Stock Market: ਜੰਗ ਦੇ ਸਹਿਮ ਕਾਰਨ ਸ਼ੇਅਰ ਬਾਜ਼ਾਰ ਢਹਿ-ਢੇਰੀ, ਲਗਾਤਾਰ ਦੋ ਦਿਨ ਰੈੱਡ ਸਿਗਨਲ
Stock Market: ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਰਨ ਸਟਾਕ ਮਾਰਕਿਟ ਨੂੰ ਵੱਡਾ ਝਟਕਾ ਲੱਗਾ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਅੱਜ ਯਾਨੀ ਸ਼ੁੱਕਰਵਾਰ 9 ਮਈ ਨੂੰ ਸਟਾਕ ਮਾਰਕੀਟ ਢਹਿ-ਢੇਰੀ ਹੋ ਗਈ।

Stock Market: ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਰਨ ਸਟਾਕ ਮਾਰਕਿਟ ਨੂੰ ਵੱਡਾ ਝਟਕਾ ਲੱਗਾ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਅੱਜ ਯਾਨੀ ਸ਼ੁੱਕਰਵਾਰ 9 ਮਈ ਨੂੰ ਸਟਾਕ ਮਾਰਕੀਟ ਢਹਿ-ਢੇਰੀ ਹੋ ਗਈ। ਸੈਂਸੈਕਸ 880 ਅੰਕ (1.10%) ਡਿੱਗ ਕੇ 79,454 'ਤੇ ਬੰਦ ਹੋਇਆ। ਨਿਫਟੀ ਵੀ 266 ਅੰਕ (1.10%) ਡਿੱਗ ਕੇ 24,008 'ਤੇ ਬੰਦ ਹੋਇਆ। ਕਈ ਦਿਨਾਂ ਦੀ ਫੁੱਲ ਚੜ੍ਹਾਈ ਮਗਰੋਂ ਜੰਗ ਦੀਆਂ ਖਬਰਾਂ ਕਰਕੇ ਬੁਰੀ ਤਰ੍ਹਾਂ ਡਿੱਗ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੇਅਰ ਬਾਜ਼ਾਰ 412 ਅੰਕ ਡਿੱਗਿਆ ਸੀ।
ਦੱਸ ਦਈਏ ਕਿ ਸੈਂਸੈਕਸ ਦੇ 30 ਸਟਾਕਾਂ ਵਿੱਚੋਂ 25 ਡਿੱਗ ਗਏ। ਆਈਸੀਆਈਸੀਆਈ ਬੈਂਕ 3.09% ਡਿੱਗਿਆ। ਪਾਵਰ ਗਰਿੱਡ, ਅਲਟਰਾਟੈਕ ਸੀਮੈਂਟ, ਬਜਾਜ ਫਾਈਨੈਂਸ, ਰਿਲਾਇੰਸ ਸਮੇਤ ਕੁੱਲ 16 ਸਟਾਕ ਲਗਪਗ 3% ਡਿੱਗ ਕੇ ਬੰਦ ਹੋਏ। ਹਾਲਾਂਕਿ, ਟਾਈਟਨ, ਲਾਰਸਨ ਐਂਡ ਟੂਬਰੋ, ਟਾਟਾ ਮੋਟਰਜ਼ ਤੇ ਐਸਬੀਆਈ 4.25% ਵਧ ਕੇ ਬੰਦ ਹੋਏ। ਨਿਫਟੀ ਦੇ 50 ਸਟਾਕਾਂ ਵਿੱਚੋਂ 38 ਡਿੱਗ ਗਏ। ਰਿਐਲਟੀ ਸੈਕਟਰ 2.38%, ਵਿੱਤੀ ਸੇਵਾਵਾਂ 1.76%, ਪ੍ਰਾਈਵੇਟ ਬੈਂਕ 1.29%, ਤੇਲ ਤੇ ਗੈਸ 0.78% ਡਿੱਗ ਗਏ। ਜਦੋਂਕਿ ਸਰਕਾਰੀ ਬੈਂਕਿੰਗ ਸੂਚਕਾਂਕ 1.59%, ਮੀਡੀਆ 0.95% ਤੇ ਖਪਤਕਾਰ ਟਿਕਾਊ ਚੀਜ਼ਾਂ 0.92% ਵਧ ਕੇ ਬੰਦ ਹੋਇਆ।
ਦੱਸ ਦਈਏ ਕਿ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ (8 ਮਈ) ਨੂੰ ਵੀ ਸੈਂਸੈਕਸ 412 ਅੰਕ ਡਿੱਗ ਕੇ 80,335 'ਤੇ ਬੰਦ ਹੋਇਆ ਸੀ। ਨਿਫਟੀ ਵੀ 141 ਅੰਕ ਡਿੱਗ ਕੇ 24,274 'ਤੇ ਬੰਦ ਹੋਇਆ ਸੀ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 26 ਗਿਰਾਵਟ ਨਾਲ ਬੰਦ ਹੋਏ ਸੀ। ਜ਼ੋਮੈਟੋ ਦਾ ਸਟਾਕ 3.97% ਡਿੱਗਿਆ ਸੀ। ਮਹਿੰਦਰਾ, ਬਜਾਜ ਫਾਈਨੈਂਸ, ਮਾਰੂਤੀ ਤੇ ਟਾਟਾ ਸਟੀਲ ਦੇ ਸਟਾਕ 3.5% ਤੱਕ ਡਿੱਗ ਕੇ ਬੰਦ ਹੋਏ ਸੀ।
ਬਾਜ਼ਾਰ ਵਿੱਚ ਗਿਰਾਵਟ ਦੇ ਕਾਰਨ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਵਰਗੇ ਹਾਲਾਤ ਹਨ। ਇਸ ਕਾਰਨ ਨਿਵੇਸ਼ਕਾਂ ਵਿੱਚ ਅਨਿਸ਼ਚਿਤਤਾ ਤੇ ਡਰ ਦਾ ਮਾਹੌਲ ਹੈ, ਜਿਸ ਕਾਰਨ ਬਾਜ਼ਾਰ ਵਿੱਚ ਭਾਰੀ ਵਿਕਰੀ ਹੈ। ਇਸ ਤੋਂ ਇਲਾਵਾ ਅਮਰੀਕੀ ਸਟਾਕ ਬਾਜ਼ਾਰਾਂ ਵਿੱਚ ਹਾਲ ਹੀ ਵਿੱਚ ਹੋਈ ਅਸਥਿਰਤਾ ਭਾਰਤੀ ਬਾਜ਼ਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਅਮਰੀਕੀ ਡਾਲਰ ਸੂਚਕਾਂਕ ਵਿੱਚ ਵਾਧਾ ਵੀ ਬਾਜ਼ਾਰ ਅੰਦਰ ਦਬਾਅ ਦਾ ਕਾਰਨ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਟਾਕ ਮਾਰਕੀਟ ਦੇ ਹਾਲ ਹੀ ਵਿੱਚ ਉੱਚ ਪੱਧਰਾਂ ਤੋਂ ਬਾਅਦ ਨਿਵੇਸ਼ਕਾਂ ਨੇ ਲਾਭ ਬੁਕਿੰਗ ਸ਼ੁਰੂ ਕਰ ਦਿੱਤੀ। ਇਸ ਕਾਰਨ ਸੈਂਸੈਕਸ ਤੇ ਨਿਫਟੀ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਉਨ੍ਹਾਂ ਖੇਤਰਾਂ ਵਿੱਚ ਵੱਧ ਤੋਂ ਵੱਧ ਵਿਕਰੀ ਹੈ ਜਿਨ੍ਹਾਂ ਵਿੱਚ ਉੱਚ ਵਾਧਾ ਹੋਇਆ ਸੀ।






















