Amritsar News : ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਸਖਤੀ, ਅੰਮ੍ਰਿਤਸਰ ਜ਼ਿਲ੍ਹੇ 'ਚ ਠੋਕਿਆ ਢਾਈ ਲੱਖ ਤੋਂ ਵੱਧ ਜੁਰਮਾਨਾ
Amritsar News: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਤੱਕ 253500 ਰੁਪਏ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ ਤੇ ਟੀਮਾਂ ਲਗਾਤਾਰ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚ ਰਹੀਆਂ ਹਨ।
Amritsar News: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਤੱਕ 253500 ਰੁਪਏ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ ਤੇ ਟੀਮਾਂ ਲਗਾਤਾਰ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚ ਰਹੀਆਂ ਹਨ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ 312 ਸਥਾਨਾਂ, ਜਿੱਥੇ ਅੱਗ ਲੱਗਣ ਦੀ ਸੂਚਨਾ ਉਪਗ੍ਰਹਿ ਜਰੀਏ ਮਿਲੀ ਸੀ, ਵਿਖੇ ਜਾ ਚੁੱਕੀਆਂ ਹਨ, ਜਿਨਾਂ ਵਿੱਚੋਂ 131 ਖੇਤਾਂ ਵਿੱਚ ਅੱਗ ਲੱਗਣ ਦੀ ਪੁਸ਼ਟੀ ਹੋਈ ਤੇ ਉਕਤ ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ।
ਉਨ੍ਹਾਂ ਕਿਸਾਨਾਂ ਨੂੰ ਚੌਕਸ ਕਰਦੇ ਕਿਹਾ ਕਿ ਸਾਡੀ ਨਿਗਾਹ ਹਰ ਖੇਤ ਉਪਰ ਹੈ ਤੇ ਜੋ ਵੀ ਪਰਾਲੀ ਸਾੜੇਗਾ, ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇੱਕ ਏਕੜ ਝੋਨੇ ਦੀ ਫਸਲ ਤੋਂ ਤਕਰੀਬਨ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ ਤੇ ਇੱਕ ਟਨ ਪਰਾਲੀ ਸਾੜਨ ਨਾਲ ਅਸੀਂ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 2.5 ਕਿਲੋ ਪੋਟਾਸ਼ ਅਤੇ 12 ਕਿਲੋ ਸਲਫਰ ਦਾ ਨੁਕਸਾਨ ਕਰ ਬੈਠਦੇ ਹਾਂ।
ਇਸ ਲਈ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ, ਜ਼ਮੀਨ ’ਚ ਮਿਲਾ ਕੇ ਕਣਕ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਖਾਦਾਂ ਘੱਟ ਪਾਉਣ ਦੀ ਲੋੜ ਪੈਂਦੀ ਹੈ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵੱਧਣ ਕਾਰਨ ਫ਼ਸਲ ’ਤੇ ਕੀੜੇ-ਮਕੌੜਿਆ ਦਾ ਹਮਲਾ ਵੀ ਘੱਟ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਬਸਿਡੀ ਉੱਪਰ ਖੇਤੀ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ ਅਤੇ ਇਸ ਤੋਂ ਇਲਾਵਾ ਧਾਰਾ 144 ਤਹਿਤ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਸ ਕਿਸਾਨ ਕੋਲ ਖੇਤੀ ਮਸ਼ੀਨਰੀ ਉਪਲੱਬਧ ਹੈ, ਉਹ ਆਪਣੀ ਬਿਜਾਈ ਕਰਨ ਤੋਂ ਬਾਅਦ ਦੂਸਰੇ ਕਿਸਾਨਾਂ ਨੂੰ ਵਾਜਬ ਕੀਮਤ ’ਤੇ ਉਹ ਮਸ਼ੀਨਰੀ ਕਿਰਾਏ ’ਤੇ ਦੇਣ ਲਈ ਪਾਬੰਦ ਹੈ ਤਾਂ ਜੋ ਫਸਲੀ-ਰਹਿੰਦ ਖੂੰਹਦ ਦਾ ਨਿਪਟਾਰਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਉਡਨ ਦਸਤੇ ਵੀ ਤਿਆਰ ਕੀਤੇ ਗਏ ਹਨ ਜੋ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨਗੇ। ਉਨ੍ਹਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਨੰਬਰਦਾਰਾਂ ਦੇ ਨਾਲ ਆਮ ਜਨਤਾ ਨੂੰ ਅਪੀਲ; ਕੀਤੀ ਹੈ ਕਿ ਉਹ ਇਸ ਗੰਭੀਰ ਮੁੱਦੇ ਉਤੇ ਸਰਕਾਰ ਦਾ ਸਾਥ ਦੇਣ, ਤਾਂ ਜੋ ਜਮੀਨ ਅਤੇ ਪੌਣਪਾਣੀ ਨੂੰ ਬਚਾਇਆ ਜਾ ਸਕੇ।