Ludhiana: ਲੁਧਿਆਣਾ 'ਚ ਨੀਲੇ ਡਰੰਮ 'ਚ ਮਿਲੀ ਲਾਸ਼, ਗਲੇ ਤੇ ਪੈਰਾਂ 'ਚ ਬੰਨੀ ਹੋਈ ਰੱਸੀ, ਮੱਚਿਆ ਹੜਕੰਪ, ਪੁਲਿਸ ਕਰ ਰਹੀ ਜਾਂਚ
ਨੀਲਾ ਡਰੰਮ ਇੱਕ ਵਾਰ ਫਿਰ ਤੋ ਸੁਰਖੀਆਂ ਦੇ ਵਿੱਚ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਨੀਲੇ ਡਰੰਮ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਪਲਾਸਟਿਕ ਦੇ ਬੋਰੇ ਵਿੱਚ ਲਪੇਟੀ ਹੋਈ ਸੀ।

Dead Body Found in Blue Drum in Ludhiana: ਨੀਲਾ ਡਰੰਮ ਇੱਕ ਵਾਰ ਫਿਰ ਤੋ ਸੁਰਖੀਆਂ ਦੇ ਵਿੱਚ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਨੀਲੇ ਡਰੰਮ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਪਲਾਸਟਿਕ ਦੇ ਬੋਰੇ ਵਿੱਚ ਲਪੇਟੀ ਹੋਈ ਸੀ। ਵਿਅਕਤੀ ਦੇ ਪੈਰ ਅਤੇ ਗਲੇ ਵਿੱਚ ਰੱਸੀ ਬੰਨੀ ਹੋਈ ਸੀ। ਇਲਾਕੇ ਵਿੱਚ ਬਦਬੂ ਆਉਣ 'ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਥਾਣਾ ਡਿਵੀਜ਼ਨ ਨੰਬਰ 6 ਦੀ ਐਸ.ਐਚ.ਓ. ਕੁਲਵੰਤ ਕੌਰ ਮੁਤਾਬਕ, ਮ੍ਰਿਤਕ ਵਿਅਕਤੀ ਪਰਦੇਸੀ ਲੱਗਦਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਸਰੀਰ 'ਤੇ ਕੋਈ ਵੱਡੀ ਚੋਟ ਦੇ ਨਿਸ਼ਾਨ ਨਹੀਂ ਮਿਲੇ, ਪਰ ਲਾਸ਼ ਦੀ ਹਾਲਤ ਕਾਫੀ ਖਰਾਬ ਹੈ।
ਪੁਲਿਸ ਨੇ ਤਿਆਰ ਕੀਤੀ ਡਰੰਮ ਕੰਪਨੀਆਂ ਦੀ ਲਿਸਟ
ਲੁਧਿਆਣਾ ਸ਼ਹਿਰ ਵਿੱਚ ਕਰੀਬ 42 ਅਜਿਹੀਆਂ ਕੰਪਨੀਆਂ ਹਨ ਜਿੱਥੇ ਡਰੰਮ ਤਿਆਰ ਕੀਤੇ ਜਾਂਦੇ ਹਨ। ਪੁਲਿਸ ਨੇ ਇਨ੍ਹਾਂ ਡਰੰਮ ਕੰਪਨੀਆਂ ਦੀ ਲਿਸਟ ਤਿਆਰ ਕਰ ਲਈ ਹੈ। ਪੁਲਿਸ ਨੂੰ ਜੋ ਡਰੰਮ ਮਿਲਿਆ ਹੈ, ਉਹ ਬਿਲਕੁਲ ਨਵਾਂ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਤਲ ਪੂਰੀ ਯੋਜਨਾ ਅਨੁਸਾਰ ਕੀਤਾ ਗਿਆ ਹੈ। ਕਤਲ ਤੋਂ ਪਹਿਲਾਂ ਹੀ ਇਹ ਡਰੰਮ ਤਾਜਾ ਖਰੀਦਿਆ ਗਿਆ ਸੀ।
ਪੁਲਿਸ ਵੱਲੋਂ 5 ਕਿਲੋਮੀਟਰ ਤੱਕ ਦਾ ਇਲਾਕਾ ਚੈਕ
ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਲਗਭਗ 5 ਕਿਲੋਮੀਟਰ ਤੱਕ ਦਾ ਇਲਾਕਾ ਚੈਕ ਕਰਨਾ ਸ਼ੁਰੂ ਕਰ ਦਿੱਤਾ ਹੈ। ਸੀ.ਸੀ.ਟੀ.ਵੀ. ਫੁਟੇਜ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ ਸਿਟੀ ਕੈਮਰਿਆਂ ਦੀ ਵੀ ਮਦਦ ਲੈ ਰਹੀ ਹੈ। ਨਾਲ ਹੀ ਰੇਲਵੇ ਸਟੇਸ਼ਨ ਤੇ ਬਸ ਅੱਡੇ ਦੇ ਕੈਮਰੇ ਵੀ ਚੈਕ ਕਰਵਾਏ ਜਾ ਰਹੇ ਹਨ। ਲਾਡੋਵਾਲ ਟੋਲ ਪਲਾਜ਼ਾ ਤੋਂ ਲੈ ਕੇ ਸ਼ੇਰਪੁਰ ਤੱਕ ਦੇ ਰੂਟ ਮੈਪ ਨੂੰ ਪੁਲਿਸ ਟ੍ਰੈਕ ਕਰ ਰਹੀ ਹੈ। ਕੁਝ ਸ਼ੱਕੀ ਵਾਹਨਾਂ ਦੇ ਨੰਬਰ ਵੀ ਪੁਲਿਸ ਵੱਲੋਂ ਚੈਕ ਕੀਤੇ ਜਾ ਰਹੇ ਹਨ।
ਥਾਣਾ ਡਿਵੀਜ਼ਨ ਨੰਬਰ 6 ਦੀ ਐਸਐਚਓ ਕੁਲਵੰਤ ਕੌਰ ਨੇ ਕਿਹਾ ਕਿ ਕਈ ਡਰੰਮ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਘਟਨਾ ਵਾਲੀ ਥਾਂ ਦੇ ਆਸ-ਪਾਸ ਕਾਫੀ ਪਰਦੇਸੀ ਲੋਕ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਚਿਹਰੇ ਤੋਂ ਪਰਦੇਸੀ ਲੱਗ ਰਿਹਾ ਹੈ। ਉਸ ਦੇ ਸਰੀਰ 'ਤੇ ਇਸ ਵੇਲੇ ਤੱਕ ਕਿਸੇ ਵੀ ਤਰ੍ਹਾਂ ਦੇ ਜ਼ਖ਼ਮ ਜਾਂ ਨਿਸ਼ਾਨ ਨਹੀਂ ਮਿਲੇ। ਹਾਲਾਂਕਿ ਲਾਸ਼ ਦੀ ਹਾਲਤ ਕਾਫੀ ਖਰਾਬ ਹੈ। ਪੋਸਟਮਾਰਟਮ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਕਿਸ ਹਾਲਤ ਵਿੱਚ ਮੌਤ ਹੋਈ।






















