Punjab News: ਪੰਜਾਬ ਦੇ ਮੁੱਖ ਮੰਤਰੀ ਅੱਜ ਅੰਮ੍ਰਿਤਸਰ ਦੌਰੇ 'ਤੇ; ਧਮਕੀਆਂ ਵਿਚਾਲੇ ਅੱਜ ਦਰਬਾਰ ਸਾਹਿਬ ਜਾਣਗੇ CM ਮਾਨ, ਚੱਪੇ-ਚੱਪੇ 'ਤੇ ਪੁਲਿਸ
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਦਾ ਦੌਰਾ ਕਰਨਗੇ। ਜਿੱਥੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਗੋਲਡਨ ਟੈਂਪਲ ਨੂੰ ਮਿਲੀਆਂ ਧਮਕੀਆਂ ਦੇ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ।...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਮੰਗਲਵਾਰ ਵਾਲੇ ਦਿਨ ਅੰਮ੍ਰਿਤਸਰ ਪਹੁੰਚ ਰਹੇ ਹਨ। ਗੋਲਡਨ ਟੈਂਪਲ ਨੂੰ ਮਿਲੀਆਂ ਧਮਕੀਆਂ ਦੇ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਗੋਲਡਨ ਟੈਂਪਲ ਤੋਂ ਇਲਾਵਾ ਹੁਣ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਨੂੰ ਵੀ ਧਮਕੀ ਭਰੇ ਈ-ਮੇਲ ਮਿਲੇ ਹਨ। ਇਸ ਦੌਰਾਨ ਮੁੱਖ ਮੰਤਰੀ ਗੋਲਡਨ ਟੈਂਪਲ 'ਚ ਮੱਥਾ ਟੇਕਣਗੇ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕਰਨਗੇ। ਯਾਦ ਰਹੇ ਕਿ ਉਨ੍ਹਾਂ ਦੇ ਨਾ ਆਉਣ 'ਤੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਉਠਾਏ ਗਏ ਸਨ।
ਵਿਰੋਧੀ ਪਾਰਟੀਆਂ ਨੇ ਘੇਰਿਆ CM ਮਾਨ ਨੂੰ
14 ਜੁਲਾਈ ਨੂੰ ਧਮਕੀਆਂ ਮਿਲਣ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਦੇ ਸੀਨੀਅਰ ਨੇਤਾ ਗੋਲਡਨ ਟੈਂਪਲ 'ਚ ਮੱਥਾ ਟੇਕ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਆਉਣ 'ਤੇ ਸਵਾਲ ਖੜੇ ਕੀਤੇ ਸਨ। ਭਾਜਪਾ ਦੇ ਸਹਿ-ਇੰਚਾਰਜ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਰੂ ਘਰ ਨੂੰ ਮਿਲ ਰਹੀਆਂ ਧਮਕੀਆਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਤਿੰਨ ਦਿਨ ਬਾਅਦ ਜਾਗੀ ਅਤੇ ਫਿਰ ਕਾਰਵਾਈ ਦੀਆਂ ਗਤਿਵਿਧੀਆਂ ਸ਼ੁਰੂ ਹੋਈਆਂ, ਜਿਸ ਨਾਲ ਸਾਫ਼ ਹੈ ਕਿ ਰਾਜ ਸਰਕਾਰ ਗੰਭੀਰ ਲਾਪਰਵਾਹੀ ਅਤੇ ਸੁਸਤੀ ਦੀ ਹਾਲਤ ਵਿੱਚ ਹੈ।
ਇਹੀ ਨਹੀਂ, ਕਾਂਗਰਸ ਵਿਧਾਇਕ ਅਤੇ ਵਿਰੋਧੀ ਧੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸੀਐਮ ਭਗਵੰਤ ਮਾਨ ਦੇ ਅੰਮ੍ਰਿਤਸਰ ਨਾ ਆਉਣ 'ਤੇ ਸਰਕਾਰ ਨੂੰ ਘੇਰਿਆ ਸੀ।
ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਇਸ ਖੁੱਲ੍ਹੇ ਤੀਰਥ ਸਥਾਨ ’ਤੇ ਦਰਸ਼ਨ ਕਰਨ ਆਉਂਦੇ ਹਨ। ਇਹ ਇੱਕ ਅਮਨ ਅਤੇ ਸੇਵਾ ਦਾ ਕੇਂਦਰ ਹੈ। ਇੱਥੇ ਕੋਈ ਵੀ ਆਤੰਕੀ ਹਮਲਾ ਨਾ ਸਿਰਫ਼ ਬੇਅਦਬੀ ਹੋਵੇਗੀ, ਬਲਕਿ ਇਹ ਭਾਰਤ ਦੀ ਸਮਾਜਿਕ ਏਕਤਾ ਨੂੰ ਤੋੜਨ ਲਈ ਰਚੀ ਗਈ ਇੱਕ ਰਣਨੀਤਕ ਸਾਜ਼ਿਸ਼ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਨਾਲ ਪਾਰਦਰਸ਼ੀ ਸੰਵਾਦ, ਤੇਜ਼ੀ ਨਾਲ ਜਾਂਚ ਅਤੇ ਡਿਜੀਟਲ ਪਲੇਟਫ਼ਾਰਮਾਂ ਰਾਹੀਂ ਫੈਲ ਰਹੇ ਡਰ ਨੂੰ ਜੜ ਤੋਂ ਖਤਮ ਕਰਨਾ ਵੀ ਇੰਨਾ ਹੀ ਜ਼ਰੂਰੀ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇਸ ਪੂਰੇ ਮਾਮਲੇ ‘ਚ ਕੇਂਦਰ ਅਤੇ ਰਾਜ ਦੀਆਂ ਖੁਫੀਆ ਏਜੰਸੀਆਂ ਦੀ ਨਿਸ਼ਕ੍ਰਿਯਤਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਧਮਕੀਆਂ ਆਉਣ ਦੇ ਬਾਵਜੂਦ ਹੁਣ ਤੱਕ ਦੋਸ਼ੀਆਂ ਦੀ ਪਛਾਣ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ।






















