ਅੰਮ੍ਰਿਤਸਰ 'ਚ ਦੌੜਣਗੀਆਂ ਈ-ਬੱਸਾਂ, 3.63 ਕਰੋੜ ਦਾ ਟੈਂਡਰ ਜਾਰੀ, 1500 ਕਰਮਚਾਰੀ ਬੇਰੋਜ਼ਗਾਰ, ਨਵਾਂ ਭਵਿੱਖ ਸ਼ੁਰੂ?
ਅੰਮ੍ਰਿਤਸਰ ‘ਚ ਸਰਕਾਰੀ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਤੇ ਵਾਤਾਵਰਣ-ਅਨੁਕੂਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ ‘ਤੇ 100 ਇਲੈਕਟ੍ਰਿਕ ਬੱਸਾਂ

ਅੰਮ੍ਰਿਤਸਰ ਸ਼ਹਿਰ ‘ਚ ਸਰਕਾਰੀ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਤੇ ਵਾਤਾਵਰਣ-ਅਨੁਕੂਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ ‘ਤੇ 100 ਨਵੀਆਂ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਪੰਜਾਬ ਬਜਟ 2025 ਵਿੱਚ ਵੀ ਇਸ ਯੋਜਨਾ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਹਕੀਕਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
3.63 ਕਰੋੜ ਦਾ ਟੈਂਡਰ ਜਾਰੀ
ਨਗਰ ਨਿਗਮ ਨੇ ਇਸ ਯੋਜਨਾ ਲਈ ਲੋੜੀਂਦੀ ਜ਼ਮੀਨ ਦੇ ਚੋਣ-ਪ੍ਰਕਿਰਿਆ ਪੂਰੀ ਕਰ ਲਈ ਹੈ। ਅਧਿਕਾਰੀਆਂ ਮੁਤਾਬਕ, ਈ-ਬੱਸਾਂ ਲਈ ਕੁੱਲ 3.63 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਬੱਸ ਡਿਪੋ, ਚਾਰਜਿੰਗ ਸਟੇਸ਼ਨ ਅਤੇ ਮੇਨਟੇਨੈਂਸ ਸੁਵਿਧਾਵਾਂ ਸ਼ਾਮਲ ਹਨ। ਇਸ ਯੋਜਨਾ ਦਾ ਮੁੱਖ ਮਕਸਦ ਸ਼ਹਿਰ ਦੇ ਆਵਾਜਾਈ ਸਿਸਟਮ ਨੂੰ ਹੋਰ ਸੁਧਾਰਨਾ ਤੇ ਪ੍ਰਦੂਸ਼ਣ ਵਿੱਚ ਕਮੀ ਲਿਆਉਣਾ ਹੈ।
ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਅਤੇ ਨਿਗਮ ਅਧਿਕਾਰੀਆਂ ਦੇ ਅਨੁਸਾਰ ਸ਼ਹਿਰ ਦੇ ਕਈ ਰੂਟਾਂ ‘ਤੇ ਪੁਰਾਣੀਆਂ ਡੀਜ਼ਲ ਬੱਸਾਂ ਦੀ ਥਾਂ ਈ-ਬੱਸਾਂ ਦੌੜਾਈਆਂ ਜਾਣਗੀਆਂ, ਤਾਂ ਜੋ ਪ੍ਰਦੂਸ਼ਣ ਘਟੇ ਅਤੇ ਯਾਤਰੀਆਂ ਨੂੰ ਹੋਰ ਸੁਵਿਧਾਜਨਕ ਯਾਤਰਾ ਮਿਲੇ।
ਜਾਣੋ ਇਸ ਪ੍ਰੋਜੈਕਟ ਨਾਲ ਕਿਹੜੀਆਂ ਸੁਵਿਧਾਵਾਂ ਮਿਲਣਗੀਆਂ
ਈ-ਬੱਸਾਂ ਸ਼ਹਿਰ ਦੇ ਭੀੜ-ਭੜਕੇ ਵਾਲੇ ਰੂਟਾਂ ‘ਤੇ ਪ੍ਰਾਥਮਿਕਤਾ ਨਾਲ ਚਲਾਈਆਂ ਜਾਣਗੀਆਂ, ਖ਼ਾਸ ਕਰਕੇ ਵਾਲ ਸਿਟੀ ਦੇ ਬਾਹਰੀ ਰਿੰਗ ਰੋਡ ‘ਤੇ। ਏਅਰਪੋਰਟ ਤੋਂ ਗੋਲਡਨ ਟੈਂਪਲ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੂੰ ਵੀ ਜੋੜਨ ਦਾ ਯੋਜਨਾ ਹੈ। ਇਸ ਤੋਂ ਇਲਾਵਾ ਗੋਲਡਨ ਗੇਟ ਤੋਂ ਇੰਡੀਆ ਗੇਟ ਅਤੇ ਵੇਰਕਾ ਤੋਂ ਏਅਰਪੋਰਟ ਤੱਕ ਦੇ ਰੂਟਾਂ ‘ਤੇ ਵੀ ਬੱਸਾਂ ਚਲਾਉਣ ਦਾ ਯੋਜਨਾ ਬਣਾਈ ਗਈ ਹੈ।
ਬੱਸਾਂ ਵਿੱਚ ਆਧੁਨਿਕ ਤਕਨਾਲੋਜੀ, GPS ਟਰੈਕਿੰਗ, ਪੈਨਿਕ ਬਟਨ, ਕੈਮਰੇ ਆਦਿ ਲਗਾਏ ਜਾਣਗੇ। ਪਹਿਲਾ ਫੇਜ਼ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਪੂਰਾ ਹੋਵੇਗਾ ਅਤੇ ਲੋਕਾਂ ਲਈ ਲਗਭਗ 40 ਬੱਸਾਂ ਚਲਾਈਆਂ ਜਾਣਗੀਆਂ। ਬੱਸਾਂ ਦੀ ਦੇਖਭਾਲ ਅਤੇ ਚਾਰਜਿੰਗ ਇੰਫਰਾਸਟਰੱਕਚਰ ਵੀ ਤਿਆਰ ਕੀਤਾ ਜਾ ਰਿਹਾ ਹੈ।
BRTS ਬੱਸਾਂ ਹੋਈਆਂ ਖਰਾਬ, ਵਾਤਾਵਰਣ ਲਈ ਸਹੀ ਨਹੀਂ
ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਨੇ ਕਿਹਾ ਕਿ ਪੁਰਾਣੀਆਂ BRTS ਬੱਸਾਂ ਕਾਫ਼ੀ ਖਰਾਬ ਹੋ ਚੁੱਕੀਆਂ ਸਨ ਅਤੇ ਉਨ੍ਹਾਂ ਤੋਂ ਪ੍ਰਦੂਸ਼ਣ ਵੀ ਵੱਧ ਰਿਹਾ ਸੀ। ਇਸ ਕਾਰਨ ਇਹ ਬੱਸਾਂ ਬੰਦ ਕਰਕੇ ਨਵਾਂ ਈ-ਬੱਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਨਵੀਆਂ ਬੱਸਾਂ ਲਈ ਮਾਲ ਮੰਡੀ ਅਤੇ ਵੇਰਕਾ ਵਿੱਚ ਚਾਰਜਿੰਗ ਪੌਇੰਟ ਅਤੇ ਪਾਰਕਿੰਗ ਵਿਕਸਿਤ ਕਰਨ ਲਈ 3 ਕਰੋੜ 63 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਅਤੇ ਇਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਭਾਟੀਆ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ
ਮੇਅਰ ਮੋਤੀ ਭਾਟੀਆ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਅਤੇ ਵਾਤਾਵਰਣ-ਅਨੁਕੂਲ ਬਣਾਉਣ ਲਈ ਪੂਰੀ ਗੰਭੀਰਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
BRTS ਪ੍ਰੋਜੈਕਟ ਬੰਦ ਹੋਣ ਨਾਲ 1500 ਕਰਮਚਾਰੀ ਬੇਰੋਜ਼ਗਾਰ ਹੋਏ
ਅੰਮ੍ਰਿਤਸਰ ਵਿੱਚ BRTS ਪ੍ਰੋਜੈਕਟ 3 ਜੁਲਾਈ 2023 ਨੂੰ ਬਿਨਾਂ ਕਿਸੇ ਸੂਚਨਾ ਦੇ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਡਰਾਈਵਰ, ਟਿਕਟ ਕਲੈਕਟਰ, ਕਲੀਨਰ, ਮਿਕੈਨੀਕ ਆਦਿ ਲਗਭਗ 1500 ਕਰਮਚਾਰੀ ਬੇਰੋਜ਼ਗਾਰ ਹੋ ਗਏ। ਕਲੈਰਿਕਲ ਸਟਾਫ ਹਾਲੇ ਵੀ ਡਿਊਟੀ ‘ਤੇ ਮੌਜੂਦ ਹੈ, ਅਤੇ ਕਈ ਬੱਸਾਂ ਵੇਰਕਾ ਡਿਪੋ ਵਿੱਚ ਧੂੜ ਛਾ ਰਹੀ ਹੈ।
ਇਸ ਸਬੰਧ ਵਿੱਚ ਬੱਸਾਂ ਚਲਾਉਣ ਦੀ ਮੰਗ ਕਰ ਰਹੇ BRTS ਏਕਤਾ ਯੂਨੀਅਨ ਦੇ ਮੈਂਬਰ ਲਗਾਤਾਰ ਮੰਤਰੀਆਂ ਅਤੇ ਆਗੂਆਂ ਨਾਲ ਮਿਲ ਰਹੇ ਸਨ, ਪਰ ਉਨ੍ਹਾਂ ਦੀਆਂ ਮੰਗਾਂ ਨੂੰ ਕੋਈ ਮਨਜ਼ੂਰ ਨਹੀਂ ਕਰ ਰਿਹਾ ਸੀ। ਸਮਾਰਟ ਸਿਟੀ ਤਹਿਤ ਅੰਮ੍ਰਿਤਸਰ ਵਿੱਚ ਇਹ ਪ੍ਰੋਜੈਕਟ ਲਿਆ ਗਿਆ ਸੀ ਅਤੇ ਇਹ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਸੀ।
ਸਰਕਾਰ ਨੇ ਇਸ ਪ੍ਰੋਜੈਕਟ ਨੂੰ ਘਾਟੇ ਦਾ ਸੌਦਾ ਕਰ ਕੇ ਬੱਸਾਂ ਚਲਾਉਣਾ ਬੰਦ ਕਰ ਦਿੱਤਾ ਸੀ, ਪਰ ਯੂਨੀਅਨ ਆਗੂਆਂ ਦੇ ਮੁਤਾਬਕ, ਸ਼ਹਿਰ ਦੇ 55-60 ਹਜ਼ਾਰ ਯਾਤਰੀ ਹਰ ਰੋਜ਼ BRTS ਬੱਸਾਂ ਵਿੱਚ ਯਾਤਰਾ ਕਰਦੇ ਸਨ। ਇਸ ਕਾਰਨ ਉਹ ਵੀ ਸੜਕਾਂ ‘ਤੇ ਆ ਗਏ, ਜਿਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵਧ ਗਈ ਸੀ।






















