Kisan Protest: ਮੁਹਾਲੀ ਬੈਠੇ ਕਿਸਾਨਾਂ ਦਾ ਅੱਜ ਚੰਡੀਗੜ੍ਹ ਨੂੰ ਕੂਚ ਦਾ ਫੈਸਲਾ ! ਸੰਯੁਕਤ ਕਿਸਾਨ ਮੋਰਚੇ ਨੇ ਸੱਦੀ ਮੀਟਿੰਗ
Kisan Protest Mohali: ਟਰੈਕਟਰ-ਟਰਾਲੀਆਂ ਲੈ ਕੇ ਪੁੱਜੇ ਕਿਸਾਨ ਆਪਣੇ ਨਾਲ ਰਾਸ਼ਨ ਵੀ ਲੈ ਕੇ ਆਏ ਹਨ। ਧਰਨੇ ਵਾਲੀ ਥਾਂ ਦੇ ਨਾਲ ਹੀ ਲੰਗਰ ਵੀ ਚੱਲ ਰਹੇ ਹਨ। ਬਾਰਡਰ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹੈ।
Kisan Protest Mohali: ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਪੰਜਾਬ ਭਰ ਤੋਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਟਰੈਕਟਰ ਟਰਾਲੀਆਂ, ਗੱਡੀਆਂ, ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਤਿੰਨ ਰੋਜ਼ਾ ਮੋਰਚਾ ਲਾਉਣ ਲਈ ਚੰਡੀਗੜ੍ਹ ਪਹੁੰਚ ਗਏ ਹਨ। ਅੱਜ ਕਿਸਾਨਾਂ ਦੇ ਧਰਨੇ ਦਾ ਦੂਸਰਾ ਦਿਨ ਹੈ।
ਫ਼ਿਲਹਾਲ ਕਿਸਾਨਾਂ ਨੇ ਚੰਡੀਗੜ੍ਹ ਜਾ ਕੇ ਰਾਜ ਭਵਨ ਘੇਰਨ ਦਾ ਫ਼ੈਸਲਾ ਟਾਲ ਦਿੱਤਾ। ਅੱਜ ਸਵੇਰੇ ਇੱਥੇ ਇਕ ਬੈਠਕ ਕੀਤੀ ਜਾਵੇਗੀ ਜਿਸ 'ਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਟਰੈਕਟਰ-ਟਰਾਲੀਆਂ ਲੈ ਕੇ ਪੁੱਜੇ ਕਿਸਾਨ ਆਪਣੇ ਨਾਲ ਰਾਸ਼ਨ ਵੀ ਲੈ ਕੇ ਆਏ ਹਨ। ਧਰਨੇ ਵਾਲੀ ਥਾਂ ਦੇ ਨਾਲ ਹੀ ਲੰਗਰ ਵੀ ਚੱਲ ਰਹੇ ਹਨ। ਬਾਰਡਰ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹੈ।ਪੁਲਿਸ ਨੇ ਬੈਰੀਕੇਡਿੰਗ ਪੱਕੀ ਨਹੀਂ ਲਾਈ ਪਰ ਉਸ ਤੋਂ ਅੱਗੇ ਚੰਡੀਗੜ੍ਹ ਵਾਲੇ ਪਾਸੇ ਸੜਕ 'ਤੇ ਰੇਤ ਨਾਲ ਭਰੇ ਟਿੱਪਰ ਲਾਏ ਗਏ ਹਨ ਤੇ ਉਸ ਦੇ ਅੱਗੇ ਵੀ ਪੁਲਿਸ ਜਵਾਨ ਤਾਇਨਾਤ ਹਨ।
ਦੂਰ ਵਾਲੇ ਇਲਾਕਿਆਂ ਦੇ ਕਿਸਾਨ 25 ਨਵੰਬਰ ਹੀ ਚੰਡੀਗੜ੍ਹ ਦੇ ਨੇੜੇ ਪਹੁੰਚ ਗਏ ਸਨ। ਕਿਸਾਨਾਂ ਦੇ ਇਹ ਕਾਫਲੇ ਜਿਉਂ ਹੀ ਏਅਰਪੋਰਟ ਰੋਡ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਵੱਲ ਵਧੇ ਤਾਂ ਉਹਨਾਂ ਨੂੰ ਮੋਹਾਲੀ ਗੋਲਫ ਕੋਰਸ ਦੇ ਕੋਲ ਪੁਲਿਸ ਨੇ ਨਾਕਾਬੰਦੀ ਕਰਕੇ ਰੋਕਿਆਂ ਤਾਂ ਉਨ੍ਹਾਂ ਨੇ ਉਥੇ ਪੰਡਾਲ ਬਣਾ ਕੇ ਧਰਨਾ ਸ਼ੁਰੂ ਕਰ ਦਿੱਤਾ।
ਸਟੇਜ ਤੋਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਦਿੱਲੀ ਮੋਰਚੇ ਵੇਲੇ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ। ਇਸ ਲਈ ਸੰਯੁਕਤ ਕਿਸਾਨ ਮੋਰਚਾ, ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਇਹ ਪ੍ਰਦਰਸ਼ਣ ਕਰਨ ਲਈ ਮਜਬੂਰ ਹੈ।
ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਜੋਰਦਾਰ ਢੰਗ ਨਾਲ ਮੰਗ ਕੀਤੀ ਕਿ ਸਾਰੀਆਂ ਫਸਲਾਂ ਦੀ ਐਮ ਐਸ ਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਸੀ-2+50% ਦੇ ਫਾਰਮੂਲੇ ਨਾਲ ਬਣਾਇਆ ਜਾਵੇ।ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹਿਆ ਕਰਜਾ ਰੱਦ ਕਰਨ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ, ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਤੇ ਬਣਾਏ ਸਾਰੇ ਕੇਸ ਰੱਦ ਕਰਨ, ਬਿਜਲੀ ਦੇ ਵੰਡ ਖੇਤਰ ਦਾ ਨਿਜੀਕਰਨ ਕਰਨ ਵਾਲੇ ਬਿਜਲੀ ਸੋਧ ਬਿਲ 2022 ਨੂੰ ਰੱਦ ਕਰਨ , 60 ਸਾਲ ਤੋਂ ਵੱਧ ਉਮਰ ਦੇ ਸਾਰੇ ਕਿਸਾਨ ਮਜ਼ਦੂਰ ਮਰਦ ਔਰਤਾਂ ਨੂੰ 10 ਹਜਾਰ ਰੁਪਏ ਮਹੀਨਾ ਪੈਨਸ਼ਨ ਦੇਣ, ਸਰਲ ਅਤੇ ਪ੍ਰਭਾਵੀ ਫ਼ਸਲ ਬੀਮਾਂ ਯੋਜਨਾ ਲਾਗੂ ਕਰਨ, ਨਿਊਜ਼ਕਲਿੱਕ ਖਿਲਾਫ ਦਰਜ ਕੀਤੀ ਐਫ ਆਈ ਆਰ ਰੱਦ ਕਰਨ, ਖੇਤੀ ਨੂੰ ਕਾਰਪੋਰੇਟਾਂ ਕੋਲ ਵੇਚਣ ਦੀਆਂ ਸਾਰੀਆਂ ਨੀਤੀਆਂ ਰੱਦ ਕਰਨ, ਪਬਲਿਕ ਸੈਕਟਰ ਬਹਾਲ ਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰਨ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਕਿਸਾਨ ਲਹਿਰ ਨੂੰ ਨਿਸ਼ਾਨਾ ਬਣਾਉਣ ਲਈ ਦਿੱਤੇ ਜਾ ਰਹੇ ਬਿਆਨਾਂ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਹੜਾਂ ਅਤੇ ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਇੱਕ ਸਾਰ ਅਤੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਕਿਸਾਨਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਰੱਦ ਕੀਤਾ ਜਾਵੇ, ਝੋਨੇ ਤੋਂ ਖਹਿੜਾ ਛਡਵਾਉਣ ਲਈ ਸਬਜ਼ੀਆਂ, ਮੱਕੀ, ਮੂੰਗੀ, ਗੰਨਾ ਅਤੇ ਹੋਰ ਫਸਲਾਂ ਦੀ ਐਮ ਐਸ ਪੀ ਤੇ ਖਰੀਦ ਦੀ ਗਰੰਟੀ ਕੀਤੀ ਜਾਵੇ, ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਗੰਨਾ ਕਿਸਾਨਾਂ ਦਾ ਰਹਿੰਦਾ ਬਕਾਇਆ ਸਮੇਤ ਵਿਆਜ਼ ਜਾਰੀ ਕੀਤਾ ਜਾਵੇ, ਆਬਾਦਕਾਰ ਕਿਸਾਨਾਂ ਤੋਂ ਜਮੀਨਾਂ ਖੋਹਣੀਆਂ ਬੰਦ ਕਰ ਕੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, ਪਰਾਲੀ ਸਾੜਨ ਕਰਕੇ ਕਿਸਾਨਾਂ ਖਿਲਾਫ ਦਰਜ ਕੀਤੇ ਕੇਸ, ਰੈਡ ਐਂਟਰੀਆਂ ਅਤੇ ਹੋਰ ਸਾਰੀਆਂ ਕਾਰਵਾਈਆਂ ਰੱਦ ਕੀਤੀਆਂ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ।
ਮੋਰਚੇ ਦੇ ਧਰਨੇ ਨੂੰ ਬਲਬੀਰ ਸਿੰਘ ਰਾਜੇਵਾਲ ਨਾਲ ਸਬੰਧਤ ਪੰਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਥੇ ਸਮੇਤ ਸ਼ਮੂਲੀਅਤ ਕਰਕੇ ਸਮਰਥਨ ਦਿੱਤਾ ਇਸ ਤੋਂ ਇਲਾਵਾ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਜਥਿਆਂ ਸਮੇਤ ਅਤੇ ਰਜਿਸਟਰਡ ਮੈਡੀਕਲ ਐਸੋਸੀਏਸ਼ਨ ਨੇ ਵੀ ਸਮਰਥਨ ਦਿੱਤਾ। ਸੰਯੁਕਤ ਕਿਸਾਨ ਮੋਰਚਾ ਨੇ 27 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੋਰਚੇ ਵਿੱਚ ਮਨਾਉਣ ਦਾ ਐਲਾਨ ਵੀ ਕੀਤਾ ਹੈ।