ਚੰਡੀਗੜ੍ਹ PGI ਤੋਂ ਸਾਰੰਗਪੁਰ ਐਲੀਵੇਟਿਡ ਰੋਡ ਨੂੰ ਮਿਲੀ ਮਨਜ਼ੂਰੀ; 70 ਕਰੋੜ ਨਾਲ ਬਣੇਗਾ 1.75 ਕਿਲੋਮੀਟਰ ਲੰਬਾ ਸਟਰੈਚ, ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਮਿਲੇਗੀ ਰਾਹਤ
ਜਲਦ ਹੀ ਚੰਡੀਗੜ੍ਹ ਵਾਸੀਆਂ ਨੂੰ ਭਾਰੀ ਟ੍ਰੈਫਿਕ ਤੋਂ ਨਿਜ਼ਾਤ ਮਿਲੇਗੀ। ਕਿਉਂਕਿ ਚੰਡੀਗੜ੍ਹ 'ਚ ਲਗਭਗ 5 ਸਾਲ ਦੀ ਦੇਰੀ ਤੋਂ ਬਾਅਦ ਆਖ਼ਿਰਕਾਰ PGI ਤੋਂ ਸਾਰੰਗਪੁਰ ਤੱਕ ਬਣਨ ਵਾਲੇ ਐਲੀਵੇਟਿਡ ਰੋਡ ਪ੍ਰੋਜੈਕਟ ਨੂੰ ਚੰਡੀਗੜ੍ਹ ਹੈਰੀਟੇਜ ਕਨਜ਼ਰਵੇਸ਼ਨ...

ਚੰਡੀਗੜ੍ਹ 'ਚ ਲਗਭਗ 5 ਸਾਲ ਦੀ ਦੇਰੀ ਤੋਂ ਬਾਅਦ ਆਖ਼ਿਰਕਾਰ PGI ਤੋਂ ਸਾਰੰਗਪੁਰ ਤੱਕ ਬਣਨ ਵਾਲੇ ਐਲੀਵੇਟਿਡ ਰੋਡ ਪ੍ਰੋਜੈਕਟ ਨੂੰ ਚੰਡੀਗੜ੍ਹ ਹੈਰੀਟੇਜ ਕਨਜ਼ਰਵੇਸ਼ਨ ਕਮੇਟੀ (CHCC) ਵੱਲੋਂ ਮਨਜ਼ੂਰੀ ਮਿਲ ਗਈ ਹੈ। ਇਹ ਮਨਜ਼ੂਰੀ ਇਸ ਲੰਬੇ ਸਮੇਂ ਤੋਂ ਉਡੀਕ ਰਹੀ ਪ੍ਰੋਜੈਕਟ ਲਈ ਪਹਿਲੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ ਪ੍ਰੋਜੈਕਟ PGI ਤੋਂ ਨਿਊ ਚੰਡੀਗੜ੍ਹ ਵੱਲ ਵਧਦੇ ਟ੍ਰੈਫਿਕ ਨੂੰ ਘਟਾਉਣ ਦੇ ਲਕਸ਼ ਨਾਲ ਤਿਆਰ ਕੀਤਾ ਗਿਆ ਹੈ।
ਕੁੱਲ 1.75 ਕਿਲੋਮੀਟਰ ਲੰਬੇ ਇਸ ਰੂਟ 'ਚੋਂ ਲਗਭਗ 1.3 ਕਿਲੋਮੀਟਰ ਹਿੱਸਾ ਐਲੀਵੇਟਿਡ (ਉੱਚਾ) ਬਣਾਇਆ ਜਾਵੇਗਾ, ਜੋ ਕਿ ਖੁੱਡਾ ਲਾਹੌਰਾ ਅਤੇ ਖੁੱਡਾ ਜੱਸੂ ਵਰਗੇ ਭੀੜਭਾੜ ਵਾਲੇ ਇਲਾਕਿਆਂ ਵਿੱਚੋਂ ਲੰਘੇਗਾ।
ਇੰਝ ਸ਼ੁਰੂ ਹੋਏਗੀ ਟੈਂਡਰ ਦੀ ਪ੍ਰਕਿਰਿਆ
ਚੀਫ ਇੰਜੀਨੀਅਰ ਸੀ.ਬੀ. ਓਝਾ ਨੇ ਦੱਸਿਆ ਕਿ ਹੈਰੀਟੇਜ ਕਮੇਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇੰਜੀਨੀਅਰਿੰਗ ਵਿਭਾਗ ਇਸ ਪ੍ਰੋਜੈਕਟ ਦੀ ਡਰਾਇੰਗ ਤਿਆਰ ਕਰੇਗਾ ਅਤੇ ਉਸਨੂੰ ਚੰਡੀਗੜ੍ਹ ਅਰਬਨ ਪਲਾਨਿੰਗ ਵਿਭਾਗ ਅਤੇ ਚੀਫ ਆਰਕੀਟੈਕਟ ਦਫ਼ਤਰ ਨੂੰ ਭੇਜਿਆ ਜਾਵੇਗਾ। ਉਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਜੇ ਲੋੜ ਪਈ ਤਾਂ ਪ੍ਰੋਜੈਕਟ ਲਈ ਕਿਸੇ ਕਨਸਲਟੈਂਟ ਦੀ ਮਦਦ ਲਈ ਜਾ ਸਕਦੀ ਹੈ, ਨਹੀਂ ਤਾਂ ਸਿੱਧਾ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਐਲੀਵੇਟਿਡ ਰੋਡ ਦਾ ਸ਼ੁਰੂਆਤੀ ਯੋਜਨਾ-ਖਾਕਾ ਸਾਲ 2020 ਵਿੱਚ ਤਿਆਰ ਕੀਤਾ ਗਿਆ ਸੀ। ਉਸ ਵੇਲੇ ਪ੍ਰਸ਼ਾਸਨ ਨੇ ਇੰਫਰਾ ਕਾਨ ਪ੍ਰਾਈਵੇਟ ਲਿਮਟਿਡ ਨੂੰ ਤਕਨੀਕੀ ਕਨਸਲਟੈਂਟ ਨਿਯੁਕਤ ਕੀਤਾ ਸੀ, ਜਿਸ ਨੇ ਸਾਰੀ ਸੰਭਾਵਨਾਵਾਂ ਦੀ ਜਾਂਚ ਕਰਕੇ ਇਕ ਵਿਸਥਾਰਪੂਰਕ ਪ੍ਰੋਜੈਕਟ ਰਿਪੋਰਟ (DPR) ਪ੍ਰਸ਼ਾਸਨ ਨੂੰ ਸੌਂਪੀ ਸੀ। ਪਰ 2023 ਵਿੱਚ ਪ੍ਰਸਤਾਵਿਤ ਮੈਟਰੋ ਕਾਰੀਡੋਰ ਕਾਰਨ ਇਸ ਯੋਜਨਾ ਨੂੰ ਰੋਕ ਦਿੱਤਾ ਗਿਆ ਸੀ।
ਇਸ ਵਜ੍ਹਾ ਕਰਕੇ ਕੀਤੀ ਜਾ ਰਹੀ ਸੀ ਐਲੀਵੇਟਿਡ ਰੋਡ ਸਿਫ਼ਾਰਸ਼
ਲਗਾਤਾਰ ਵੱਧ ਰਹੇ ਟ੍ਰੈਫਿਕ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਫਿਰ ਐਲੀਵੇਟਿਡ ਰੋਡ ਬਣਾਉਣ ਦੀ ਸਿਫ਼ਾਰਸ਼ ਆਈ। ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਪੁਰਾਣੀ ਯੋਜਨਾ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ। ਇਸ ਤੋਂ ਬਾਅਦ ਅਪਰੈਲ 2025 ਵਿੱਚ ਇਸ ਪ੍ਰੋਜੈਕਟ ਲਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਐਲੀਵੇਟਿਡ ਰੋਡ ਦੀ ਸ਼ੁਰੂਆਤ PGI ਤੋਂ ਅੱਗੇ ਖੁੱਡਾ ਲਾਹੌਰਾ ਪੁਲ ਤੋਂ ਹੋਏਗੀ, ਜੋ ਖੁੱਡਾ ਜੱਸੂ ਦੇ ਬਜ਼ਾਰ, ਦੁਕਾਨਾਂ, ਸਕੂਲਾਂ ਅਤੇ ਘਣੀ ਆਬਾਦੀ ਵਾਲੇ ਇਲਾਕਿਆਂ ਰਾਹੀਂ ਹੁੰਦੀ ਹੋਈ ਸਾਰੰਗਪੁਰ ਦੇ ਬੋਟੈਨਿਕਲ ਗਾਰਡਨ ਕੋਲ ਮੌਜੂਦਾ ਸੜਕ ਨਾਲ ਜੁੜੇਗੀ। ਇੱਥੇ ਭੀੜ ਅਤੇ ਤੰਗ ਸੜਕਾਂ ਦੇ ਕਾਰਨ ਐਲੀਵੇਟਿਡ ਸਟਰੱਕਚਰ ਬਣਾਉਣਾ ਜ਼ਰੂਰੀ ਮੰਨਿਆ ਗਿਆ ਹੈ।
ਇਸ ਮਾਰਗ 'ਤੇ ਭਵਿੱਖ ਵਿੱਚ ਮਣੀਮਾਜ਼ਰਾ ਰਾਹੀਂ ਮੈਟਰੋ ਕਾਰੀਡੋਰ ਦਾ ਵੀ ਪ੍ਰਸਤਾਵ ਹੈ। ਇਸ ਕਾਰਨ, ਪ੍ਰਸ਼ਾਸਨ ਨੇ ਯੋਜਨਾ ਬਣਾਈ ਹੈ ਕਿ ਜਿਥੇ ਲੋੜ ਹੋਏਗੀ, ਉਥੇ ਡਬਲ ਡੈਕਰ ਸਟਰੱਕਚਰ ਤਿਆਰ ਕੀਤਾ ਜਾਵੇਗਾ। ਅਰਥਾਤ, ਇੱਕ ਲੈਵਲ 'ਤੇ ਮੈਟਰੋ ਕਾਰੀਡੋਰ ਅਤੇ ਦੂਜੇ ਲੈਵਲ 'ਤੇ ਐਲੀਵੇਟਿਡ ਰੋਡ ਹੋਵੇਗੀ। ਰੋਡ ਦੀ ਚੌੜਾਈ ਲਗਭਗ 19 ਮੀਟਰ ਤੈਅ ਕੀਤੀ ਗਈ ਹੈ।






















