ਹਾਈ ਕੋਰਟ ਦੀ ਸਾਬਕਾ ਜਸਟਿਸ ਨਿਰਮਲ ਯਾਦਵ ਬਰੀ, ਘਰ ਤੋਂ 15 ਲੱਖ ਰੁਪਏ ਕੈਸ਼ ਮਿਲਣ ਦਾ ਸੀ ਦਾਅਵਾ
Justice Nirmal Yadav: ਚੰਡੀਗੜ੍ਹ ਦੀ ਅਦਾਲਤ ਨੇ ਸਾਬਕਾ ਜੱਜ ਜਸਟਿਸ ਨਿਰਮਲ ਯਾਦਵ ਸਮੇਤ ਹੋਰ ਮੁਲਜ਼ਮਾਂ - ਰਵਿੰਦਰ ਸਿੰਘ ਭਸੀਨ, ਰਾਜੀਵ ਗੁਪਤਾ ਅਤੇ ਨਿਰਮਲ ਸਿੰਘ ਨੂੰ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

Justice Nirmal Yadav News: ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸ਼ਨੀਵਾਰ (29 ਮਾਰਚ) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਿਰਮਲ ਯਾਦਵ ਨੂੰ 2008 ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। CBI ਨੇ ਉਨ੍ਹਾਂ ਅਤੇ ਹੋਰਨਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ। ਵਧੀਕ ਸੈਸ਼ਨ ਜੱਜ ਅਲਕਾ ਮਲਿਕ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ।
ਇਸ ਦੇ ਨਾਲ ਹੀ, ਅਦਾਲਤ ਨੇ ਇਸ ਮਾਮਲੇ ਦੇ ਹੋਰ ਮੁਲਜ਼ਮਾਂ - ਰਵਿੰਦਰ ਸਿੰਘ ਭਸੀਨ, ਰਾਜੀਵ ਗੁਪਤਾ ਅਤੇ ਨਿਰਮਲ ਸਿੰਘ ਨੂੰ ਵੀ ਬਰੀ ਕਰ ਦਿੱਤਾ। ਬਾਰ ਐਂਡ ਬੈਂਚ ਦੀ ਰਿਪੋਰਟ ਅਨੁਸਾਰ, ਵਕੀਲ ਹਿਤੇਸ਼ ਪੁਰੀ ਨੇ ਕਿਹਾ, "ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।" ਉਨ੍ਹਾਂ ਨੇ ਮਾਮਲੇ ਵਿੱਚ ਦੋਸ਼ੀ ਨਿਰਮਲ ਸਿੰਘ ਦੀ ਨੁਮਾਇੰਦਗੀ ਕੀਤੀ। ਫੈਸਲੇ ਦੀ ਕਾਪੀ ਦਾ ਇੰਤਜ਼ਾਰ ਹੈ।
2008 ਵਿੱਚ ਸ਼ੁਰੂ ਹੋਇਆ ਆਹ ਮਾਮਲਾ
ਜਸਟਿਸ ਨਿਰਮਲ ਯਾਦਵ, ਜੋ ਉਸ ਸਮੇਂ ਹਾਈ ਕੋਰਟ ਦੇ ਜੱਜ ਅਤੇ ਸਾਬਕਾ ਨਿਆਂਇਕ ਅਧਿਕਾਰੀ ਸਨ। ਉਨ੍ਹਾਂ ਦੇ ਖਿਲਾਫ ਮਾਮਲਾ ਅਗਸਤ 2008 ਵਿੱਚ ਸ਼ੁਰੂ ਹੋਇਆ ਸੀ, ਜਦੋਂ 15 ਲੱਖ ਰੁਪਏ ਵਾਲਾ ਇੱਕ ਬੈਗ ਹਾਈ ਕੋਰਟ ਦੀ ਇੱਕ ਹੋਰ ਜੱਜ ਜਸਟਿਸ ਨਿਰਮਲਜੀਤ ਕੌਰ ਦੇ ਘਰ ਪਹੁੰਚਾਇਆ ਗਿਆ ਸੀ। ਜਸਟਿਸ ਕੌਰ ਦੇ ਚਪੜਾਸੀ ਨੇ ਮਾਮਲੇ ਦੀ ਰਿਪੋਰਟ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ।
CBI ਨੇ 2011 ਵਿੱਚ ਚਾਰਜਸ਼ੀਟ ਕੀਤੀ ਸੀ ਦਾਇਰ
ਬਾਅਦ ਵਿੱਚ ਪੰਜਾਬ ਦੇ ਤਤਕਾਲੀ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਜਨਰਲ (ਸੇਵਾਮੁਕਤ) ਐਸਐਫ ਰੌਡਰਿਗਜ਼ ਦੇ ਹੁਕਮਾਂ 'ਤੇ, ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਸੀਬੀਆਈ ਨੇ ਸ਼ੁਰੂ ਵਿੱਚ ਇਸ ਮਾਮਲੇ ਵਿੱਚ ਇੱਕ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ, ਜਿਸਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਨੇ 2011 ਵਿੱਚ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ।
ਇਸਤਗਾਸਾ ਪੱਖ ਦੇ ਅਨੁਸਾਰ ਹਰਿਆਣਾ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਦੇ ਕਲਰਕ ਵੱਲੋਂ ਦਿੱਤੇ ਗਏ ਪੈਸੇ ਜਸਟਿਸ ਯਾਦਵ ਲਈ ਸਨ ਪਰ ਦੋਵਾਂ ਜੱਜਾਂ ਦੇ ਨਾਵਾਂ ਵਿੱਚ ਸਮਾਨਤਾ ਕਾਰਨ ਇਹ ਗਲਤੀ ਨਾਲ ਜਸਟਿਸ ਨਿਰਮਲਜੀਤ ਕੌਰ ਦੇ ਘਰ ਪਹੁੰਚ ਗਏ।
2010 ਵਿੱਚ ਜਸਟਿਸ ਯਾਦਵ ਦਾ ਤਬਾਦਲਾ ਉੱਤਰਾਖੰਡ ਹਾਈ ਕੋਰਟ ਵਿੱਚ ਕਰ ਦਿੱਤਾ ਗਿਆ, ਜਿੱਥੋਂ ਉਹ ਇੱਕ ਸਾਲ ਬਾਅਦ ਸੇਵਾਮੁਕਤ ਹੋ ਗਈ। 2014 ਵਿੱਚ, ਵਿਸ਼ੇਸ਼ ਅਦਾਲਤ ਨੇ ਪੰਜ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਸਨ। ਮੁੱਖ ਮੁਲਜ਼ਮਾਂ ਵਿੱਚੋਂ ਇੱਕ ਬਾਂਸਲ ਦੀ ਦਸੰਬਰ 2016 ਵਿੱਚ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਨਵਰੀ 2017 ਵਿੱਚ ਉਸ ਵਿਰੁੱਧ ਕਾਰਵਾਈ ਬੰਦ ਕਰ ਦਿੱਤੀ ਗਈ ਸੀ।






















