Election 2024: ਪੰਜਾਬ ਤੋਂ ਬਾਅਦ ਹੁਣ ਰਾਜਧਾਨੀ ਪੁੱਜਿਆ ਆਪ-ਕਾਂਗਰਸ ਦਾ ਰੱਫੜ, ਦੋਵੇਂ ਧਿਰਾਂ ਚਾਹੁੰਦੀਆਂ ਨੇ ਚੰਡੀਗੜ੍ਹ 'ਤੇ ਕਬਜ਼ਾ !
I.N.D.I.A: 'ਆਪ' ਚੰਡੀਗੜ੍ਹ ਲੋਕ ਸਭਾ ਸੀਟ 'ਤੇ ਦਾਅਵਾ ਕਰ ਰਹੀ ਹੈ ਕਿ ਇੱਥੇ ਉਸ ਦਾ ਵੋਟ ਸ਼ੇਅਰ ਤੇਜ਼ੀ ਨਾਲ ਵਧਿਆ ਹੈ, ਉਥੇ ਹੀ ਕਾਂਗਰਸ ਇਸ ਨੂੰ ਪਾਰਟੀ ਦਾ ਗੜ੍ਹ ਦੱਸਦੇ ਹੋਏ ਇਸ ਸੀਟ ਦੀ ਮੰਗ ਕਰ ਰਹੀ ਹੈ। ਫਿਲਹਾਲ ਇਹ ਸੀਟ ਭਾਜਪਾ ਕੋਲ ਹੈ।
Congress-AAP Fight for Ticke: ਭਾਜਪਾ ਨੂੰ ਹਰਾਉਣ ਲਈ ਕਾਂਗਰਸ ਦੀ ਅਗਵਾਈ ਵਾਲੇ I.N.D.I.A ਗਠਜੋੜ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ ਪਰ ਇਨ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਕਈ ਰਾਜਾਂ ਵਿੱਚ ਤਕਰਾਰ ਚੱਲ ਰਹੀ ਹੈ। ਇਸ ਮੌਕੇ ਚੰਡੀਗੜ੍ਹ 'ਚ ਨਵਾਂ ਵਿਵਾਦ ਸਾਹਮਣੇ ਆਇਆ ਹੈ। ਦੋਵੇਂ ਪਾਰਟੀਆਂ ਚੰਡੀਗੜ੍ਹ ਲੋਕ ਸਭਾ ਸੀਟ ਲਈ ਦਾਅਵਾ ਪੇਸ਼ ਕਰ ਰਹੀਆਂ ਹਨ। ਕਾਂਗਰਸ ਨੇ 'ਆਪ' ਨੂੰ ਚੋਣਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਜਦਕਿ 'ਆਪ' ਦਾ ਕਹਿਣਾ ਹੈ ਕਿ ਉਹ ਸੀਟ ਜਿੱਤ ਸਕਦੀ ਹੈ।
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ 'ਆਪ' ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਨੂੰ ਹਰਾਉਣ ਲਈ ਇੰਡੀਆ ਗਠਜੋੜ ਦਾ ਸਮਰਥਨ ਕਰਨ, ਹਾਲਾਂਕਿ ਸਥਾਨਕ ਪੱਧਰ 'ਤੇ ਦੋਵੇਂ ਧਿਰਾਂ ਝੁਕਣ ਨੂੰ ਤਿਆਰ ਨਹੀਂ ਹਨ।
ਚੰਡੀਗੜ੍ਹ ਸੀਟ ਦੀ ਕੀ ਹੈ ਸਥਿਤੀ?
ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਦਾ ਹਮੇਸ਼ਾ ਦਬਦਬਾ ਰਿਹਾ ਹੈ। ਪਵਨ ਬਾਂਸਲ ਇੱਥੋਂ ਚਾਰ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਇਹ 2019 ਤੱਕ ਕਾਂਗਰਸ ਦਾ ਗੜ੍ਹ ਸੀ। 2019 'ਚ 'ਆਪ' ਦੇ ਮੁਕਾਬਲੇ ਕਾਂਗਰਸ ਦਾ ਵੋਟ ਸ਼ੇਅਰ 40.35 ਫੀਸਦੀ ਸੀ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਦਾ ਕਹਿਣਾ ਹੈ ਕਿ ‘ਆਪ’ ਨੂੰ ਲੋਕ ਸਭਾ ਸੀਟ ਤੋਂ ਉਮੀਦਵਾਰ ਨਹੀਂ ਖੜ੍ਹਾ ਕਰਨਾ ਚਾਹੀਦਾ ਪਰ ਅੰਤਿਮ ਫੈਸਲਾ ਕਾਂਗਰਸ ਹਾਈਕਮਾਂਡ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, "ਅਸੀਂ (ਕਾਂਗਰਸ) ਪਾਰਟੀ ਦੇ 'ਆਪ' ਵਰਗੀਆਂ ਸਮਰੂਪ ਪਾਰਟੀਆਂ ਨਾਲ ਗਠਜੋੜ ਕਰਨ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ।" ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਵੀ ਕਿਹਾ ਕਿ ਸੀਟ ਵੰਡ ਬਾਰੇ ਫੈਸਲਾ ਸੂਬਾਈ ਲੀਡਰਸ਼ਿਪ ਤੋਂ ਫੀਡਬੈਕ ਲੈਣ ਤੋਂ ਬਾਅਦ ਲਿਆ ਜਾਵੇਗਾ। ਪਾਰਟੀ ਲੀਡਰਸ਼ਿਪ ਨੇ ਸਪੱਸ਼ਟ ਕਿਹਾ ਹੈ ਕਿ ਉਹ ਸੀਟਾਂ ਦਾ ਫੈਸਲਾ ਕਰਨ ਤੋਂ ਪਹਿਲਾਂ ਸੂਬਾਈ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨਗੇ।
ਤਿੰਨ ਸਾਲਾਂ ਵਿੱਚ ਆਪ ਦਾ ਵੋਟ ਸ਼ੇਅਰ ਵਧਿਆ
ਦੂਜੇ ਪਾਸੇ 2019 ਤੋਂ 2021 ਦਰਮਿਆਨ ਤਿੰਨ ਸਾਲਾਂ ਵਿੱਚ ਚੰਡੀਗੜ੍ਹ ਵਿੱਚ ‘ਆਪ’ ਦਾ ਵੋਟ ਸ਼ੇਅਰ ਸੱਤ ਗੁਣਾ ਵਧਿਆ ਹੈ। ਜਿੱਥੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ 3.82 ਪ੍ਰਤੀਸ਼ਤ ਸੀ, ਉਹ 2021 ਦੀਆਂ ਨਗਰ ਨਿਗਮ ਚੋਣਾਂ ਵਿੱਚ ਵੱਧ ਕੇ 27.08 ਪ੍ਰਤੀਸ਼ਤ ਹੋ ਗਿਆ। ਨਿਗਮ ਚੋਣਾਂ 2021 'ਚ ਕਾਂਗਰਸ ਅਤੇ ਭਾਜਪਾ ਦਾ ਵੋਟ ਸ਼ੇਅਰ ਕ੍ਰਮਵਾਰ 29.79 ਫੀਸਦੀ ਅਤੇ 29.30 ਫੀਸਦੀ ਰਿਹਾ।