ਅੰਮ੍ਰਿਤਸਰ 'ਚ ਪੁਰਾਣੀ ਰੰਜਿਸ਼ ਦਾ ਖੂਨੀ ਖੇਡ: ਲੋਹੇ ਦੀ ਰਾਡ ਨਾਲ ਹਮਲਾ, ਇੱਕ ਨੌਜਵਾਨ ਗੰਭੀਰ ਜ਼ਖਮੀ, ਵਾਰਦਾਤ CCTV 'ਚ ਕੈਦ, ਇਲਾਕੇ 'ਚ ਤਰਥੱਲੀ, ਦੋਸ਼ੀ ਫਰਾਰ
ਅੰਮ੍ਰਿਤਸਰ ਦੇ ਅਜਨਾਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿਛਲੇ ਸ਼ਨੀਵਾਰ ਇੱਕ ਨੌਜਵਾਨ ਉੱਤੇ ਕੁੱਝ ਮੁੰਡਿਆਂ ਵੱਲੋਂ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ। ਹੁਣ ਇਸ ਘਟਨਾ ਦਾ CCTV ਸਾਹਮਣੇ ਆਇਆ ਹੈ।

ਅੰਮ੍ਰਿਤਸਰ ਦੇ ਅਜਨਾਲਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ CCTV ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਪੁਰਾਣੀ ਰੰਜਿਸ਼ ਦੇ ਕਾਰਨ ਦੋ ਨੌਜਵਾਨਾਂ 'ਤੇ ਬੇਰਹਮੀ ਨਾਲ ਹਮਲਾ ਕੀਤਾ ਗਿਆ। ਇੱਕ ਨੌਜਵਾਨ ਨੇ ਲੋਹੇ ਦੀ ਰਾਡ ਨਾਲ ਦੋਹਾਂ ਨੌਜਵਾਨਾਂ 'ਤੇ ਵਾਰ ਕੀਤੇ, ਜਿਸ ਵਿੱਚ ਨੌਜਵਾਨ ਪਰਮਜੀਤ ਸਿੰਘ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। CCTV ਪਿਛਲੇ ਸ਼ਨੀਵਾਰ ਦੀ ਹੈ, ਜਦੋਂ ਇਹ ਘਟਨਾ ਵਾਪਰੀ। ਅੱਜ ਜਦੋਂ ਇਹ CCTV ਸਾਹਮਣੇ ਆਇਆ ਤਾਂ ਪਰਿਵਾਰ ਵਾਲਿਆਂ ਨੇ ਵੀ ਮੀਡੀਆ ਨਾਲ ਗੱਲ ਕਰਕੇ ਜਾਣਕਾਰੀ ਦਿੱਤੀ।
ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਜ਼ਖਮੀ ਨੌਜਵਾਨ
ਜਖ਼ਮੀ ਨੌਜਵਾਨ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਰਾਣੀ ਦੁਸ਼ਮਨੀ ਦੇ ਕਾਰਨ ਉਹਨਾਂ ਦੇ ਪੁੱਤਰ 'ਤੇ ਜ਼ਾਨਲੇਵਾ ਹਮਲਾ ਕੀਤਾ ਗਿਆ। ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਭ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਚਸ਼ਮਦੀਦ ਦੇ ਮੁਤਾਬਕ, ਹਮਲੇ ਦੇ ਦੌਰਾਨ ਇੱਕ ਨੌਜਵਾਨ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਇੰਨਾ ਜ਼ੋਰਦਾਰ ਵਾਰ ਕੀਤਾ ਗਿਆ ਕਿ ਉਹ ਥਾਂ ਤੇ ਹੀ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਿਆ। ਸਥਾਨਕ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਨੌਜਵਾਨ ਨੂੰ ਹੋਸ਼ ਨਹੀਂ ਆ ਰਿਹਾ ਅਤੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
CCTV ਵਿੱਚ ਪੂਰੀ ਘਟਨਾ ਕੈਦ
ਘਟਨਾ ਨੇੜੇ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਵੀਡੀਓ ਫੁੱਟੇਜ ਵਿੱਚ ਸਾਫ਼ ਦਿਖ ਰਿਹਾ ਹੈ ਕਿ ਹਮਲਾਵਰ ਕਿੰਨੀ ਬੇਰਹਮੀ ਨਾਲ ਹਮਲਾ ਕਰ ਰਹੇ ਹਨ। ਫੁੱਟੇਜ ਸਾਹਮਣੇ ਆਉਣ ਦੇ ਬਾਅਦ ਇਹ ਮਾਮਲਾ ਹੁਣ ਸ਼ਹਿਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੋਕ ਖੁੱਲ੍ਹ ਕੇ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਨੂੰਨ ਵਿਆਵਸਥਾ 'ਤੇ ਸਵਾਲ ਖੜੇ ਕਰਦੀਆਂ ਹਨ।
SHO ਨੇ ਜਾਣਕਾਰੀ ਦਿੱਤੀ
ਥਾਣਾ ਅਜਨਾਲਾ ਦੇ SHO ਹਰਚੰਦ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਿਵੇਂ ਹੀ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਅਤੇ CCTV ਸਾਹਮਣੇ ਆਈ, ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ। CCTV ਫੁੱਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।






















