ਚੰਡੀਗੜ੍ਹ ਏਅਰਪੋਰਟ 'ਤੇ ਪਈਆਂ ਭਾਜੜਾਂ, ਅੱਤਵਾਦੀਆਂ ਕੀਤਾ ਜਹਾਜ਼ ਹਾਈਜੈਕ, ਯਾਤਰੀਆਂ ਨੂੰ ਇੰਝ ਬਚਾਇਆ
ਮੰਗਲਵਾਰ ਸਵੇਰੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅੱਤਵਾਦੀਆਂ ਨੇ ਜਹਾਜ਼ ਨੂੰ ਹਾਈਜੈਕ ਕਰ ਲਿਆ। ਜਿਵੇਂ ਹੀ ਇਹ ਸੁਨੇਹਾ ਏਅਰਪੋਰਟ ਕੰਟਰੋਲ ਰੂਮ ਵਿੱਚ ਗਿਆ ਤਾਂ ਏਅਰਪੋਰਟ 'ਤੇ ਤਾਇਨਾਤ ਸੀਆਈਐਸਐਫ
Chandigarh News: ਮੰਗਲਵਾਰ ਸਵੇਰੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅੱਤਵਾਦੀਆਂ ਨੇ ਜਹਾਜ਼ ਨੂੰ ਹਾਈਜੈਕ ਕਰ ਲਿਆ। ਜਿਵੇਂ ਹੀ ਇਹ ਸੁਨੇਹਾ ਏਅਰਪੋਰਟ ਕੰਟਰੋਲ ਰੂਮ ਵਿੱਚ ਗਿਆ ਤਾਂ ਏਅਰਪੋਰਟ 'ਤੇ ਤਾਇਨਾਤ ਸੀਆਈਐਸਐਫ, ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੇ ਜਵਾਨਾਂ ਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੀ ਟੀਮ ਨੇ ਆਪਣਾ ਸਾਂਝਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਏਅਰਪੋਰਟ ਤੋਂ ਪੀਜੀਆਈ ਹਸਪਤਾਲ ਤੱਕ ਦੇ ਪੂਰੇ ਰੂਟ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੀਜੀਆਈ ਹਸਪਤਾਲ ਨੂੰ ਵੀ ਸੂਚਿਤ ਕੀਤਾ ਗਿਆ। ਸਾਂਝੀ ਟੀਮ ਵੱਲੋਂ ਸਵੇਰੇ ਕਰੀਬ 10 ਵਜੇ ਸ਼ੁਰੂ ਹੋਇਆ ਇਹ ਆਪ੍ਰੇਸ਼ਨ ਬਾਅਦ ਦੁਪਹਿਰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਇਸ ਦੌਰਾਨ ਹਵਾਈ ਅੱਡਾ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਹੋ ਗਿਆ। ਇੱਥੇ ਆਉਣ ਵਾਲੇ ਸਾਰੇ ਯਾਤਰੀ ਫੋਰਸ ਨੂੰ ਦੇਖ ਕੇ ਹੈਰਾਨ ਰਹਿ ਗਏ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਹਾਜ਼ ਹਾਈਜੈਕ ਨਹੀਂ ਹੋਇਆ, ਸਗੋਂ ਇਹ ਇੱਕ ਮੌਕ ਡ੍ਰਿਲ ਸੀ।
ਡੀਐਸਪੀ ਏਅਰਪੋਰਟ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਰੁਟੀਨ ਦਾ ਕੰਮ ਸੀ ਤੇ ਸਮੇਂ-ਸਮੇਂ ’ਤੇ ਏਅਰਪੋਰਟ ’ਤੇ ਅਜਿਹੀਆਂ ਮੌਕ ਡਰਿੱਲਾਂ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਭਵਿੱਖ ਵਿੱਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਸਾਂਝੀ ਟੀਮ ਦੀ ਤਿਆਰੀ ਨੂੰ ਪਰਖਿਆ ਜਾ ਸਕੇ। ਇਸ ਮੌਕ ਡ੍ਰਿਲ ਵਿੱਚ ਇੱਕ ਨਿੱਜੀ ਕੰਪਨੀ ਦੇ ਜਹਾਜ਼ ਦੀ ਵਰਤੋਂ ਕੀਤੀ ਗਈ। ਇਸ ਵਿੱਚ ਡਮੀ ਯਾਤਰੀਆਂ ਨੂੰ ਬਿਠਾਇਆ ਗਿਆ। ਹਵਾਈ ਅੱਡੇ 'ਤੇ ਸਵੇਰੇ 10.30 ਵਜੇ ਸੂਚਨਾ ਮਿਲੀ ਕਿ ਇੱਕ ਜਹਾਜ਼, ਜਿਸ ਵਿੱਚ 150 ਦੇ ਕਰੀਬ ਤਿੰਨ ਲੋਕ ਬੈਠੇ ਸਨ, ਨੂੰ ਤਿੰਨ ਹਾਈਜੈਕਰਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।
ਏਅਰਪੋਰਟ 'ਤੇ ਆਉਣ ਵਾਲੇ ਯਾਤਰੀਆਂ ਨੂੰ ਇਹ ਸਾਰੀ ਡਰਿਲ ਅਸਲੀ ਲੱਗ ਰਹੀ ਸੀ। ਪਹਿਲਾਂ ਤਾਂ ਕਿਸੇ ਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਮੌਕ ਡ੍ਰਿਲ ਸੀ। ਇਸ ਡ੍ਰਿਲ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਫਿਰ ਵੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਪਾ ਦਿੱਤੇ ਕਿ ਅੱਤਵਾਦੀਆਂ ਨੇ ਹਵਾਈ ਅੱਡੇ 'ਤੇ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ।