ਮੁੱਖ ਸਕੱਤਰ ਪੰਜਾਬ ਦੀ ਜ਼ਿੰਮੇਵਾਰੀ ਸਾਂਭਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਕਿਹਾ - ਸਰਬਤ ਦੇ ਭਲੇ ਦੀ ਅਰਦਾਸ ਕਰਨ ਤੇ ਦਿਨ-ਰਾਤ ਇੱਕ ਕਰਕੇ ਕੰਮ....
ਮੁੱਖ ਸਕੱਤਰ ਪੰਜਾਬ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਤੋਂ ਕੁੱਝ ਹੀ ਘੰਟਿਆਂ ਬਾਅਦ ਅਨੁਰਾਗ ਵਰਮਾ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।
Amritsar news: ਮੁੱਖ ਸਕੱਤਰ ਪੰਜਾਬ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਤੋਂ ਕੁੱਝ ਹੀ ਘੰਟਿਆਂ ਬਾਅਦ ਅਨੁਰਾਗ ਵਰਮਾ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਅਸ਼ੀਰਵਾਦ ਲਿਆ।
ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਵਿੱਚ ਗਰਮਜੋਸ਼ੀ ਨਾਲ ਮੁੱਖ ਸਕੱਤਰ ਪੰਜਾਬ ਨੂੰ ਜੀ ਆਇਆਂ ਕਿਹਾ ਗਿਆ ਅਤੇ ਪੁਲਿਸ ਦੇ ਜਵਾਨਾਂ ਨੇ ਸਲਾਮੀ ਦੇ ਕੇ ਰਸਮੀ ਤੌਰ ਉੱਤੇ ਸਵਾਗਤ ਕੀਤਾ। ਵਰਮਾ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਨਵਦੀਪ ਵਰਮਾ ਅਤੇ ਪੁੱਤਰ ਆਇਨ ਵਰਮਾ ਵੀ ਨਾਲ ਸਨ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਆਈਜੀ ਨਰਿੰਦਰ ਭਾਰਗਵ, ਕਮਿਸ਼ਨਰ ਸੰਦੀਪ ਰਿਸ਼ੀ, ਡੀਸੀਪੀ ਪਰਮਿੰਦਰ ਸਿੰਘ ਭੰਡਾਲ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸਐਸਪੀ ਸ੍ਰੀ ਸਤਿੰਦਰ ਸਿੰਘ, ਐਸਡੀਐਮ ਸਿਮਰਦੀਪ ਸਿੰਘ, ਐਸਡੀਐਮ ਰਵਿੰਦਰਪਾਲ ਸਿੰਘ, ਐਸਡੀਐਮ ਅਲਕਾ ਕਾਲੀਆ, ਏਸੀਪੀ ਪ੍ਰਭਜੋਤ ਸਿੰਘ ਵਿਰਕ ਅਤੇ ਹੋਰ ਅਧਿਕਾਰੀਆਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।
ਸ੍ਰੀ ਦਰਬਾਰ ਸਾਹਿਬ ਪਹੁੰਚਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਤਾਪ ਸਿੰਘ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਹਰਜਿੰਦਰ ਸਿੰਘ ਨੇ ਮੁੱਖ ਸਕੱਤਰ ਪੰਜਾਬ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ।
ਅਨੁਰਾਗਮ ਵਰਮਾ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਰੁਮਾਲਾ ਭੇਟ ਕੀਤਾ ਅਤੇ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਨ ਕੀਤਾ।
ਇਹ ਵੀ ਪੜ੍ਹੋ: Sangrur News: CM ਮਾਨ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕਰਨ ਜਾ ਰਹੇ ਕੱਚੇ ਅਧਿਆਪਕਾਂ ਉੱਤੇ ਪੁਲਿਸ ਨੇ ਕੀਤਾ ਲਾਠੀਚਾਰਜ
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸਰਬਤ ਦੇ ਭਲੇ ਦੀ ਅਰਦਾਸ ਕਰਨ ਅਤੇ ਪੰਜਾਬ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ ਦੀ ਤਾਕਤ ਲੈਣ ਲਈ ਪਰਮਾਤਮਾ ਦਾ ਅਸ਼ੀਰਵਾਦ ਲੈਣ ਆਇਆ ਹਾਂ।
ਉਨ੍ਹਾਂ ਕਿਹਾ ਕਿ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਜਿਸ ਨੇ ਮੈਨੂੰ, ਇਕ ਸਧਾਰਨ ਅਧਿਆਪਕ ਪਰਿਵਾਰ ਵਿਚੋਂ ਹੁੰਦਿਆਂ ਇੰਨੀ ਵੱਡੀ ਜਿੰਮੇਵਾਰੀ ਬਖਸ਼ੀ ਹੈ। ਅਨੁਰਾਗ ਵਰਮਾ ਨੇ ਕਿਹਾ ਕਿ ਮੈਂ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਮੈਨੂੰ ਇੰਨੀ ਸਮਰਥਾ ਦੇਵੇ ਕਿ ਮੈਂ ਪੰਜਾਬ ਦੇ ਭਲੇ ਲਈ ਦਿਨ ਰਾਤ ਇਕ ਕਰ ਸਕਾਂ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਚੁਣੀ ਸਰਕਾਰ ਨੇ ਫੈਸਲੇ ਕਰਨੇ ਹੁੰਦੇ ਹਨ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਲਾਭ ਹਰ ਲੋੜਵੰਦ ਨੂੰ ਆਪਣੀ ਟੀਮ ਰਾਹੀਂ ਦੇ ਸਕਾਂ। ਮੇਰੀ ਟੀਮ ਦਾ ਉਪਰਾਲਾ ਰਹੇਗਾ ਕਿ ਅਸੀਂ ਸਰਕਾਰ ਦੇ ਤਰਜੀਹੀ ਖੇਤਰ ਸਿਹਤ, ਸਿੱਖਿਆ, ਅਮਨ ਕਾਨੂੰਨ, ਭਾਈਚਾਰਕ ਸਾਂਝ ਲਈ ਲਗਾਤਾਰ ਕੰਮ ਕਰੀਏ।
ਇਸ ਮਗਰੋਂ ਅਨੁਰਾਗ ਵਰਮਾ ਨੇ ਸ੍ਰੀ ਦੁਰਗਿਆਣਾ ਮੰਦਰ ਮੱਥਾ ਟੇਕਿਆ, ਜਿਥੇ ਮੰਦਰ ਕਮੇਟੀ ਦੇ ਪ੍ਰਧਾਨ ਮੈਡਮ ਲਕਸ਼ਮੀ ਕਾਂਤਾ ਚਾਵਲਾ, ਡਾਕਟਰ ਰਾਕੇਸ਼ ਕੁੰਦਰਾ ਨੇ ਵਰਮਾ ਨੂੰ ਜੀ ਆਇਆਂ ਕਿਹਾ ਅਤੇ ਮੰਦਰ ਦੇ ਮਾਡਲ ਨਾਲ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ: Punjab News: ਮਾਨ ਦੇ ਐਲਾਨ 'ਤੇ ਕੇਜਰੀਵਾਲ ਨੇ ਮਾਰੀ ਥਾਪੀ ! ਕਿਹਾ-ਪ੍ਰਾਈਵੇਟ ਤੋਂ ਸਸਤੀ ਬਿਜਲੀ ਪੈਦਾ ਕਰਕੇ ਦਿਖਾਵਾਂਗੇ