Amritsar News: ਕਿਸਾਨਾਂ ਨੂੰ ਇੱਟਾਂ ਮਾਰਨ ਵਾਲੇ ਬੀਜੇਪੀ ਵਰਕਰ ਕਸੂਤੇ ਫਸੇ! ਪੁਲਿਸ ਨੇ ਠੋਕਿਆ ਮੁਕੱਦਮਾ
ਅੰਮ੍ਰਿਤਸਰ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ 'ਤੇ ਇੱਟਾਂ-ਪੱਥਰ ਸੁੱਟਣ ਵਾਲੇ ਭਾਜਪਾ ਵਰਕਰਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
Amritsar News: ਅੰਮ੍ਰਿਤਸਰ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ 'ਤੇ ਇੱਟਾਂ-ਪੱਥਰ ਸੁੱਟਣ ਵਾਲੇ ਭਾਜਪਾ ਵਰਕਰਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਜਦੋਂ ਇਹ ਘਟਨਾ ਵਾਪਰੀ ਸੀ ਤਾਂ ਪੁਲਿਸ ਪ੍ਰਸ਼ਾਸਨ ਵੀ ਉਥੇ ਮੌਜੂਦ ਸੀ। ਘਟਨਾ ਤੋਂ ਬਾਅਦ ਕਿਸਾਨਾਂ ਨੇ ਅਗਲੇ ਹੀ ਦਿਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਸੀ ਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਪੂਰੀ ਘਟਨਾ ਵਿੱਚ ਅੱਧੀ ਦਰਜਨ ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ ਸੀ।
ਇਹ ਘਟਨਾ ਬੀਤੇ ਬੁੱਧਵਾਰ 17 ਅਪ੍ਰੈਲ ਦੀ ਸ਼ਾਮ ਨੂੰ ਵਾਪਰੀ ਸੀ। ਅੰਮ੍ਰਿਤਸਰ 'ਚ ਲੋਪੋਕੇ ਅਧੀਨ ਪੈਂਦੇ ਪਿੰਡ ਭੱਟੇਵਡ 'ਚ ਭਾਜਪਾ ਆਗੂ ਮੁਖਵਿੰਦਰ ਸਿੰਘ ਮਾਹਲ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਸਬੰਧੀ ਸੂਚਨਾ ਮਿਲਣ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਝੰਡੇ ਲੈ ਕੇ ਪੁੱਜ ਗਏ ਸੀ। ਇਸ ਤੋਂ ਬਾਅਦ ਪਿੰਡ ਭਿੱਟੇਵੱਡ ਦੇ ਮੁੱਖ ਭਾਜਪਾ ਪ੍ਰਚਾਰਕ ਜਗਬੀਰ ਸਿੰਘ ਤੇ ਕੇਵਲ ਸਿੰਘ ਨੇ ਕਿਸਾਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਪੁਲਿਸ ਨੇ ਨਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਦੋਵਾਂ ਖ਼ਿਲਾਫ਼ ਆਈਪੀਸੀ 1860 ਦੀ ਧਾਰਾ 323, 324, 506 ਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਘਟਨਾ ਵਾਲੇ ਦਿਨ ਪੁਲਿਸ ਮੌਕੇ 'ਤੇ ਮੌਜੂਦ ਸੀ ਪਰ ਬਹਿਸ ਦੌਰਾਨ ਦੋਵਾਂ ਧਿਰਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਧੱਕਾ-ਮੁੱਕੀ ਸ਼ੁਰੂ ਹੋ ਗਈ। ਪੁਲਿਸ ਦੋਵਾਂ ਧਿਰਾਂ ਵਿਚਕਾਰ ਦੀਵਾਰ ਬਣ ਕੇ ਖੜ੍ਹੀ ਰਹੀ ਸੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕਿਸਾਨਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਸੀ। ਘਟਨਾ ਸਮੇਂ ਕਿਸਾਨਾਂ ਨੂੰ ਬਚਾਅ ਲਈ ਭੱਜਣਾ ਪਿਆ।
ਇਸ ਘਟਨਾ ਵਿੱਚ ਗੁਰਵੇਲ ਸਿੰਘ ਢੋਲ, ਪ੍ਰਗਟ ਸਿੰਘ ਖਿਆਲ, ਬਲਕਾਰ ਸਿੰਘ ਕਾਲੇ ਘਣੂਪੁਰ ਆਦਿ ਗੰਭੀਰ ਜ਼ਖ਼ਮੀ ਹੋ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭੇਜ ਕੇ ਇਲਾਜ ਕਰਵਾਇਆ ਗਿਆ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਵਿਚਕਾਰ ਖੜ੍ਹੀ ਰਹੀ ਜਿਸ ਦਾ ਫਾਇਦਾ ਉਠਾਉਂਦਿਆਂ ਭਾਜਪਾ ਵਰਕਰਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।