Travel Agent Fraud: ਟਰੈਵਲ ਏਜੰਟਾਂ ਨੇ ਕੀਤਾ ਵੱਡਾ ਫਰਾਡ, 300 ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗੇ
Punjab News: ਇਨ੍ਹਾਂ ਬੇਰੁਜਗਾਰ ਨੌਜਵਾਨਾਂ ਤੋਂ ਦੋ ਕਰੋੜ ਰੁਪਏ ਲੈ ਕੇ ਟਰੈਵਲ ਏਜੰਟ ਫ਼ਰਾਰ ਹੋ ਗਏ ਹਨ। ਇਹ ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ।
Travel Agent Fraud: ਪੰਜਾਬ ਸਰਕਾਰ ਦੀ ਸਖਤੀ ਵੀ ਰੰਗ ਨਹੀਂ ਲਿਆ ਰਹੀ। ਟਰੈਵਲ ਏਜੰਟਾਂ ਦੀ ਲੁੱਟ ਸ਼ਰੇਆਮ ਜਾਰੀ ਹੈ। ਹੁਣ ਟਰੈਵਲ ਏਜੰਟਾਂ ਵੱਲੋਂ 300 ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਬੇਰੁਜਗਾਰ ਨੌਜਵਾਨਾਂ ਤੋਂ ਦੋ ਕਰੋੜ ਰੁਪਏ ਲੈ ਕੇ ਟਰੈਵਲ ਏਜੰਟ ਫ਼ਰਾਰ ਹੋ ਗਏ ਹਨ। ਇਹ ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਟਰੈਵਲ ਏਜੰਟ 300 ਬੇਰੁਜ਼ਗਾਰਾਂ ਤੋਂ ਦੋ ਕਰੋੜ ਰੁਪਏ ਲੈ ਕੇ ਫ਼ਰਾਰ ਹੋ ਗਏ ਹਨ। ਟਰੈਵਲ ਏਜੰਟ ਆਪਣੇ ਦਫ਼ਤਰਾਂ ਨੂੰ ਜਿੰਦਰਾ ਲਾ ਕੇ ਪਾਸਪੋਰਟ ਵੀ ਲੈ ਗਏ ਹਨ। ਦਫ਼ਤਰ ਦੇ ਬਾਹਰ ਲੱਗਿਆ ਸਾਈਨ ਬੋਰਡ ਵੀ ਗਾਇਬ ਹੈ। ਇਸ ਬਾਰੇ ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਿਕਾਇਤਾਂ ਮਿਲਣ ’ਤੇ ਟਰੈਵਲ ਏਜੰਟਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਰਹੇ ਹਨ ਤੇ ਪੁਲਿਸ ਕੇਸ ਵੀ ਦਰਜ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਪਹਿਲਾਂ ਚੰਗੀ ਤਰ੍ਹਾਂ ਟਰੈਵਲ ਏਜੰਟਾਂ ਬਾਰੇ ਘੋਖ ਕਰ ਲੈਣੀ ਚਾਹੀਦੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਜੇ.ਐਲਨਚੇਜ਼ੀਅਨ ਅੱਗੇ ਠੱਗੀ ਦਾ ਸ਼ਿਕਾਰ ਹੋਏ ਕਰੀਬ 80 ਨੌਜਵਾਨਾਂ ਨੇ ਪੇਸ਼ ਹੋ ਕੇ ਆਪਣੀ ਹੱਡ ਬੀਤੀ ਸੁਣਾਈ। ਐਸਐਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਨਾਂ ਕਿਸੇ ਮੁਢਲੀ ਪੜਤਾਲ ਦੇ ਤੁਰੰਤ ਟਰੈਵਲ ਏਜੰਟ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦਾ ਹੁਕਮ ਦਿੱਤਾ।
ਥਾਣਾ ਸਿਟੀ ਪੁਲਿਸ ਨੇ ਟਰੈਵਲ ਏਜੰਟ ਭੂਵਿੰਦਰ ਜੱਸਲ ਪਿੰਡ ਕੰਡੋਲਾ ਖੁਰਦ ਜ਼ਿਲ੍ਹਾ ਜਲੰਧਰ, ਮਾਹੀ ਸ਼ਰਮਾ ਤੇ ਰਾਹੁਲ ਵਾਸੀ ਮੋਗਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮੁਲਜ਼ਮ ਇਥੇ ਇੱਕ ਵੀਜ਼ਾ ਸਿਟੀ ਆਫ਼ਿਸ ਦੇ ਨਾਮ ਉੱਤੇ ਦਫ਼ਤਰ ਚਲਾ ਰਹੇ ਸਨ। ਮੁਲਜ਼ਮਾਂ ’ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਰਬ ਤੇ ਯੂਰਪ ਦੇਸ਼ਾਂ ਵਿੱਚ ਨੌਕਰੀ ਦਾ ਲਾਰਾ ਲਗਾ ਕੇ ਠੱਗੀ ਮਾਰਨ ਦਾ ਦੋਸ਼ ਹੈ।
ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਵਧੀਆ ਭਵਿੱਖ ਦੀ ਭਾਲ ਲਈ ਮਿਹਨਤ ਦੀ ਕਮਾਈ ਤੇ ਰਿਸ਼ਤੇਦਾਰਾਂ ਕੋਲੋਂ ਪੈਸੇ ਇਕੱਠੇ ਕੀਤੇ ਸਨ। ਹੋਰ ਪੀੜਤਾਂ ਨੇ ਦੱਸਿਆ ਕਿ ਕਿਸੇ ਨੇ ਘਰ ਗਹਿਣੇ ਰੱਖ ਕੇ ਜਾਂ ਵੇਚ ਕੇ, ਕਿਸੇ ਨੇ ਜ਼ਮੀਨ ਆਦਿ ਵੇਚ ਕੇ ਪੈਸੇ ਇਕੱਠੇ ਕੀਤੇ ਸਨ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਕਲੀ ਵੀਜ਼ੇ ਦਿਖਾ ਕੇ ਮੈਡੀਕਲ ਤੇ ਟਿਕਟਾਂ ਦੇਣ ਲਈ ਟਰੈਵਲ ਏਜੰਟਾਂ ਨੇ ਸੱਦਿਆ ਸੀ ਪਰ ਜਦੋਂ ਉਹ ਪੁੱਜੇ ਤਾਂ ਦਫ਼ਤਰ ਬੰਦ ਸੀ ਤੇ ਫੋਨ ਵੀ ਬੰਦ ਆ ਰਹੇ ਸਨ।
ਐਫਆਈਆਰ ਮੁਤਾਬਕ ਮੁਲਜ਼ਮਾਂ ਉੱਤੇ ਨਕਲੀ ਵੀਜ਼ਾ ਲਵਾਉਣ ਦਾ ਦੋਸ਼ ਹੈ। ਮੁਲਜ਼ਮਾਂ ਵੱਲੋਂ ਸਥਾਨਕ ਨਿੱਜੀ ਹਸਪਤਾਲ ਵਿੱਚੋਂ ਡਾਕਟਰੀ ਜਾਂਚ ਕਰਵਾਉਣ ਦੇ ਨਾਮ ’ਤੇ 5200 ਰੁਪਏ ਵਸੂਲੇ ਜਾਂਦੇ ਸਨ। ਪੀੜਤਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਦੇ ਪਾਸਪੋਰਟ ਡਾਕ ਰਾਹੀਂ ਭੇਜਣੇ ਸ਼ੁਰੂ ਕਰ ਦਿੱਤੇ ਹਨ।