Chandigarh: ਚੰਡੀਗੜ੍ਹ 'ਚ ਸਸਤੇ ਹੋਏ ਫਲੈਟ! ਸੀਐਚਬੀ ਨੇ ਘਟਾਈਆਂ 15 ਫ਼ੀਸਦ ਕੀਮਤਾਂ, ਵੇਖੋ ਨਵੀਂ ਪ੍ਰਾਈਜ਼ ਲਿਸਟ
Chandigarh News: ਹੁਣ ਚੰਡੀਗੜ੍ਹ 'ਚ ਸਸਤੇ ਫਲੈਟ ਮਿਲ ਸਕਣਗੇ। ਚੰਡੀਗੜ੍ਹ ਹਾਊਸਿੰਗ ਬੋਰਡ (ਸੀਐਚਬੀ) ਵੱਲੋਂ ਸੈਕਟਰ-53 ਵਿੱਚ ਜਨਰਲ ਹਾਊਸਿੰਗ ਸਕੀਮ ਨੂੰ 15 ਫ਼ੀਸਦ ਦੀ ਕਟੌਤੀ ਕਰਨ ਨਾਲ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ।
Chandigarh News: ਹੁਣ ਚੰਡੀਗੜ੍ਹ 'ਚ ਸਸਤੇ ਫਲੈਟ ਮਿਲ ਸਕਣਗੇ। ਚੰਡੀਗੜ੍ਹ ਹਾਊਸਿੰਗ ਬੋਰਡ (ਸੀਐਚਬੀ) ਵੱਲੋਂ ਸੈਕਟਰ-53 ਵਿੱਚ ਜਨਰਲ ਹਾਊਸਿੰਗ ਸਕੀਮ ਨੂੰ 15 ਫ਼ੀਸਦ ਦੀ ਕਟੌਤੀ ਕਰਨ ਨਾਲ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਸਕੀਮ ਅਧੀਨ ਫਲੈਟਾਂ ਦੀ ਉਸਾਰੀ ਲਈ ਬੋਰਡ ਨੇ 200 ਕਰੋੜ ਰੁਪਏ ਦੇ ਟੈਂਡਰ ਜਾਰੀ ਕਰ ਦਿੱਤੇ ਹਨ।
ਹਾਸਲ ਜਾਣਕਾਰੀ ਅਨੁਸਾਰ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸਕੀਮ ਨੂੰ ਮਾਰਚ ਮਹੀਨੇ ਵਿੱਚ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਸੀ, ਪਰ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਪ੍ਰਵਾਨਗੀ ਨਾ ਮਿਲਣ ਕਰਕੇ ਸਕੀਮ ਸ਼ੁਰੂ ਕਰਨ ’ਚ ਦੇਰੀ ਹੋ ਗਈ। ਇਸ ਪ੍ਰਵਾਨਗੀ ਤੋਂ ਬਾਅਦ ਬੋਰਡ ਵੱਲੋਂ ‘ਰੇਰਾ’ ਤੋਂ ਮਨਜ਼ੂਰੀ ਲਈ ਅਰਜ਼ੀ ਦਿੱਤੀ ਜਾਵੇਗੀ। ਬੋਰਡ ਦੇ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ 15 ਦਿਨਾਂ ਵਿੱਚ ਸਾਰੀਆਂ ਪ੍ਰਵਾਨਗੀਆਂ ਮਿਲ ਜਾਣਗੀਆਂ ਤੇ ਸਕੀਮ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।
ਵਿਭਾਗ ਅਨੁਸਾਰ ਬੋਰਡ ਨੇ ਟੈਂਡਰ ਤਿੰਨ ਸ਼੍ਰੋਣੀਆਂ ਵਿੱਚ ਜਾਰੀ ਕੀਤਾ ਹੈ, ਜਿਸ ਵਿੱਚ ਕੁੱਲ 340 ਫਲੈਟ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਵਿੱਚ 192 ਫਲੈਟ ਤਿੰਨ ਬੈੱਡਰੂਮ ਵਾਲੇ, 100 ਫਲੈਡ ਦੋ ਬੈਂਡਰੂਮ ਵਾਲੇ ਤੇ 48 ਫਲੈਟ ਦੋ ਬੈੱਡਰੂਮ ਵਾਲੇ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਲਈ ਬਣਾਏ ਜਾਣਗੇ। ਵਿਭਾਗ ਨੇ ਟੈਂਡਰ ਜਾਰੀ ਕਰਦਿਆਂ ਚਾਹਵਾਨ ਕੰਪਨੀਆਂ ਨੂੰ 21 ਦਿਨਾਂ ’ਚ ਅਪਲਾਈ ਕਰਨ ਦਾ ਸਮਾਂ ਦਿੱਤਾ ਹੈ। ਇਨ੍ਹਾਂ ਫਲੈਟਾਂ ਦੀ ਉਸਾਰੀ ਸਤੰਬਰ 2023 ’ਚ ਹੋਵੇਗੀ, ਜਦੋਂ ਕਿ ਬੋਰਡ ਨੇ ਅਪਰੈਲ 2026 ਤੱਕ ਪ੍ਰਾਜੈਕਟ ਪੂਰਾ ਕਰਕੇ ਅਲਾਟੀਆਂ ਨੂੰ ਫਲੈਟ ਸੌਂਪਣ ਦਾ ਟੀਚਾ ਮੀਖਿਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਪਹਿਲਾਂ ਸਾਲ 2018 ਵਿੱਚ ਇਸ ਸਕੀਮ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ਤਿੰਨ ਬੈੱਡਰੂਮ ਵਾਲੇ ਫਲੈਟ ਦੀ ਕੀਮਤ 1.8 ਕਰੋੜ ਰੁਪਏ, ਦੋ ਬੈੱਡਰੂਮ ਵਾਲੇ ਫਲੈਟ ਦੀ ਕੀਮਤ ਡੇਢ ਕਰੋੜ ਰੁਪਏ ਤੇ ਇੱਕ ਬੈੱਡਰੂਮ ਵਾਲੇ ਫਲੈਟ ਦੀ ਕੀਮਤ 95 ਲੱਖ ਰੁਪਏ ਰੱਖੀ ਗਈ ਸੀ। ਬੋਰਡ ਨੇ 492 ਫਲੈਟਾਂ ਦੀ ਨਿਲਾਮੀ ਸੱਦੀ ਤਾਂ ਮੱਠਾ ਹੁੰਗਾਰਾ ਮਿਲਿਆ।
ਇਸ ਦੌਰਾਨ ਬੋਰਡ ਸਿਰਫ਼ 178 ਫਲੈਟ ਵੇਚਣ ਵਿੱਚ ਕਾਮਯਾਬ ਰਿਹਾ, ਜਿਸ ਕਾਰਨ ਸਕੀਮ ਰੱਦ ਕਰ ਦਿੱਤਾ। ਬੋਰਡ ਨੇ ਸਾਲ 2023 ’ਚ ਮੁੜ ਸਕੀਮ ਨੂੰ ਫਲੈਟਾਂ ਦੀ ਕੀਮਤ ’ਚ 15 ਫ਼ੀਸਦ ਦੀ ਕਟੌਤੀ ਨਾਲ ਸ਼ੁਰੂ ਕਰ ਦਾ ਫ਼ੈਸਲਾ ਕੀਤਾ ਹੈ। ਇਸ ਵਾਰ ਤਿੰਨ ਬੈੱਡਰੂਮ ਵਾਲੇ ਫਲੈਟ ਦੀ ਕੀਮਤ 1.65 ਕਰੋੜ ਰੁਪਏ, ਦੋ ਬੈੱਡਰੂਮ ਵਾਲੇ ਫਲੈਟ ਦੀ ਕੀਮਤ 1.40 ਕਰੋੜ ਰੁਪਏ ਤੇ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਲਈ ਦੋ ਬੈੱਡਰੂਮ ਵਾਲੇ ਫਲੈਟ ਦੀ ਕੀਮਤ 55 ਲੱਖ ਰੁਪਏ ਤੈਅ ਕੀਤੀ ਗਈ ਹੈ।