ਹੁਣ ਪੈਸੇ ਕਢਵਾਉਣ ਲਈ ਨਹੀਂ ਜਾਣਾ ਪਵੇਗਾ ATM, ਸਿਰਫ ਇੱਕ ਸਕੈਨ ਨਾਲ ਹੱਥ ‘ਚ ਆਵੇਗਾ ਪੈਸਾ; ਜਾਣ ਲਓ ਨਿਯਮ
ਮੌਜੂਦਾ ਸਮੇਂ ਵਿੱਚ ਯੂਪੀਆਈ ਬੇਸਡ ਪੈਸੇ ਕਢਵਾਉਣ ਦੀ ਸਹੂਲਤ ਕੁਝ ਚੋਣਵੇਂ ਏਟੀਐਮ ਜਾਂ ਦੁਕਾਨਾਂ ‘ਤੇ ਹੀ ਉਪਲਬਧ ਹੈ। ਪ੍ਰਸਤਾਵਿਤ ਯੋਜਨਾ ਵਿੱਚ ਇਸ ਨੂੰ ਵਧਾਉਣ ਦੀ ਤਿਆਰੀ ਚੱਲ ਰਹੀ ਹੈ।

UPI Cash Withdrawal: ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਸਮਾਰਟਫੋਨ ਤੋਂ ਨਕਦੀ ਕਢਵਾਉਣ ਨੂੰ ਹੋਰ ਵੀ ਆਸਾਨ ਬਣਾਉਣ ਲਈ ਵੱਡੀਆਂ ਤਿਆਰੀਆਂ ਕਰਨ ਜਾ ਰਿਹਾ ਹੈ। ਇਕਨਾਮਿਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਜਲਦੀ ਹੀ ਭਾਰਤ ਵਿੱਚ ਲੋਕ 20 ਲੱਖ ਤੋਂ ਵੱਧ ਬਿਜ਼ਨਸ ਕੌਰਸਪੌਂਡੈਂਟ (BC) ਆਊਟਲੈਟਾਂ 'ਤੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਨਕਦੀ ਕਢਵਾਉਣ ਦੇ ਯੋਗ ਹੋਣਗੇ। ਇਸ ਸਹੂਲਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਉਪਲਬਧ ਕਰਵਾਉਣ ਲਈ, NPCI ਨੇ ਰਿਜ਼ਰਵ ਬੈਂਕ ਆਫ ਇੰਡੀਆ (RBI) ਨਾਲ ਅਪਰੂਵਲ ਲਈ ਸੰਪਰਕ ਕੀਤਾ ਹੈ।
ਮੌਜੂਦ ਸਮੇਂ ਵਿੱਚ UPI-ਅਧਾਰਤ ਨਕਦੀ ਕਢਵਾਉਣ ਦੀ ਸਹੂਲਤ ਸਿਰਫ਼ ਚੋਣਵੇਂ ATM ਜਾਂ ਦੁਕਾਨਾਂ 'ਤੇ ਹੀ ਉਪਲਬਧ ਹੈ। ਇਸ 'ਤੇ ਵੀ ਇੱਕ ਲਿਮਿਟ ਹੈ। ਇਹ ਸੀਮਾ ਕਸਬਿਆਂ ਅਤੇ ਸ਼ਹਿਰਾਂ ਵਿੱਚ ਪ੍ਰਤੀ ਲੈਣ-ਦੇਣ 1,000 ਰੁਪਏ ਅਤੇ ਪਿੰਡਾਂ ਵਿੱਚ 2,000 ਰੁਪਏ ਨਿਰਧਾਰਤ ਕੀਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਯੋਜਨਾ ਦੇ ਤਹਿਤ, BC ਆਊਟਲੈਟਾਂ 'ਤੇ ਹਰੇਕ ਲੈਣ-ਦੇਣ 'ਤੇ 10,000 ਰੁਪਏ ਤੱਕ ਦੀ ਨਕਦੀ ਕਢਵਾਈ ਜਾ ਸਕੇਗੀ।
ਬਿਜ਼ਨਸ ਕੌਰਸਪੌਂਡੈਂਟ ਲੋਕਲ ਏਜੰਟ ਹੁੰਦੇ ਹਨ ਜੋ ਦੂਰ-ਦੁਰਾਡੇ ਇਲਾਕਿਆਂ ਵਿੱਚ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦੇ ਹਨ ਜਿੱਥੇ ਏਟੀਐਮ ਸਹੂਲਤਾਂ ਉਪਲਬਧ ਨਹੀਂ ਹਨ। ਅਜਿਹੇ ਵਾਂਝੇ ਖੇਤਰਾਂ ਵਿੱਚ, ਇਹ ਲੋਕ ਬੈਂਕ ਸ਼ਾਖਾਵਾਂ ਦੇ ਵਿਸਥਾਰ ਵਜੋਂ ਕੰਮ ਕਰਦੇ ਹਨ। ਬਿਜ਼ਨਸ ਕੌਰਸਪੌਂਡੈਂਟ ਦੁਕਾਨਦਾਰ, ਐਨਜੀਓ ਜਾਂ ਕੋਈ ਵੀ ਵਿਅਕਤੀ ਹੋ ਸਕਦਾ ਹੈ। ਪਹਿਲਾਂ ਵੀ, ਲੋਕ ਆਧਾਰ-ਬੇਸਡ ਆਥੈਨਟੀਕੇਸ਼ਨ ਅਤੇ ਡੈਬਿਟ ਕਾਰਡਾਂ ਰਾਹੀਂ ਨਕਦੀ ਕਢਵਾਉਣ ਲਈ ਬਿਜ਼ਨਸ ਕੌਰਸਪੌਂਡੈਂਟ ਦੀ ਵਰਤੋਂ ਕਰਦੇ ਸਨ।
ਹੁਣ ਜੇਕਰ UPI-ਅਧਾਰਿਤ QR ਕੋਡ ਲਾਗੂ ਕੀਤਾ ਜਾਂਦਾ ਹੈ, ਤਾਂ ਗਾਹਕ ਆਪਣੇ ਫੋਨ 'ਤੇ ਕਿਸੇ ਵੀ UPI ਐਪ ਦੀ ਵਰਤੋਂ ਕਰਕੇ ਕੋਡ ਨੂੰ ਸਕੈਨ ਕਰਕੇ ਨਕਦੀ ਕਢਵਾ ਸਕਣਗੇ। ਇਸ ਦੇ ਤਹਿਤ, ਲੱਖਾਂ ਛੋਟੇ-ਛੋਟੇ ਸਰਵਿਸ ਪੁਆਇੰਟ ਜਾਂ ਦੁਕਾਨਦਾਰਾਂ ਨੂੰ QR ਕੋਡ ਦਿੱਤੇ ਜਾਣਗੇ। ਇਸ ਲਈ, NPCI ਨੇ ਰਿਜ਼ਰਵ ਬੈਂਕ ਤੋਂ ਬਿਜ਼ਨਸ ਕੌਰਸਪੌਂਡੈਂਟ ਨੂੰ ਵੀ UPI ਰਾਹੀਂ ਨਕਦੀ ਕਢਵਾਉਣ ਦੀ ਸਹੂਲਤ ਪ੍ਰਦਾਨ ਕਰਨ ਦੀ ਇਜਾਜ਼ਤ ਮੰਗੀ ਹੈ।
ਇਨ੍ਹਾਂ ਨੂੰ ਹੋਵੇਗਾ ਫਾਇਦਾ
ਇਹ ਨਵਾਂ ਸਿਸਟਮ ਉਨ੍ਹਾਂ ਗਾਹਕਾਂ ਨੂੰ ਵੀ ਲਾਭ ਪਹੁੰਚਾ ਸਕਦਾ ਹੈ ਜਿਨ੍ਹਾਂ ਨੂੰ ਫਿੰਗਰਪ੍ਰਿੰਟ ਪ੍ਰਮਾਣਿਕਤਾ ਵਿੱਚ ਮੁਸ਼ਕਲ ਆਉਂਦੀ ਹੈ ਜਾਂ ਜੋ ਡੈਬਿਟ ਕਾਰਡਾਂ ਦੀ ਵਰਤੋਂ ਕਰਨ ਤੋਂ ਝਿਜਕਦੇ ਹਨ। ਫਿਲਹਾਲ, ਗਾਹਕ ਬੀਸੀ ਵਿਖੇ ਮੌਜੂਦਾ ਮਾਈਕ੍ਰੋ ਏਟੀਐਮ ਮਸ਼ੀਨਾਂ ਵਿੱਚ ਆਪਣੇ ਕਾਰਡ ਪਾ ਕੇ ਪੈਸੇ ਕਢਵਾਉਂਦੇ ਹਨ। ਹੁਣ ਸਿਸਟਮ ਨੂੰ ਹੋਰ ਵੀ ਆਸਾਨ ਬਣਾਉਣ ਲਈ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ, ਕੋਈ ਵੀ ਬੀਸੀ (Business Corespondent) ਆਊਟਲੈੱਟ 'ਤੇ ਜਾ ਕੇ ਅਤੇ QR ਕੋਡ ਨੂੰ ਸਕੈਨ ਕਰਕੇ ਪੈਸੇ ਕਢਵਾ ਸਕੇਗਾ। ਤੁਹਾਨੂੰ ਦੱਸ ਦੇਈਏ ਕਿ NPCI ਨੇ ਸਾਲ 2016 ਵਿੱਚ UPI ਲਾਂਚ ਕੀਤਾ ਸੀ।






















