Chandigarh News: ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ 591.35 ਕਰੋੜ ਦਾ ਗੱਫਾ, ਵਿਕਾਸ ਦੀ ਰਫ਼ਤਾਰ ਫੜੇਗੀ ਸਪੀਡ
Chandigarh News: ਇਸੇ ਕੜੀ ਵਿੱਚ ਕੇਂਦਰ ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ ਦੇ ਰਹਿੰਦੇ ਤਿੰਨ ਮਹੀਨਿਆਂ ਵਾਸਤੇ ਚੰਡੀਗੜ੍ਹ ਨੂੰ ਵੀ 591.35 ਕਰੋੜ ਰੁਪਏ ਦਾ ਵਾਧੂ ਬਜਟ ਅਲਾਟ ਕਰ ਦਿੱਤਾ ਹੈ। ਇਹ ਤੈਅ ਕੀਤੇ ਗਏ ਬਜਟ ਤੋਂ 9.71 ਫ਼ੀਸਦ ਵੱਧ ਹੈ।
Chandigarh News: ਕੇਂਦਰ ਸਰਕਾਰ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਾਧੂ ਬਜਟ ਦੇ ਨਾਮ ’ਤੇ ਵੱਡੇ-ਵੱਡੇ ਗਫ਼ੇ ਦਿੱਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰਾਂ ਵਿੱਚ ਰਹਿੰਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਹੋਵੇਗੀ। ਇਸੇ ਕੜੀ ਵਿੱਚ ਕੇਂਦਰ ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ ਦੇ ਰਹਿੰਦੇ ਤਿੰਨ ਮਹੀਨਿਆਂ ਵਾਸਤੇ ਚੰਡੀਗੜ੍ਹ ਨੂੰ ਵੀ 591.35 ਕਰੋੜ ਰੁਪਏ ਦਾ ਵਾਧੂ ਬਜਟ ਅਲਾਟ ਕਰ ਦਿੱਤਾ ਹੈ। ਇਹ ਤੈਅ ਕੀਤੇ ਗਏ ਬਜਟ ਤੋਂ 9.71 ਫ਼ੀਸਦ ਵੱਧ ਹੈ।
ਹਾਸਲ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਵਿੱਤੀ ਵਰ੍ਹੇ 2023-24 ਲਈ ਚੰਡੀਗੜ੍ਹ ਨੂੰ 6087.10 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ ਪਰ ਹੁਣ ਜਨਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ 591.35 ਕਰੋੜ ਰੁਪਏ ਹੋਰ ਜਾਰੀ ਕਰ ਦਿੱਤੇ ਹਨ। ਇਸ ਤਰ੍ਹਾਂ ਚੰਡੀਗੜ੍ਹ ਲਈ ਵਿੱਤ ਵਰ੍ਹੇ 2023-24 ਦਾ ਬਜਟ 6678.45 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਸ ਨਾਲ ਚੰਡੀਗੜ੍ਹ ਵਿੱਚ ਰਹਿੰਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਸਕੇਗਾ।
ਕੇਂਦਰ ਸਰਕਾਰ ਵੱਲੋਂ ਸੋਧੇ ਹੋਏ ਬਜਟ ਵਿੱਚ ਸਿੱਖਿਆ ਲਈ 19.4 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਊਰਜਾ ਦਾ 196.16 ਕਰੋੜ ਰੁਪਏ, ਹਾਊਸਿੰਗ ਤੇ ਸ਼ਹਿਰੀ ਵਿਕਾਸ ਲਈ 156.74 ਕਰੋੜ ਰੁਪਏ ਅਲਾਟ ਕੀਤੇ ਹਨ। ਸਿਹਤ ਲਈ 118.89 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸੇ ਤਰ੍ਹਾਂ ਟਰਾਂਸਪੋਰਟ ਲਈ 62.99 ਕਰੋੜ ਰੁਪਏ ਤੇ ਪੁਲਿਸ ਵਿਭਾਗ ਲਈ 79.25 ਕਰੋੜ ਰੁਪਏ ਹੋਰ ਜਾਰੀ ਕੀਤੇ ਗਏ।
ਕੇਂਦਰ ਸਰਕਾਰ ਨੇ ਵਿੱਤ ਵਰ੍ਹੇ 2023-24 ’ਚ ਚੰਡੀਗੜ੍ਹ ਲਈ ਕੁੱਲ ਬਜਟ 6087.10 ਕਰੋੜ ਰੁਪਏ ਦਾ ਪਾਸ ਕੀਤਾ ਸੀ। ਇਸ ਵਿੱਚ ਸਿੱਖਿਆ ਲਈ 1102.25 ਕਰੋੜ, ਊਰਜਾ ਲਈ 963.30 ਕਰੋੜ ਰੁਪਏ, ਹਾਊਸਿੰਗ ਤੇ ਸ਼ਹਿਰੀ ਵਿਕਾਸ ਲਈ 844.97 ਕਰੋੜ ਰੁਪਏ, ਪੁਲਿਸ ਵਿਭਾਗ ਲਈ 743.40 ਕਰੋੜ ਰੁਪਏ, ਸਿਹਤ ਲਈ 661.79 ਕਰੋੜ ਰੁਪਏ ਤੇ ਟਰਾਂਸਪੋਰਟ ਲਈ 400.68 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਇਹ ਬਜਟ ਵਿੱਤ ਵਰ੍ਹੇ 2022-23 ਨਾਲੋਂ 704.67 ਕਰੋੜ ਰੁਪਏ ਵੱਧ ਸੀ। ਵਿੱਤ ਵਰ੍ਹੇ 2022-23 ਵਿੱਚ 5382.79 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਸੀ।
ਦੱਸ ਦਈਏ ਕਿ ਪਿਛਲੇ ਵਿੱਤ ਵਰ੍ਹੇ 2022-23 ਵਿੱਚ ਕੇਂਦਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਨਵਰੀ 2023 ਵਿੱਚ 396.33 ਕਰੋੜ ਰੁਪਏ ਦਾ ਵਾਧੂ ਬਜਟ ਅਲਾਟ ਕੀਤਾ ਸੀ। ਕੇਂਦਰ ਸਰਕਾਰ ਨੇ ਪਹਿਲਾਂ ਵਿੱਤ ਵਰ੍ਹੇ 2022-23 ਵਿੱਚ 5382.79 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਸੋਧ ਕੇ 5779.12 ਕਰੋੜ ਰੁਪਏ ਕਰ ਦਿੱਤਾ ਸੀ।