Amritsar News: ਕਾਰਗੋ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਅੰਦਰ ਖੇਤੀਬਾੜੀ ਖੇਤਰ ਦੀ ਹੋ ਸਕਦੀ ਕਾਇਆ ਕਲਪ
ਪੰਜਾਬ ਦੇ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਸ਼ੁਰੂ ਹੋਣ ਨਾਲ ਖੇਤੀਬਾੜੀ ਖੇਤਰ ਦੀ ਕਾਇਆ ਕਲਪ ਹੋ ਸਕਦੀ ਹੈ। ਇਸ ਨਾਲ ਖੇਤੀ ਵਭਿੰਨਤਾ ਦੇ ਸੁਫਨੇ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਤੇ ਖੇਤੀ ਸੰਕਟ ਦਾ ਹੱਲ ਹੋ...
Amritsar News: ਪੰਜਾਬ ਦੇ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਸ਼ੁਰੂ ਹੋਣ ਨਾਲ ਖੇਤੀਬਾੜੀ ਖੇਤਰ ਦੀ ਕਾਇਆ ਕਲਪ ਹੋ ਸਕਦੀ ਹੈ। ਇਸ ਨਾਲ ਖੇਤੀ ਵਭਿੰਨਤਾ ਦੇ ਸੁਫਨੇ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਤੇ ਖੇਤੀ ਸੰਕਟ ਦਾ ਹੱਲ ਹੋ ਸਕਦਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਕਾਰਗੋ ਉਡਾਣਾਂ ਨਾਲ ਐਗਰੋ ਇੰਡਸਟਰੀ ਮਜ਼ਬੂਤ ਹੋਵੇਗੀ।
ਸ਼ਨੀਵਾਰ ਨੂੰ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਮੇਲੇ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਕਾਰਗੋ ਉਡਾਣਾਂ ਸ਼ੁਰੂ ਕਰਨਾ ਸਮੇਂ ਦੀ ਮੰਗ ਹੈ ਤੇ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਉਦਯੋਗਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਜ਼ਰੂਰੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਨੀਤੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਸਾਢੇ ਅੱਠ ਏਕੜ ਵਿਚ ਕਨਵੈਸ਼ਨ ਸੈਂਟਰ ਬਣਾਉਣ ਦੀ ਜ਼ਰੂਰਤ ਹੈ।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਇਥੇ ਲਗਾਏ ਗਏ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਮੇਲੇ ਵਿੱਚ ਸਾਮਾਨ ਦੀ ਪ੍ਰਦਰਸ਼ਨੀ ਕਰਨ ਤੇ ਸਾਮਾਨ ਵੇਚਣ ਵਾਲਿਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਦੌਰਾਨ ਪੀਐਚਡੀ ਚੈਂਬਰ ਆਫ ਕਾਮਰਸ ਐਡ ਇੰਡਸਟਰੀ ਦੇ ਪ੍ਰਧਾਨ ਸਾਕੇਤ ਡਾਲਮੀਆ ਨੇ ਪਾਈਟੈਕਸ ਮੇਲੇ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੂਡ ਪ੍ਰਾਸੈਸਿੰਗ ਉਦਯੋਗਾਂ ਨੂੰ ਉਤਸ਼ਾਹਿਤ ਕੀਤੇ ਜਾਣ ਨਾਲ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਹੱਲ ਹੋਣਗੀਆਂ।
ਉਨ੍ਹਾਂ ਕਿਹਾ ਕਿ ਸੈਰ-ਸਪਾਟਾ, ਖੇਤੀਬਾੜੀ ਤੇ ਟੈਕਸਟਾਈਲ ਪੰਜਾਬ ਦੇ ਉਦਯੋਗਾਂ ਦਾ ਮੁੱਖ ਆਧਾਰ ਹੈ। ਸਰਕਾਰ ਨੂੰ ਆਪਣੀ ਨੀਤੀ ਬਣਾਉਦੇ ਸਮੇਂ ਇਨ੍ਹਾਂ ਖੇਤਰਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਬੈਂਕਿੰਗ ਖੇਤਰ ਵਿੱਚ ਉਦਯੋਗਪਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਬੈਂਕਾਂ ਨੂੰ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਕਰਜ਼ ਦੇਣ ਵੇਲੇ ਸ਼ਰਤਾਂ ਨੂੰ ਨਰਮ ਕਰਨਾ ਚਾਹੀਦਾ ਹੈ। ਇਸ ਨਾਲ ਛੋਟੇ ਵਪਾਰੀ ਤੇ ਕਾਰੋਬਾਰੀ ਮਜ਼ਬੂਤ ਹੋਣਗੇ।
ਵਪਾਰ ਮੇਲੇ ਵਿੱਚ ਵੱਖ ਵੱਖ ਸਟਾਲਾਂ ਦੇ ਦੌਰੇ ਦੌਰਾਨ ਦੇਖਿਆ ਗਿਆ ਕਿ ਜਿਥੇ ਮੇਲਾ ਦੇਖਣ ਆਏ ਲੋਕਾਂ ਵਿੱਚ ਉਤਸ਼ਾਹ ਹੈ, ਉਥੇ ਸਟਾਲ ਮਾਲਕਾਂ ਦੇ ਚਿਹਰਿਆਂ ’ਤੇ ਵੀ ਰੌਣਕ ਹੈ। ਹਾਲ ਨੰਬਰ ਇੱਕ ਵਿੱਚ ਫਰਨੀਚਰ ਮਾਲ ਦੇ ਸੰਚਾਲਕ ਅਸਲਮ ਨੇ ਦੱਸਿਆ ਕਿ ਉਹ ਦਿੱਲੀ ਤੋਂ ਇਥੇ ਫਰਨੀਚਰ ਦਾ ਸਟਾਲ ਲਾਉਣ ਆਏ ਹਨ ਤੇ ਖਰੀਦਦਾਰਾਂ ਪਾਸੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਫਰਨੀਚਰ ਮਾਰਕੀਟ ਨਾਲੋਂ ਸਸਤਾ ਵੇਚਿਆ ਜਾਂਦਾ ਹੈ।