(Source: ECI/ABP News/ABP Majha)
1 ਜਨਵਰੀ ਤੋਂ ਬੈਂਕ ਲਾਕਰਾਂ ਬਾਰੇ ਆਉਣ ਵਾਲੇ ਹਨ ਨਵੇਂ ਨਿਯਮ, ਜਾਣੋ RBI ਨੇ ਕੀ-ਕੀ ਕੀਤੇ ਬਦਲਾਅ?
ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਲਾਕਰ ਐਗਰੀਮੈਂਟ 'ਚ ਕੋਈ ਵੀ ਅਨੁਚਿਤ ਨਿਯਮ ਜਾਂ ਸ਼ਰਤਾਂ ਸ਼ਾਮਲ ਨਹੀਂ ਹਨ।
Bank Locker Rules : ਬੈਂਕ ਸੁਰੱਖਿਆ ਨੂੰ ਵਧਾਉਣ ਲਈ ਇੱਕ ਕਦਮ ਅੱਗੇ ਵਧਾਉਂਦੇ ਹੋਏ ਭਾਰਤੀ ਰਿਜ਼ਰਵ ਬੈਂਕ (RBI) ਨੇ ਦੇਸ਼ ਭਰ ਦੇ ਬੈਂਕਾਂ ਨੂੰ 1 ਜਨਵਰੀ 2023 ਤੱਕ ਮੌਜੂਦਾ ਲਾਕਰ ਗਾਹਕਾਂ ਨਾਲ ਆਪਣੇ ਲਾਕਰ ਐਗਰੀਮੈਂਟ ਰੀਨਿਊ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਬੈਂਕ ਦੇ ਇਸ ਕਦਮ ਨਾਲ ਬੈਂਕ ਦੇ ਲਾਕਰ ਦੀ ਵਰਤੋਂ ਸਬੰਧੀ ਜ਼ਰੂਰੀ ਨਿਯਮਾਂ 'ਚ ਕਈ ਬਦਲਾਅ ਹੋਣਗੇ। ਇਸ ਤੋਂ ਬਾਅਦ ਵੱਖ-ਵੱਖ ਬੈਂਕਾਂ 'ਚ ਲਾਕਰ ਰੱਖਣ ਵਾਲੇ ਗਾਹਕਾਂ ਨੂੰ ਵੀ ਲਾਕਰ ਐਗਰੀਮੈਂਟ ਸਬੰਧੀ ਅਲਰਟ ਅਤੇ ਮੈਸੇਜ ਮਿਲਣੇ ਸ਼ੁਰੂ ਹੋ ਗਏ ਹਨ। ਗਾਹਕਾਂ ਨੂੰ 31 ਦਸੰਬਰ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ।
ਆਰਬੀਆਈ ਦੇ ਨਿਰਦੇਸ਼
ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਲਾਕਰ ਐਗਰੀਮੈਂਟ 'ਚ ਕੋਈ ਵੀ ਅਨੁਚਿਤ ਨਿਯਮ ਜਾਂ ਸ਼ਰਤਾਂ ਸ਼ਾਮਲ ਨਹੀਂ ਹਨ।
ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬੈਂਕ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਐਗਰੀਮੈਂਟ ਦੀਆਂ ਸ਼ਰਤਾਂ ਬਹੁਤ ਆਸਾਨ ਅਤੇ ਸਰਲ ਹੋਣਗੀਆਂ।
ਆਰਬੀਆਈ ਨੇ ਸਾਰੇ ਰਿਣਦਾਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਭਾਰਤੀ ਬੈਂਕ ਐਸੋਸੀਏਸ਼ਨ (ਆਈਬੀਏ) ਵੱਲੋਂ ਤਿਆਰ ਮਾਡਲ ਲਾਕਰ ਸਮਝੌਤੇ ਦੀ ਵਰਤੋਂ ਕਰਨ।
ਸਾਰੇ ਲਾਕਰ ਧਾਰਕਾਂ ਨੂੰ ਨਿਸ਼ਚਿਤ ਮਿਤੀ ਤੋਂ ਪਹਿਲਾਂ ਰਿਨਿਊ ਐਗਰੀਮੈਂਟ 'ਤੇ ਦਸਤਖਤ ਕਰਨੇ ਪੈਣਗੇ।
ਸੀਸੀਟੀਵੀ ਲਗਾਏ ਜਾਣਗੇ
ਬੈਂਕਾਂ ਨੂੰ ਸਟਰਾਂਗ ਰੂਮਾਂ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਅਤੇ ਸੰਚਾਲਨ ਦੇ ਆਮ ਖੇਤਰਾਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ ਇਹ ਭਰੋਸਾ ਦੇਣਾ ਹੋਵੇਗਾ ਕਿ ਰਿਕਾਰਡਿੰਗ ਨੂੰ ਘੱਟੋ-ਘੱਟ 180 ਦਿਨਾਂ ਲਈ ਸੁਰੱਖਿਅਤ ਰੱਖਿਆ ਜਾਵੇਗਾ। ਜੇਕਰ ਕਿਸੇ ਗਾਹਕ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਲਾਕਰ 'ਚ ਉਨ੍ਹਾਂ ਦੀ ਜਾਣਕਾਰੀ ਜਾਂ ਮਨਜੂਰੀ ਤੋਂ ਬਗੈਰ ਦਾਖਲ ਕੀਤਾ ਗਿਆ ਸੀ, ਜਾਂ ਜੇਕਰ ਕੋਈ ਚੋਰੀ ਜਾਂ ਸੁਰੱਖਿਆ ਉਲੰਘਣਾ ਦਾ ਪਤਾ ਚੱਲਦਾ ਹੈ ਤਾਂ ਬੈਂਕ ਪੁਲਿਸ ਜਾਂਚ ਪੂਰੀ ਹੋਣ ਅਤੇ ਵਿਵਾਦ ਦੇ ਹੱਲ ਹੋਣ ਤੱਕ ਸੀਸੀਟੀਵੀ ਰਿਕਾਰਡਿੰਗ ਨੂੰ ਬਰਕਰਾਰ ਰੱਖੇਗਾ।
ਪ੍ਰੋਡਕਟ ਵੈਲਿਊ ਤੋਂ ਵੱਧ ਦੀ ਰਿਕਵਰੀ
ਜੇਕਰ ਕਿਸੇ ਤਿਜੌਰੀ 'ਚ ਰੱਖਿਆ ਕੀਮਤੀ ਸਮਾਨ ਲੁੱਟਿਆ ਜਾਂਦਾ ਹੈ ਜਾਂ ਅੱਗ ਲੱਗਣ ਕਾਰਨ ਜਾਂ ਇਮਾਰਤ ਦੇ ਢਹਿ ਜਾਣ ਕਾਰਨ ਗੁਆਚ ਜਾਂਦਾ ਹੈ ਤਾਂ ਜਮ੍ਹਾਕਰਤਾ ਹੁਣ ਬੈਂਕ ਚਾਰਜ ਦਾ 100 ਗੁਣਾ ਤੱਕ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਬੈਂਕ ਕੁਦਰਤੀ ਆਫ਼ਤ ਜਾਂ 'ਐਕਟ ਆਫ਼ ਗਾਡ' ਤੋਂ ਹੋਣ ਵਾਲੇ ਲਾਕਰ ਦੀ ਸਮੱਗਰੀ ਨੂੰ ਕਿਸੇ ਵੀ ਨੁਕਸਾਨ ਲਈ ਜਵਾਬਦੇਹ ਨਹੀਂ ਹੋਵੇਗਾ।
ਬੈਂਕ ਫਿਕਸਡ ਡਿਪਾਜ਼ਿਟ ਨੂੰ ਕਿਰਾਏ ਵਜੋਂ ਮੰਗ ਕਰ ਸਕਦੇ ਹਨ
ਸਾਰੇ ਰਿਣਦਾਤਿਆਂ ਨੂੰ ਲਾਕਰ ਦੀ ਅਲਾਟਮੈਂਟ ਸਮੇਂ ਫਿਕਸਡ ਡਿਪਾਜ਼ਿਟ ਦੀ ਮੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਕਿ ਤਿੰਨ ਸਾਲਾਂ ਦੇ ਕਿਰਾਏ ਵਜੋਂ ਇਕੱਠੀ ਕੀਤੀ ਜਾਵੇਗੀ। ਹਾਲਾਂਕਿ ਰਿਣਦਾਤਾ ਮੌਜੂਦਾ ਲਾਕਰ ਧਾਰਕਾਂ ਜਾਂ ਸੈਟਿਸਫੈਕਟਰੀ ਆਪ੍ਰੇਸ਼ਨਲ ਅਕਾਊਂਟਸ ਵਾਲੇ ਲੋਕਾਂ ਨੂੰ ਅਜਿਹੇ ਟਰਮ ਡਿਪੋਜ਼ਿਟ 'ਤੇ ਜ਼ੋਰ ਨਹੀਂ ਦੇ ਸਕਦੇ ਹਨ।
ਬੈਂਕ ਕਿਸੇ ਵੀ ਜ਼ਬਤੀ ਤੋਂ ਪਹਿਲਾਂ ਗਾਹਕਾਂ ਨੂੰ ਕਰੇਗਾ ਸੂਚਿਤ
ਨਵੀਂ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਕਿਸੇ ਵੀ ਸਰਕਾਰੀ ਅਥਾਰਟੀ ਨੇ ਲਾਕਰ ਜਾਂ ਸੁਰੱਖਿਅਤ ਹਿਰਾਸਤ 'ਚ ਜਮ੍ਹਾ ਵਸਤੂਆਂ ਦੀ ਕੁਰਕੀ, ਰਿਕਵਰੀ ਜਾਂ ਜ਼ਬਤ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤਾਂ ਬੈਂਕ ਗਾਹਕ ਨੂੰ ਚਿੱਠੀ ਦੇ ਨਾਲ-ਨਾਲ ਈਮੇਲ/ਐਸਐਮਐਸ ਰਾਹੀਂ ਸੂਚਿਤ ਕਰੇਗਾ।