'ਚ ਬ੍ਰਾਜ਼ੀਲ ਨੂੰ ਪਛਾੜ ਕੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖੰਡ ਉਤਪਾਦਕ ਬਣ ਗਿਆ।
ਇਸ ਦੇ ਨਾਲ ਹੀ ਮੰਤਰਾਲੇ ਅਨੁਸਾਰ ਭਾਰਤ ਇਸ ਸਾਲ ਦੇ ਖੰਡ ਸੀਜ਼ਨ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਬਰਾਮਦਕਾਰ ਵੀ ਬਣ ਗਿਆ ਹੈ। ਬ੍ਰਾਜ਼ੀਲ ਤੋਂ ਬਾਅਦ ਭਾਰਤ ਖੰਡ ਦਾ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਹੈ। ਦਰਅਸਲ, ਭਾਰਤ 'ਚ ਇਸ ਸੀਜ਼ਨ 'ਚ 5000 ਲੱਖ ਮੀਟ੍ਰਿਕ ਟਨ (LMT) ਤੋਂ ਵੱਧ ਗੰਨੇ ਦਾ ਉਤਪਾਦਨ ਹੋਇਆ ਸੀ, ਜਿਸ ਵਿੱਚੋਂ 3574 ਲੱਖ ਮੀਟ੍ਰਿਕ ਟਨ ਖੰਡ ਮਿੱਲਾਂ 'ਚ ਪਿੜਾਈ ਗਈ ਸੀ ਅਤੇ 395 ਲੱਖ ਮੀਟ੍ਰਿਕ ਟਨ ਖੰਡ (ਸੁਕਰੋਜ਼) ਬਣਾਈ ਗਈ ਸੀ। ਦੂਜੇ ਪਾਸੇ ਇਸੇ ਸੀਜ਼ਨ ਦੌਰਾਨ 109.8 ਲੱਖ ਮੀਟ੍ਰਿਕ ਟਨ ਖੰਡ ਬਰਾਮਦ ਕੀਤੀ ਗਈ, ਜੋ ਕਿ ਰਿਕਾਰਡ ਪੱਧਰ ਹੈ।
ਵਿਦੇਸ਼ਾਂ 'ਚ ਨਿਰਯਾਤ ਹੋਣ ਕਾਰਨ ਭਾਰਤ ਨੂੰ 40 ਹਜ਼ਾਰ ਕਰੋੜ ਰੁਪਏ ਦਾ ਵਿਦੇਸ਼ੀ ਮੁਦਰਾ ਮਿਲਿਆ ਹੈ। ਮੰਤਰਾਲੇ ਮੁਤਾਬਕ ਈਥਾਨੌਲ ਦੇ ਨਿਰਮਾਣ 'ਚ ਖੰਡ ਦੀ ਵਰਤੋਂ ਵੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇਹ ਅੰਕੜਾ ਸਾਲ 2018-19 'ਚ 3 ਲੱਖ ਮੀਟ੍ਰਿਕ ਟਨ ਤੋਂ ਵੱਧ ਕੇ 2021-22 ਖੰਡ ਸੀਜ਼ਨ ਤੱਕ 35 ਲੱਖ ਮੀਟ੍ਰਿਕ ਟਨ ਹੋ ਗਿਆ ਹੈ। ਅੰਕੜਿਆਂ ਮੁਤਾਬਕ ਇਸ ਸੀਜ਼ਨ ਦੇ ਅੰਤ 'ਚ 60 ਲੱਖ ਮੀਟ੍ਰਿਕ ਟਨ ਖੰਡ ਦਾ ਸਟਾਕ ਬਚਿਆ ਹੈ, ਜੋ 2.5 ਮਹੀਨਿਆਂ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ।
ਮੰਤਰਾਲੇ ਨੇ ਕਿਹਾ ਕਿ ਗੰਨੇ ਦੇ ਉਤਪਾਦਨ ਦਾ ਇਹ ਸੀਜ਼ਨ ਖੰਡ ਖੇਤਰ ਲਈ ਇਤਿਹਾਸਕ ਰਿਹਾ ਹੈ। ਗੰਨੇ ਦੀ ਕਾਸ਼ਤ, ਉਤਪਾਦਨ, ਖੰਡ ਦੀ ਵਰਤੋਂ ਅਤੇ ਖਰੀਦ ਨੇ 2021-22 ਦੇ ਸੀਜ਼ਨ 'ਚ ਰਿਕਾਰਡ ਪੱਧਰ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਭਾਰਤੀ ਖੰਡ ਸੈਕਟਰ ਲਈ ਢੁਕਵਾਂ ਸਾਬਤ ਹੋਇਆ ਹੈ।
1.18 ਲੱਖ ਕਰੋੜ ਰੁਪਏ ਤੋਂ ਵੱਧ ਦੇ ਗੰਨੇ ਦੀ ਖਰੀਦ
ਅਧਿਕਾਰੀਆਂ ਨੇ ਦੱਸਿਆ ਕਿ ਖੰਡ ਸੀਜ਼ਨ 2021-22 'ਚ ਖੰਡ ਮਿੱਲਾਂ ਨੇ 1.18 ਲੱਖ ਕਰੋੜ ਰੁਪਏ ਤੋਂ ਵੱਧ ਦਾ ਗੰਨਾ ਖਰੀਦਿਆ ਅਤੇ ਕੇਂਦਰ ਤੋਂ ਬਿਨਾਂ ਕਿਸੇ ਵਿੱਤੀ ਸਹਾਇਤਾ ਦੇ 1.12 ਲੱਖ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਜਾਰੀ ਕੀਤੀ। ਇਸੇ ਤਰ੍ਹਾਂ ਗੰਨੇ ਦੇ ਸੀਜ਼ਨ ਦੇ ਅੰਤ 'ਤੇ ਗੰਨੇ ਦੇ ਬਕਾਏ 6000 ਕਰੋੜ ਰੁਪਏ ਤੋਂ ਵੀ ਘੱਟ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਗੰਨੇ ਦੇ ਬਕਾਏ ਦਾ 95 ਫ਼ੀਸਦੀ ਪਹਿਲਾਂ ਹੀ ਅਦਾ ਕੀਤਾ ਜਾ ਚੁੱਕਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਖੰਡ ਸੀਜ਼ਨ 2020-21 ਲਈ 99.9 ਫ਼ੀਸਦੀ ਤੋਂ ਵੱਧ ਗੰਨੇ ਦੇ ਬਕਾਏ ਕਲੀਅਰ ਕੀਤੇ ਜਾ ਚੁੱਕੇ ਹਨ।
ਪਿਛਲੇ ਸਾਲ ਖੰਡ ਦੇ ਸੀਜ਼ਨ ਦੀ ਕੀ ਸਥਿਤੀ ਸੀ?
ਇਸ ਤੋਂ ਪਹਿਲਾਂ ਮਤਲਬ ਸਾਲ 2020-21 ਵਿੱਚ ਸਾਡੇ ਦੇਸ਼ 'ਚ ਖੰਡ ਦਾ ਨਿਰਯਾਤ 70 ਲੱਖ ਟਨ ਸੀ ਅਤੇ 2019-20 'ਚ 59.6 ਲੱਖ ਟਨ ਸੀ। ਇਸ ਤੋਂ ਇਲਾਵਾ ਪਿਛਲੇ ਸੀਜ਼ਨ 'ਚ 506 ਮਿੱਲਾਂ ਵਿੱਚ ਗੰਨੇ ਦੀ ਪਿੜਾਈ ਕੀਤੀ ਗਈ ਸੀ। ਇਸ ਸੀਜ਼ਨ 2021-22 'ਚ ਕੁੱਲ 522 ਖੰਡ ਮਿੱਲਾਂ ਨੇ ਗੰਨੇ ਦੀ ਪਿੜਾਈ ਕੀਤੀ ਹੈ।
ਮੰਤਰਾਲੇ ਨੇ ਕਿਹਾ, "ਭਾਰਤੀ ਖੰਡ ਉਦਯੋਗ ਨੇ ਇਹ ਉਪਲੱਬਧੀ ਅੰਤਰਰਾਸ਼ਟਰੀ ਕੀਮਤਾਂ ਅਤੇ ਭਾਰਤ ਸਰਕਾਰ ਦੀ ਨੀਤੀ ਦੇ ਕਾਰਨ ਹਾਸਲ ਕੀਤੀ ਹੈ। ਦੇਸ਼ ਨੂੰ ਬਰਾਮਦ ਤੋਂ ਲਗਭਗ 40,000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਹੋਈ।"