Swiss Bank List: ਸਵਿਸ ਬੈਂਕਾਂ 'ਚ ਵਧਿਆ ਭਾਰਤੀਆਂ ਦਾ ਪੈਸਾ, ਪਹੁੰਚ ਗਿਆ ਪਿਛਲੇ 14 ਸਾਲਾਂ ਦੇ ਉੱਚ ਪੱਧਰ 'ਤੇ
ਸਵਿਟਜ਼ਰਲੈਂਡ (Switzerland) ਦੇ ਬੈਂਕਾਂ 'ਚ ਭਾਰਤੀ ਕੰਪਨੀਆਂ ਅਤੇ ਲੋਕਾਂ ਦੀ ਦੌਲਤ 2021 ਦੌਰਾਨ 50 ਫ਼ੀਸਦੀ ਵੱਧ ਕੇ 14 ਸਾਲਾਂ ਦੇ ਉੱਚੇ ਪੱਧਰ 3.83 ਅਰਬ ਸਵਿਸ ਫਰੈਂਕ (Swiss Frank) (30,500 ਕਰੋੜ ਰੁਪਏ ਤੋਂ ਵੱਧ) ਹੋ ਗਈ ਹੈ।
Swiss Bank List: ਸਵਿਟਜ਼ਰਲੈਂਡ (Switzerland) ਦੇ ਬੈਂਕਾਂ 'ਚ ਭਾਰਤੀ ਕੰਪਨੀਆਂ ਅਤੇ ਲੋਕਾਂ ਦੀ ਦੌਲਤ 2021 ਦੌਰਾਨ 50 ਫ਼ੀਸਦੀ ਵੱਧ ਕੇ 14 ਸਾਲਾਂ ਦੇ ਉੱਚੇ ਪੱਧਰ 3.83 ਅਰਬ ਸਵਿਸ ਫਰੈਂਕ (Swiss Frank) (30,500 ਕਰੋੜ ਰੁਪਏ ਤੋਂ ਵੱਧ) ਹੋ ਗਈ ਹੈ। ਇਸ 'ਚ ਭਾਰਤ ਵਿੱਚ ਸਵਿਸ ਬੈਂਕ ਦੀਆਂ ਸ਼ਾਖਾਵਾਂ (Switzerland Bank Branches) ਅਤੇ ਹੋਰ ਵਿੱਤੀ ਸੰਸਥਾਵਾਂ ਵਿੱਚ ਜਮ੍ਹਾ ਪੈਸਾ ਵੀ ਸ਼ਾਮਲ ਹੈ। ਸੈਂਟਰਲ ਬੈਂਕ ਆਫ਼ ਸਵਿਟਜ਼ਰਲੈਂਡ (SNB) ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਮੁਤਾਬਕ ਸਵਿਸ ਬੈਂਕਾਂ 'ਚ ਭਾਰਤੀਆਂ ਦੇ ਪੈਸੇ 'ਚ ਹਿੱਸੇਦਾਰੀ ਵਧਣ ਕਾਰਨ ਅਤੇ ਪ੍ਰਤੀਭੂਤੀਆਂ ਸਮੇਤ ਸਬੰਧਤ ਸਾਧਨਾਂ ਰਾਹੀਂ ਗਾਹਕਾਂ ਦੀ ਜਮ੍ਹਾ ਰਾਸ਼ੀ ਵਧੀ ਹੈ।
ਇਸ ਤੋਂ ਪਹਿਲਾਂ ਸਾਲ 2020 ਦੇ ਅੰਤ ਤੱਕ ਸਵਿਸ ਬੈਂਕਾਂ 'ਚ ਭਾਰਤੀ ਪੈਸਾ 2.55 ਅਰਬ ਸਵਿਸ ਫਰੈਂਕ (20,700 ਕਰੋੜ ਰੁਪਏ) ਸੀ। ਇਸ ਤੋਂ ਇਲਾਵਾ ਭਾਰਤੀ ਗਾਹਕਾਂ ਦੇ ਬਚਤ ਜਾਂ ਜਮ੍ਹਾ ਖਾਤਿਆਂ 'ਚ ਜਮ੍ਹਾਂ ਰਕਮ 2 ਸਾਲਾਂ ਦੀ ਗਿਰਾਵਟ ਤੋਂ ਬਾਅਦ 2021 'ਚ ਲਗਭਗ 4,800 ਕਰੋੜ ਰੁਪਏ ਦੇ 7 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ। ਅੰਕੜਿਆਂ ਮੁਤਾਬਕ 2021 ਦੇ ਅੰਤ ਤੱਕ ਸਵਿਸ ਬੈਂਕਾਂ 'ਤੇ ਭਾਰਤੀ ਗਾਹਕਾਂ ਦੀ ਕੁੱਲ ਦੇਣਦਾਰੀ 383.19 ਕਰੋੜ ਸਵਿਸ ਫਰੈਂਕ ਹੈ। ਇਸ ਵਿੱਚੋਂ 60.20 ਕਰੋੜ ਸਵਿਸ ਫਰੈਂਕ ਗਾਹਕਾਂ ਦੀ ਜਮ੍ਹਾਂ ਰਾਸ਼ੀ ਦੇ ਰੂਪ 'ਚ ਹਨ, ਜਦਕਿ 122.5 ਕਰੋੜ ਸਵਿਸ ਫਰੈਂਕ ਹੋਰ ਬੈਂਕਾਂ ਰਾਹੀਂ ਰੱਖੇ ਗਏ ਹਨ ਅਤੇ 30 ਲੱਖ ਸਵਿਸ ਫਰੈਂਕ ਟਰੱਸਟਾਂ ਆਦਿ ਰਾਹੀਂ ਹਨ।
ਕੀ ਕਾਲੇ ਧਨ ਦੀ ਮੌਜੂਦਗੀ ਨੂੰ ਦਰਸ਼ਾਉਂਦੇ ਹਨ ਇਹ ਅੰਕੜੇ?
ਇਹ ਅੰਕੜੇ ਸਵਿਟਜ਼ਰਲੈਂਡ ਦੇ ਬੈਂਕਾਂ ਨੇ SNB ਨੂੰ ਦਿੱਤੇ ਹਨ। ਇਹ ਸਵਿਸ ਬੈਂਕਾਂ 'ਚ ਭਾਰਤੀਆਂ ਦੇ ਕਥਿਤ ਕਾਲੇ ਧਨ ਨੂੰ ਨਹੀਂ ਦਰਸਾਉਂਦੇ ਹਨ। ਇਨ੍ਹਾਂ ਅੰਕੜਿਆਂ 'ਚ ਇਹ ਵੀ ਸ਼ਾਮਲ ਨਹੀਂ ਹੈ ਕਿ ਭਾਰਤੀਆਂ, ਪ੍ਰਵਾਸੀ ਭਾਰਤੀਆਂ ਜਾਂ ਹੋਰਾਂ ਦਾ ਸਵਿਸ ਬੈਂਕਾਂ 'ਚ ਕਿਸੇ ਤੀਜੇ ਦੇਸ਼ ਦੀਆਂ ਸੰਸਥਾਵਾਂ ਦੇ ਨਾਮ 'ਤੇ ਪੈਸਾ ਹੋ ਸਕਦਾ ਹੈ। ਸਵਿਸ ਸਰਕਾਰ ਹਾਲਾਂਕਿ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਜਮ੍ਹਾ ਭਾਰਤੀਆਂ ਦੇ ਪੈਸੇ ਨੂੰ 'ਕਾਲਾ ਧਨ' ਨਹੀਂ ਮੰਨਦੀ। ਸਵਿਟਜ਼ਰਲੈਂਡ ਦਾ ਕਹਿਣਾ ਹੈ ਕਿ ਉਸ ਨੇ ਟੈਕਸ ਚੋਰੀ ਵਿਰੁੱਧ ਲੜਾਈ 'ਚ ਭਾਰਤ ਦਾ ਹਮੇਸ਼ਾ ਸਰਗਰਮੀ ਨਾਲ ਸਮਰਥਨ ਕੀਤਾ ਹੈ।
ਸਵਿਟਜ਼ਰਲੈਂਡ 'ਚ ਪੈਸਾ ਜਮ੍ਹਾ ਕਰਵਾਉਣ 'ਚ 44ਵੇਂ ਨੰਬਰ 'ਤੇ ਹੈ ਭਾਰਤ
ਅੰਕੜਿਆਂ ਮੁਤਾਬਕ ਜੇਕਰ ਵਿਦੇਸ਼ੀ ਗਾਹਕਾਂ ਦੀ ਗੱਲ ਕਰੀਏ ਤਾਂ ਬ੍ਰਿਟੇਨ ਦੇ ਸਵਿਸ ਬੈਂਕਾਂ 'ਚ 379 ਅਰਬ ਸਵਿਸ ਫਰੈਂਕ ਜਮ੍ਹਾ ਹਨ, ਜੋ ਕਿ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਅਮਰੀਕੀ ਗਾਹਕਾਂ ਦੇ ਸਵਿਸ ਬੈਂਕਾਂ 'ਚ 168 ਅਰਬ ਸਵਿਸ ਫਰੈਂਕ ਹਨ। 100 ਅਰਬ ਤੋਂ ਵੱਧ ਜਮ੍ਹਾ ਵਾਲੇ ਗਾਹਕਾਂ ਦੀ ਸੂਚੀ 'ਚ ਸਿਰਫ਼ ਅਮਰੀਕਾ ਅਤੇ ਬ੍ਰਿਟੇਨ ਸ਼ਾਮਲ ਹਨ। ਇਸ ਦੇ ਨਾਲ ਹੀ ਸਵਿਸ ਬੈਂਕਾਂ 'ਚ ਪੈਸਾ ਰੱਖਣ ਵਾਲੇ ਟਾਪ-10 ਦੇਸ਼ਾਂ ਦੀ ਸੂਚੀ 'ਚ ਵੈਸਟਇੰਡੀਜ਼, ਜਰਮਨੀ, ਫ਼ਰਾਂਸ, ਸਿੰਗਾਪੁਰ, ਹਾਂਗਕਾਂਗ, ਬਹਾਮਾ, ਨੀਦਰਲੈਂਡ, ਕੇਮਨ ਆਈਲੈਂਡ ਅਤੇ ਸਾਈਪ੍ਰਸ ਸ਼ਾਮਲ ਹਨ। ਇਸ ਸੂਚੀ 'ਚ ਭਾਰਤ ਦਾ ਨੰਬਰ ਪੋਲੈਂਡ, ਦੱਖਣੀ ਕੋਰੀਆ, ਸਵੀਡਨ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਪਹਿਲਾਂ 44ਵਾਂ ਹੈ।