Vegetable and Fruits rate: ਮਹਿੰਗਾਈ ਦੀ ਮਾਰ! ਫਲ-ਸਬਜ਼ੀਆਂ ਆਮ ਆਦਮੀ ਦੇ ਵੱਸੋਂ ਬਾਹਰ, ਰਸੋਈ ਦਾ ਬਜਟ ਹਿੱਲਿਆ
ਡਾਕਟਰ ਹਮੇਸ਼ਾਂ ਹਰੀਆਂ ਸਬਜ਼ੀਆਂ ਤੇ ਫਲ ਖਾਣ ਦੀ ਸਲਾਹ ਦਿੰਦੇ ਹਨ। ਦੂਜੇ ਪਾਸੇ ਬਾਜ਼ਾਰਾਂ ਅੰਦਰ ਫਲਾਂ ਤੇ ਸਬਜ਼ੀਆਂ ਦੇ ਰੇਟ ਆਸਮਾਨੀ ਚੜ੍ਹੇ ਹੋਏ ਹਨ।
Vegetable and Fruits rate: ਡਾਕਟਰ ਹਮੇਸ਼ਾਂ ਹਰੀਆਂ ਸਬਜ਼ੀਆਂ ਤੇ ਫਲ ਖਾਣ ਦੀ ਸਲਾਹ ਦਿੰਦੇ ਹਨ। ਦੂਜੇ ਪਾਸੇ ਬਾਜ਼ਾਰਾਂ ਅੰਦਰ ਫਲਾਂ ਤੇ ਸਬਜ਼ੀਆਂ ਦੇ ਰੇਟ ਆਸਮਾਨੀ ਚੜ੍ਹੇ ਹੋਏ ਹਨ। ਹਾਲਾਤ ਇਹ ਹਨ ਕਿ ਆਮ ਬੰਦੇ ਨੂੰ ਫਲ-ਸਬਜ਼ੀਆਂ ਖਰੀਦਣ ਲਈ 100 ਵਾਰ ਸੋਚਣਾ ਪੈਂਦਾ ਹੈ। ਦੂਜੇ ਪਾਸੇ ਸਰਕਾਰੀ ਅੰਕੜੇ ਦਾਅਵਾ ਕਰ ਰਹੇ ਹਨ ਕਿ ਮਹਿੰਗਾਈ ਹੇਠਾਂ ਆ ਗਈ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਮੌਸਮ ਵਿੱਚ ਆਏ ਬਦਲਾਅ ਕਾਰਨ ਸਬਜ਼ੀਆਂ ਦੇ ਭਾਅ ਵਿੱਚ ਤੇਜ਼ੀ ਆਈ ਹੈ। ਇਸ ਕਰਕੇ ਲੋਕਾਂ ਦੀ ਰਸੋਈ ਦਾ ਗਣਿਤ ਵਿਗੜਨ ਲੱਗਾ ਹੈ। ਖ਼ਾਸ ਕਰਕੇ ਅਦਰਕ, ਲੱਸਣ, ਨਿੰਬੂ, ਭਿੰਡੀ, ਲੋਭੀਏ ਦੀਆਂ ਫਲੀਆਂ ਤੇ ਟੀਂਡੇ ਆਦਿ ਦਾ ਭਾਅ ਤਾਂ ਖਪਤਕਾਰਾਂ ਦੀ ਜੇਬ ’ਤੇ ਭਾਰੂ ਪੈ ਰਿਹਾ ਹੈ। ਇਸੇ ਤਰ੍ਹਾਂ ਫਲਾਂ ਦੇ ਰੇਟ ਵੀ ਅਸਮਾਨੀ ਚੜ੍ਹੇ ਹੋਏ ਹਨ।
ਪੰਜਾਬ ਦੀਆਂ ਕਈ ਸਬਜ਼ੀ ਮੰਡੀਆਂ ਵਿੱਚ ਅਦਰਕ 200 ਰੁਪਏ ਕਿਲੋ, ਲੱਸਣ 100 ਰੁਪਏ, ਨਿੰਬੂ 130 ਰੁਪਏ, ਲੋਭੀਏ ਦੀਆਂ ਫਲੀਆਂ 100 ਰੁਪਏ, ਟੀਂਡੇ 70 ਰੁਪਏ, ਭਿੰਡੀ 80 ਰੁਪਏ, ਮਟਰ 80 ਰੁਪਏ, ਅਰਬੀ 60 ਰੁਪਏ, ਗਾਜਰ 40 ਰੁਪਏ, ਟਮਾਟਰ 35 ਰੁਪਏ, ਪਿਆਜ਼ 25 ਰੁਪਏ, ਆਲੂ 25 ਰੁਪਏ, ਕੱਦੂ 20 ਰੁਪਏ, ਕਰੇਲਾ 30 ਰੁਪਏ, ਖੀਰਾ 20 ਰੁਪਏ, ਕੱਕੜੀ 30 ਰੁਪਏ, ਤੋਰੀ 35 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ।
ਇਸੇ ਤਰ੍ਹਾਂ ਫਲ਼ਾਂ ਦੇ ਭਾਅ ’ਚ ਵੀ ਤੇਜ਼ੀ ਆਈ ਹੈ। ਬਾਜ਼ਾਰਾਂ ਅੰਦਰ ਆਲੂ ਬੁਖਾਰਾ 400 ਰੁਪਏ, ਸੇਬ 100-250 ਰੁਪਏ, ਅੰਬ 100-150 ਰੁਪਏ, ਪਪੀਤਾ 60 ਰੁਪਏ, ਮੌਸਮੀ 70 ਰੁਪਏ, ਅੰਗੂਰ 80-100 ਰੁਪਏ, ਕੇਲਾ 50 ਰੁਪਏ, ਅਨਾਰ 100 ਰੁਪਏ , ਅਮਰੂਦ 100-150 ਰੁਪਏ ਪ੍ਰਤੀ ਕਿੱਲੋ ਤੇ ਨਾਰੀਅਲ 65 ਰੁਪਏ ਪ੍ਰਤੀ ਨਗ ਅਤੇ ਕੀਵੀ 50 ਰੁਪਏ ਪ੍ਰਤੀ ਨਗ ਵਿਕ ਰਹੀ ਹੈ।
ਸਬਜ਼ੀਆਂ ਦੇ ਭਾਅ ’ਚ ਆਈ ਤੇਜ਼ੀ ਕਾਰਨ ਘਰੇਲੂ ਔਰਤਾਂ ਦਾ ਬਜਟ ਵਿਗੜ ਗਿਆ ਹੈ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਅਜੇ ਸਥਾਨਕ ਸਬਜ਼ੀਆਂ ਦੀ ਆਮਦ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ। ਇਸ ਦੇ ਨਾਲ ਹੀ ਬਾਹਰੋਂ ਆ ਰਹੀਆਂ ਸਬਜ਼ੀਆਂ ਵੀ ਮੰਗ ਮੁਤਾਬਕ ਨਹੀਂ ਆ ਰਹੀਆਂ। ਸਥਾਨਕ ਸਬਜ਼ੀਆਂ ਦੀ ਆਮਦ ਨੂੰ ਅਜੇ 15-20 ਦਿਨ ਲੱਗਣਗੇ, ਉਦੋਂ ਤੱਕ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਦੂਜੇ ਰਾਜਾਂ ਜਾਂ ਪੰਜਾਬ ਵਿੱਚੋਂ ਵੀ ਦੂਰੋਂ ਆਉਂਦੀਆਂ ਸਬਜ਼ੀਆਂ ਦਾ ਭਾੜਾ ਜ਼ਿਆਦਾ ਹੋਣ ਕਾਰਨ ਆਮਦ ਵੀ ਘੱਟ ਹੈ। ਉਸ ਨੇ ਦੱਸਿਆ ਕਿ ਵਧ ਰਹੇ ਤਾਪਮਾਨ ਕਾਰਨ ਫ਼ਲਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਜਿਹੇ ’ਚ ਕਈ ਲੋਕ ਫ਼ਲ ਖ਼ਰੀਦਣ ਤੋਂ ਕੰਨੀ ਕਤਰਾਉਣ ਲੱਗੇ ਹਨ।