ਕੁਵੈਤ ਤੋਂ ਭਾਰਤ ਆਇਆ, ਪੁਲਿਸ ਨੇ ਨਹੀਂ ਕੀਤੀ ਮਦਦ, ਫਿਰ ਪਿਤਾ ਨੇ ਫ਼ਿਲਮੀ ਅੰਦਾਜ਼ 'ਚ ਬੇਟੀ ਦੀ ਪੱਤ ਰੋਲਣ ਵਾਲੇ ਤੋਂ ਲਿਆ ਬਦਲਾ!
ਧੀ ਨਾਲ ਬਰਬਰਤਾ ਕਰਨ ਵਾਲੇ ਦੋਸ਼ੀਆਂ ਤੋਂ ਬਦਲਾ ਲੈਣ ਦੀਆਂ ਕਹਾਣੀਆਂ ਹਰ ਕਿਸੇ ਨੇ ਫਿਲਮਾਂ ਦੇ ਵਿੱਚ ਹੀ ਦੇਖੀਆਂ ਹੋਣੀਆਂ, ਪਰ ਇੱਕ ਪਿਓ ਨੇ ਅਸਲ ਜ਼ਿੰਦਗੀ 'ਚ ਫ਼ਿਲਮੀ ਅੰਦਾਜ਼ ਦੇ ਨਾਲ ਆਪਣੀ ਧੀ ਨੂੰ ਇਨਸਾਫ ਦਿਵਾਉਣ ਦੇ ਲਈ ਦੋਸ਼ੀ ਨੂੰ ਆਪਣੇ ਹੱਥਾਂ..
Andhra Man Killed Relative: ਹਾਲੀਵੁੱਡ ਫਿਲਮ ਟੇਕਨ ਦੀ ਕਹਾਣੀ ਹੈ, ਜਿਸ ਵਿੱਚ ਫਿਲਮ ਦਾ ਪਾਤਰ ਬ੍ਰਾਇਨ ਮਿਲਸ ਆਪਣੀ ਨਾਬਾਲਗ ਧੀ ਅਤੇ ਉਸਦੇ ਦੋਸਤ ਨੂੰ ਮਨੁੱਖੀ ਤਸਕਰਾਂ ਦੇ ਚੁੰਗਲ ਤੋਂ ਬਚਾਉਣ ਲਈ ਸੰਘਰਸ਼ ਕਰਦਾ ਹੈ ਅਤੇ ਆਖਰਕਾਰ ਅਗਵਾਕਾਰਾਂ ਨੂੰ ਮਾਰ ਦਿੰਦਾ ਹੈ। ਪਰ ਰੀਲ ਦੀ ਦੁਨੀਆ ਤੋਂ ਇਲਾਵਾ ਅਸਲ ਜ਼ਿੰਦਗੀ 'ਚ ਵੀ ਇਸ ਫਿਲਮ ਦੀ ਸਕ੍ਰਿਪਟ ਨਾਲ ਮਿਲਦੀ-ਜੁਲਦੀ ਘਟਨਾ ਵਾਪਰੀ ਹੈ।
ਰਿਸ਼ਤੇਦਾਰ ਨੇ ਧੀ ਦਾ ਕੀਤਾ ਸੀ ਜਿਨਸੀ ਸ਼ੋਸ਼ਣ
ਦਰਅਸਲ ਆਂਧਰਾ ਪ੍ਰਦੇਸ਼ ਦੇ ਇਕ ਵਿਅਕਤੀ ਅੰਜਨੇਯਾ ਪ੍ਰਸਾਦ ਨੇ ਆਪਣੇ ਰਿਸ਼ਤੇਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਦੋਸ਼ ਲਾਇਆ ਸੀ ਕਿ ਉਸ ਦੇ ਰਿਸ਼ਤੇਦਾਰ ਨੇ ਉਸ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਰਾਜਮਪੇਟ ਦੇ ਉਪ-ਮੰਡਲ ਪੁਲਿਸ ਅਧਿਕਾਰੀ ਐਨ ਸੁਧਾਕਰ ਨੇ ਦੱਸਿਆ ਕਿ ਅੰਜਨੇਯਾ ਪ੍ਰਸਾਦ, ਜੋ ਹਾਲ ਹੀ ਵਿੱਚ ਕੁਵੈਤ ਤੋਂ ਪਰਤਿਆ ਸੀ, ਨੇ ਆਪਣੀ ਧੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਆਪਣੇ ਸਰੀਰਕ ਤੌਰ 'ਤੇ ਅਪਾਹਜ ਰਿਸ਼ਤੇਦਾਰ ਪੀ ਅੰਜਨੇਯੁਲੂ (59) ਨੂੰ ਲੋਹੇ ਦੀ ਰਾਡ ਨਾਲ ਕੁੱਟ-ਮਾਰ ਕਰਕੇ ਕਤਲ ਕਰ ਦਿੱਤਾ।
ਪੁਲਿਸ ਭਾਲ ਕਰ ਰਹੀ ਹੈ
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦੇ ਓਬੂਲਾਵਰੀਪੱਲੀ ਵਿੱਚ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਪ੍ਰਸਾਦ ਕੁਵੈਤ ਪਰਤਿਆ ਅਤੇ ਇੱਕ ਵੀਡੀਓ ਜਾਰੀ ਕਰਕੇ ਜੁਰਮ ਕਬੂਲ ਕਰ ਲਿਆ। ਵੀਡੀਓ ਵਿੱਚ ਉਸਨੇ ਦਾਅਵਾ ਕੀਤਾ ਕਿ ਪੁਲਿਸ ਉਸਦੀ ਧੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਇਸ ਦੌਰਾਨ ਪੁਲਿਸ ਨੇ ਪ੍ਰਸਾਦ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ।
ਅੰਜਨੇਯਾ ਅਤੇ ਉਸਦੀ ਪਤਨੀ ਚੰਦਰਕਲਾ ਕੁਵੈਤ ਵਿੱਚ ਕੰਮ ਕਰਦੇ ਸਨ, ਜਦੋਂ ਕਿ ਉਨ੍ਹਾਂ ਦੀ 12 ਸਾਲ ਦੀ ਧੀ ਆਪਣੇ ਦਾਦਾ-ਦਾਦੀ ਨਾਲ ਰਹਿ ਰਹੀ ਸੀ। ਇਸ ਤੋਂ ਬਾਅਦ ਨਾਬਾਲਗ ਆਪਣੀ ਮਾਂ ਦੀ ਭੈਣ ਲਕਸ਼ਮੀ ਅਤੇ ਪਤੀ ਨਾਲ ਰਹਿਣ ਲੱਗੀ।
ਕਿਸ ਨੇ ਕੀਤਾ ਨਾਬਾਲਗ ਦਾ ਜਿਨਸੀ ਸ਼ੋਸ਼ਣ?
ਆਪਣੀ ਮਾਸੀ ਲਕਸ਼ਮੀ ਦੇ ਘਰ ਰਹਿਣ ਦੌਰਾਨ ਲਕਸ਼ਮੀ ਦੇ ਸਹੁਰੇ ਨੇ ਉਸ ਨਾਲ ਕਥਿਤ ਤੌਰ 'ਤੇ ਛੇੜਛਾੜ ਕੀਤੀ ਜਦੋਂ ਉਹ ਸੌਂ ਰਹੀ ਸੀ। ਜਦੋਂ ਉਸ ਨੇ ਆਪਣੀ ਮਾਸੀ ਨੂੰ ਘਟਨਾ ਬਾਰੇ ਦੱਸਿਆ ਤਾਂ ਉਸ ਨੂੰ ਚੁੱਪ ਰਹਿਣ ਲਈ ਕਿਹਾ ਗਿਆ। ਅੰਜਨੇਯਾ ਨੇ ਦੱਸਿਆ ਕਿ ਲਕਸ਼ਮੀ ਨੇ ਉਸ ਨੂੰ ਬੁਲਾਇਆ ਅਤੇ ਘਰ ਦੇ ਤਣਾਅ ਕਾਰਨ ਉਸ ਦੀ ਧੀ ਨੂੰ ਘਰ ਲੈ ਜਾਣ ਲਈ ਬੇਨਤੀ ਕੀਤੀ। ਇਸ ਤੋਂ ਬਾਅਦ ਅੰਜਨੇਯਾ ਕੁਵੈਤ ਤੋਂ ਵਾਪਸ ਆ ਗਿਆ ਅਤੇ ਜਿਵੇਂ ਹੀ ਉਹ ਆਪਣੀ ਧੀ ਨੂੰ ਮਿਲਿਆ, ਉਸਨੇ ਆਪਣੀ ਸਾਰੀ ਹੱਡ ਬੀਤੀ ਸੁਣਾ ਦਿੱਤੀ ।
ਇਸ ਤੋਂ ਬਾਅਦ ਅੰਜਨੇਯਾ ਦੀ ਪਤਨੀ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਦ ਸਟੇਟਸਮੈਨ ਦੀ ਰਿਪੋਰਟ ਅਨੁਸਾਰ ਅੰਜਨੇਯਾ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਅੰਜਨੇਯਾ ਨੇ ਕੁਝ ਨਹੀਂ ਦੇਖਿਆ ਅਤੇ ਦੋਸ਼ੀ ਦਾ ਕਤਲ ਕਰ ਦਿੱਤਾ।