Chandigarh: ਮੁਲਾਜ਼ਮ ਦੇਣ ਧਿਆਨ! ਹੋ ਗਈ ਸਖਤੀ, ਦਸੰਬਰ ਤੋਂ ਸਿਰਫ਼ ਆਧਾਰ-ਬਾਇਓਮੈਟਰਿਕ ਹਾਜ਼ਰੀ 'ਤੇ ਮਿਲੇਗੀ ਤਨਖਾਹ, ਕਮਿਸ਼ਨਰ ਨੇ ਅਫਸਰਾਂ ਨੂੰ ਦਿੱਤੀ ਆਖ਼ਰੀ ਚੇਤਾਵਨੀ
ਚੰਡੀਗੜ੍ਹ ਨਗਰ ਨਿਗਮ (MCC) ਨੇ ਕਰਮਚਾਰੀਆਂ ਦੀ ਹਾਜ਼ਰੀ ਅਤੇ ਤਨਖਾਹ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ੀਤਾ ਲਿਆਉਣ ਲਈ ਆਖ਼ਰੀ ਚੇਤਾਵਨੀ ਜਾਰੀ ਕੀਤੀ ਹੈ। ਹੁਣ ਹਰ ਕਰਮਚਾਰੀ ਦੀ ਤਨਖਾਹ ਸਿਰਫ਼ ਆਧਾਰ-ਅਧਾਰਿਤ ਬਾਇਓਮੈਟਰਿਕ ਹਾਜ਼ਰੀ ਦੇ ਆਧਾਰ 'ਤੇ..

ਚੰਡੀਗੜ੍ਹ ਨਗਰ ਨਿਗਮ (MCC) ਨੇ ਕਰਮਚਾਰੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੀ ਹਾਂ ਕਰਮਚਾਰੀਆਂ ਦੀ ਹਾਜ਼ਰੀ ਅਤੇ ਤਨਖਾਹ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ੀਤਾ ਲਿਆਉਣ ਲਈ ਆਖ਼ਰੀ ਚੇਤਾਵਨੀ ਜਾਰੀ ਕੀਤੀ ਹੈ। ਹੁਣ ਹਰ ਕਰਮਚਾਰੀ ਦੀ ਤਨਖਾਹ ਸਿਰਫ਼ ਆਧਾਰ-ਅਧਾਰਿਤ ਬਾਇਓਮੈਟਰਿਕ ਹਾਜ਼ਰੀ ਦੇ ਆਧਾਰ 'ਤੇ ਹੀ ਦਿੱਤੀ ਜਾਵੇਗੀ। ਨਿਗਮ ਕਮਿਸ਼ਨਰ ਅਮਿਤ ਕੁਮਾਰ (IAS) ਨੇ ਮੰਗਲਵਾਰ ਨੂੰ ਇਸ ਸਬੰਧ ਵਿੱਚ ਸਖ਼ਤ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਦਸੰਬਰ ਮਹੀਨੇ ਦੀ ਤਨਖਾਹ ਉਸੇ ਸਮੇਂ ਜਾਰੀ ਕੀਤੀ ਜਾਵੇਗੀ, ਜਦੋਂ ਹਰ ਕਰਮਚਾਰੀ ਆਪਣੀ ਹਾਜ਼ਰੀ ਆਧਾਰ-ਲਿੰਕਡ ਬਾਇਓਮੈਟਰਿਕ ਸਿਸਟਮ ਵਿੱਚ ਦਰਜ ਕਰੇਗਾ।
ਆਖ਼ਰੀ ਹੁਕਮ ਵਿੱਚ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਦਸੰਬਰ ਮਹੀਨੇ ਦੀ ਤਨਖਾਹ ਸਿਰਫ਼ ਉਹਨਾਂ ਕਰਮਚਾਰੀਆਂ ਨੂੰ ਮਿਲੇਗੀ ਜੋ ਬਾਇਓਮੈਟਰਿਕ ਸਿਸਟਮ 'ਤੇ ਹਾਜ਼ਰੀ ਲਗਾਉਣਗੇ।
ਨਵੰਬਰ ਵਿੱਚ ਲਾਗੂ ਹੋਣਾ ਸੀ ਪਰ ਦੇਰੀ ਤੋਂ ਨਿਰਾਸ਼ਾ
ਨਗਰ ਨਿਗਮ ਨੇ ਨਵੰਬਰ ਤੋਂ ਆਧਾਰ-ਲਿੰਕਡ ਤਨਖਾਹ ਪ੍ਰਣਾਲੀ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ ਸੀ, ਪਰ ਤਕਨੀਕੀ ਖਾਮੀਆਂ ਅਤੇ ਪ੍ਰਸ਼ਾਸਕੀ ਦੇਰੀਆਂ ਦੇ ਕਾਰਨ ਇਹ ਸਿਸਟਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਮੰਗਲਵਾਰ ਨੂੰ ਉੱਚ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਵਿੱਚ ਕਮਿਸ਼ਨਰ ਨੇ ਇਸ ਦੇਰੀ 'ਤੇ ਕੜਾ ਰੁਖ ਦਿਖਾਇਆ।
ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਵਾਰ-ਵਾਰ ਨਿਰਦੇਸ਼ ਦੇਣ ਦੇ ਬਾਵਜੂਦ ਵਿਭਾਗ ਸਮੇਂ ਤੇ ਇਸਨੂੰ ਲਾਗੂ ਨਹੀਂ ਕਰ ਸਕਿਆ, ਜੋ ਗੰਭੀਰ ਲਾਪਰਵਾਹੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਹ ਪ੍ਰਣਾਲੀ ਹੁਣ ਕਿਸੇ ਵੀ ਹਾਲਤ ਵਿੱਚ ਟਾਲੀ ਨਹੀਂ ਜਾਵੇਗੀ।
ਦਸੰਬਰ ਤੋਂ ‘ਨੋ ਬਾਇਓਮੈਟਰਿਕ, ਨੋ ਤਨਖਾਹ’
ਨਿਗਮ ਕਮਿਸ਼ਨਰ ਨੇ ਹੁਕਮ ਦਿੱਤਾ ਹੈ ਕਿ ਦਸੰਬਰ ਤੋਂ ਕਿਸੇ ਵੀ ਕਰਮਚਾਰੀ ਦੀ ਤਨਖਾਹ ਤਦ ਤੱਕ ਜਾਰੀ ਨਹੀਂ ਕੀਤੀ ਜਾਵੇਗੀ, ਜਦ ਤੱਕ ਉਸਦੀ ਹਾਜ਼ਰੀ ਆਧਾਰ-ਬਾਇਓਮੈਟਰਿਕ ਸਿਸਟਮ ਨਾਲ ਲਿੰਕ ਨਹੀਂ ਹੋ ਜਾਂਦੀ।
ਉਹਨਾਂ ਕਿਹਾ ਕਿ ਹੁਣ ਕਿਸੇ ਵੀ ਹਾਲਤ ਵਿੱਚ ਹਾਜ਼ਰੀ ਦੀ ਫਿਜ਼ੀਕਲ ਵੇਰੀਫਿਕੇਸ਼ਨ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਸਾਰੇ ਵਿਭਾਗ ਪ੍ਰਧਾਨਾਂ ਅਤੇ ਬ੍ਰਾਂਚ ਇੰਚਾਰਜਾਂ ਨੂੰ ਤੁਰੰਤ ਪ੍ਰਭਾਵ ਨਾਲ ਸਿਸਟਮ ਸਹੀ ਕਰਨ ਅਤੇ ਸਾਰੇ ਕਰਮਚਾਰੀਆਂ ਨੂੰ ਲਿੰਕ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਹੁਕਮਾਂ ਦੀ ਪਾਲਨਾ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।
ਸਾਲਾਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ:
ਲਾਪਰਵਾਹ ਕਰਮਚਾਰੀਆਂ 'ਤੇ ਰੋਕ ਲੱਗੇਗੀ
ਨਕਲੀ ਹਾਜ਼ਰੀ ਦਾ ਮਾਮਲਾ ਖਤਮ ਹੋਵੇਗਾ
ਸਮੇਂ ਦੀ ਚੋਰੀ ਅਤੇ ਅਨਿਯਮਿਤ ਰਿਪੋਰਟਿੰਗ 'ਤੇ ਨਿਯੰਤਰਣ ਹੋਵੇਗਾ
ਕਰਮਚਾਰੀਆਂ ਦੀ ਹਾਜ਼ਰੀ ਦਾ ਰੀਅਲ-ਟਾਈਮ ਰਿਕਾਰਡ ਉਪਲਬਧ ਰਹੇਗਾ
ਕਾਰਗੁਜ਼ਾਰੀ ਅਤੇ ਅਨੁਸ਼ਾਸਨ ਦੋਹਾਂ ਵਿੱਚ ਸੁਧਾਰ ਆਏਗਾ
HODs ਨੂੰ ਤੁਰੰਤ ਰਿਪੋਰਟ ਸੌਂਪਣ ਦੇ ਹੁਕਮ
ਸਾਰੇ ਵਿਭਾਗ ਪ੍ਰਧਾਨਾਂ (HODs) ਅਤੇ ਬ੍ਰਾਂਚ ਇੰਚਾਰਜਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿੱਚ ਕਿੰਨੇ ਕਰਮਚਾਰੀ ਆਧਾਰ-ਬਾਇਓਮੈਟਰਿਕ ਨਾਲ ਲਿੰਕ ਹੋ ਚੁੱਕੇ ਹਨ ਅਤੇ ਕਿੰਨੇ ਬਾਕੀ ਹਨ, ਇਸਦੀ ਰਿਪੋਰਟ 48 ਘੰਟਿਆਂ ਦੇ ਅੰਦਰ ਜਮ੍ਹਾਂ ਕਰਵਾਉਣ।
ਨਿਗਮ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਵਿਭਾਗ ਲਾਪਰਵਾਹੀ ਨਹੀਂ ਦਿਖਾਏਗਾ, ਕਿਉਂਕਿ ਇਹ ਸਿੱਧਾ ਤਨਖਾਹ ਜਾਰੀ ਕਰਨ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਨਗਰ ਨਿਗਮ ਨੇ ਸਾਰੇ ਕਰਮਚਾਰੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਤੁਰੰਤ ਆਪਣਾ ਆਧਾਰ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ HR ਸ਼ਾਖਾ ਵਿੱਚ ਅਪਡੇਟ ਕਰਵਾਉਣ, ਤਾਂ ਜੋ ਦਸੰਬਰ ਦੀ ਤਨਖਾਹ ਵਿੱਚ ਕੋਈ ਰੁਕਾਵਟ ਨਾ ਆਵੇ।






















