Amritsar News: ਦੁਸ਼ਮਣੀ ਦੀ ਹੱਦ! ਘਰ 'ਚ ਦਾਖਲ ਹੋ ਕੇ ਬੱਚੇ ਨੂੰ ਦੁੱਧ ਪਿਲਾ ਰਹੀ ਔਰਤ ਦਾ ਕਤਲ
ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਦੋ ਧਿਰਾਂ ਵਿਚਾਲੇ ਰੰਜਿਸ਼ ਕਾਰਨ 35 ਸਾਲਾ ਔਰਤ ਦਾ ਘਰ 'ਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਆਪਣੇ ਚਾਰ ਮਹੀਨੇ ਦੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ।
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਦੋ ਧਿਰਾਂ ਵਿਚਾਲੇ ਰੰਜਿਸ਼ ਕਾਰਨ 35 ਸਾਲਾ ਔਰਤ ਦਾ ਘਰ 'ਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਘਰ 'ਚ ਇਕੱਲੀ ਸੀ ਤੇ ਆਪਣੇ ਚਾਰ ਮਹੀਨੇ ਦੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ। ਬੱਚਾ ਸਹੀ ਸਲਾਮਤ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ 6 ਮੁਲਜ਼ਮ ਅਜੇ ਵੀ ਫਰਾਰ ਹਨ।
ਇਹ ਘਟਨਾ ਅੰਮ੍ਰਿਤਸਰ ਦੇ ਰਾਜਾਸਾਂਸੀ ਕਸਬੇ ਦੀ ਹੈ। ਦੋਵਾਂ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਕੰਧ ਟੱਪ ਕੇ ਭਗਵੰਤ ਉਰਫ ਮੰਨਾ ਭੱਟੀ ਦੇ ਘਰ ਦਾਖਲ ਹੋਏ। ਮੁਲਜ਼ਮਾਂ ਨੇ ਔਰਤ ਦੇ ਪਤੀ ਮੰਨਾ ਬਾਰੇ ਪੁੱਛਿਆ। ਇਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਹਰਜਿੰਦਰ ਕੌਰ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਡੀਐਸਪੀ ਕਰਨ ਸ਼ਰਮਾ, ਐਸਐਚਓ ਅਜੈਪਾਲ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਦੋ ਮੁੱਖ ਮੁਲਜ਼ਮ ਲਵ ਤੇ ਨਿਸ਼ਾਨ ਹਨ, ਜਿਨ੍ਹਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ। ਇਸ ਮਾਮਲੇ ਵਿੱਚ 6 ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਕੁਲਦੀਪ ਤੇ ਅਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀਆਂ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਪੱਖ ਦੇ ਹਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਸੀ। ਦੋ ਦਿਨ ਪਹਿਲਾਂ ਹੀ ਅਦਾਲਤ ਵਿੱਚ ਉਨ੍ਹਾਂ ਦੀ ਦੁਬਾਰਾ ਲੜਾਈ ਹੋਈ ਸੀ। ਰਾਜਾਸਾਂਸੀ ਦੇ ਮੁਲਜ਼ਮ ਲੜਕਿਆਂ ਨੇ ਰਾਤ ਨੂੰ ਪੀੜਤ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਰਾਤ ਨੂੰ ਮੁਲਜ਼ਮਾਂ ਨੇ ਪੀੜਤਾ ਨੂੰ ਫ਼ੋਨ 'ਤੇ ਲੜਾਈ ਲਈ ਬੁਲਾਇਆ ਸੀ ਪਰ ਉਸ ਦਾ ਭਰਾ ਲੜਨਾ ਨਹੀਂ ਚਾਹੁੰਦਾ ਸੀ ਤੇ ਉਹ ਸ਼ਹੀਦਾਂ ਸਾਹਿਬ ਚਲਾ ਗਿਆ। ਮੁਲਜ਼ਮਾਂ ਨੇ ਉਸ ਨੂੰ ਫੋਨ ਕਰਕੇ ਬੁਲਾਇਆ, ਜਦੋਂ ਭਰਾ ਨਹੀਂ ਆਇਆ ਤਾਂ ਮੁਲਜ਼ਮ ਘਰ ਅੰਦਰ ਦਾਖਲ ਹੋ ਗਏ। ਉਸ ਦੀ ਭਾਬੀ ਘਰ ਇਕੱਲੀ ਸੀ ਤੇ ਮੁਲਜ਼ਮਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ।
ਘਟਨਾ ਤੋਂ ਕੁਝ ਮਿੰਟ ਪਹਿਲਾਂ ਹੀ ਮ੍ਰਿਤਕ ਹਰਜਿੰਦਰ ਕੌਰ ਨੇ ਆਪਣੇ ਪਤੀ ਨੂੰ ਫੋਨ ਕੀਤਾ ਸੀ। ਮ੍ਰਿਤਕ ਨੇ ਫੋਨ 'ਤੇ ਦੱਸਿਆ ਕਿ ਦੋ ਵਿਅਕਤੀ ਕੰਧ ਟੱਪ ਕੇ ਘਰ 'ਚ ਦਾਖਲ ਹੋਏ ਹਨ। ਉਹ ਧਮਕੀਆਂ ਦੇ ਰਹੇ ਹਨ ਤੇ ਤੁਹਾਡੇ ਬਾਰੇ ਪੁੱਛ ਰਹੇ ਹਨ। ਇਸ ਮਗਰੋਂ ਮੁਲਜ਼ਮਾਂ ਨੇ ਹਰਜਿੰਦਰ ਕੌਰ ’ਤੇ ਗੋਲੀਆਂ ਚਲਾ ਦਿੱਤੀਆਂ।