ਗੁਜਰਾਤ ਏਟੀਐੱਸ ਨੂੰ ਚਕਮਾ ਦੇ ਹੈਰੋਇਨ ਸਣੇ ਫਰਾਰ ਸਮੱਗਲਰਾਂ ਦਾ ਸਾਥੀ ਅੰਮ੍ਰਿਤਸਰ 'ਚ ਗ੍ਰਿਫ਼ਤਾਰ
ਏਟੀਐੱਸ ਗੁਜਰਾਤ ਦੀ ਟੀਮ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਾਲੇ ਇੰਟਰਸਟੇਟ ਸਮੱਗਲਰਾਂ ਦੇ ਇੱਕ ਸਾਥੀ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਦੋ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਅੰਮ੍ਰਿਤਸਰ: ਗੁਜਰਾਤ ਦੇ ਦਵਾਰਕਾ ਸਮੁੰਦਰੀ ਪੋਰਟ ਤੋਂ 126 ਕਿਲੋ ਹੈਰੋਇਨ ਸਣੇ ਏਟੀਐੱਸ ਗੁਜਰਾਤ ਦੀ ਟੀਮ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਾਲੇ ਇੰਟਰਸਟੇਟ ਸਮੱਗਲਰਾਂ ਦੇ ਇੱਕ ਸਾਥੀ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਦੋ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ, ਸਪੈਸ਼ਲ ਸੈੱਲ ਵੱਲੋਂ ਸਰਹੱਦੀ ਖੇਤਰ ਘਰਿੰਡਾ ਨੇੜੇ ਕੀਤੀ ਨਾਕੇਬੰਦੀ ਦੌਰਾਨ ਉਕਤ ਸਮੱਗਲਰ ਨੂੰ ਕਾਬੂ ਕੀਤਾ ਗਿਆ ਹੈ। ਇਸ ਕੋਲੋਂ ਦੋ ਕਿੱਲੋ ਹੈਰੋਇਨ ਬਰਾਮਦ ਹੋਈ, ਜੋ ਉਸੇ 126 ਕਿੱਲੋ ਹੈਰੋਇਨ ਦੀ ਖੇਪ ਦਾ ਹਿੱਸਾ ਸੀ। ਬੀਤੇ ਦਿਨੀਂ ਗੁਜਰਾਤ ਦੀ ਏਟੀਐੱਸ ਟੀਮ ਨੂੰ ਚਕਮਾ ਦੇ ਕੇ ਸਮੱਗਲਰ ਦਵਾਰਕਾ ਪੋਰਟ ਤੋਂ ਲੈ ਕੇ ਫ਼ਰਾਰ ਹੋ ਗਏ ਸਨ ਤੇ ਵੱਖ ਵੱਖ ਹਿੱਸੇ ਕਰਕੇ ਸਮੱਗਲਰ ਵੱਖ ਹੋ ਗਏ ਸਨ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਕੀ ਜਾਣਕਾਰੀ ਛੇਤੀ ਹੀ ਪ੍ਰੈੱਸ ਕਾਨਫਰੰਸ ਸੱਦ ਕੇ ਸਾਂਝੀ ਕਰਨਗੇ। ਸਪੈਸ਼ਲ ਸੈੱਲ ਦੇ ਇੰਚਾਰਜ ਅਮਨਦੀਪ ਸਿੰਘ ਵੱਲੋਂ ਬਰਾਮਦ ਕੀਤੀ ਹੈਰੋਇਨ ਨਾਲ ਫੜੇ ਸਮੱਗਲਰ ਦੀ ਪੁੱਛਗਿੱਛ 'ਚ ਬਾਕੀ ਹੈਰੋਇਨ ਤੇ ਸਮੱਗਲਰਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਮੁਲਜ਼ਮ ਸਵਿਫਟ ਕਾਰ ਸਮੇਤ ਫਰਾਰ ਹੋ ਰਿਹਾ ਸੀ।