AAP ਵੱਲੋਂ ਰਾਜ ਸਰਕਾਰ ਦੇ ਮਾਮਲਿਆਂ 'ਚ ਦਖਲ ਦੇਣ ਦੀ ਰਾਜਪਾਲ ਦੀ ਆਲੋਚਨਾ, ਕਿਹਾ - 'ਅਹੁਦਿਆਂ ਦੀ ਮਰਿਆਦਾ ਕਾਇਮ ਨਹੀਂ ਰੱਖ ਰਹੇ ਰਾਜਪਾਲ'
Chandigarh News : ਸੂਬਾ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਖਲ ਦੇਣ ਲਈ ਪੰਜਾਬ ਦੇ ਰਾਜਪਾਲ 'ਤੇ ਨਿਸ਼ਾਨਾ ਸਾਧਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਦੇ ਰਾਜਪਾਲ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਨਹੀਂ ਰੱਖ ਰਹੇ ਹਨ।
Chandigarh News : ਸੂਬਾ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਖਲ ਦੇਣ ਲਈ ਪੰਜਾਬ ਦੇ ਰਾਜਪਾਲ 'ਤੇ ਨਿਸ਼ਾਨਾ ਸਾਧਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਦੇ ਰਾਜਪਾਲ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਨਹੀਂ ਰੱਖ ਰਹੇ ਹਨ। 'ਆਪ' ਆਗੂਆਂ ਨੇ ਉਨ੍ਹਾਂ ਨੂੰ ਤੁਰੰਤ ਇਸ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਵੀ ਕੀਤੀ।
ਇੱਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਨਿੰਦਣਯੋਗ ਅਤੇ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਦੇ ਰਾਜਪਾਲ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਕੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਜਪਾਲ ਨੂੰ ਆਪਣੀਆਂ ਸੀਮਾਵਾਂ ਦਾ ਖਿਆਲ ਰੱਖਣ ਅਤੇ ਇਸ ਨੂੰ ਪਾਰ ਨਾ ਕਰਨ ਦੀ ਸਲਾਹ ਦਿੰਦਿਆਂ ਕੰਗ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਮਾਨ ਸਰਕਾਰ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਹਿੱਤਾਂ ਲਈ ਚੁਣੀ ਗਈ ਸਰਕਾਰ ਹੈ, ਇਸ ਲਈ ਉਨ੍ਹਾਂ ਨੂੰ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਗੋਂ ਉਹ ਰਾਜ ਦੀ ਕਾਇਆ ਕਲਪ ਕਰਨ ਲਈ ਉਨ੍ਹਾਂ ਨਾਲ ਸਹਿਯੋਗ ਕਰਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰਾਜਪਾਲ ਨੇ ਪ੍ਰਿੰਸੀਪਲਾਂ ਦੀ ਸਿੰਗਾਪੁਰ ਦੀ ਵਿਦਿਅਕ ਯਾਤਰਾ ਦੇ ਵੇਰਵੇ ਮੰਗੇ। ਨਸ਼ਿਆਂ ਬਾਰੇ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਸੱਤਾਧਾਰੀ 'ਆਪ' ਸਰਕਾਰ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਦੀਆਂ ਧੁਨਾਂ 'ਤੇ ਕੰਮ ਕਰ ਰਹੇ ਹਨ। ਕੰਗ ਨੇ ਕਿਹਾ ਕਿ ਗੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਦੇ ਰਾਜਪਾਲ ਸਰਕਾਰ ਨੂੰ ਕਮਜ਼ੋਰ ਕਰਨ ਵਾਲਾ ਹਥਿਆਰ ਬਣ ਗਏ ਹਨ ਅਤੇ ਪੰਜਾਬ ਦੇ ਰਾਜਪਾਲ ਵਿਰੋਧੀ ਧਿਰ ਵਾਂਗ ਕੰਮ ਕਰ ਰਹੇ ਹਨ।
ਉਨ੍ਹਾਂ ਰਾਜਪਾਲ ਨੂੰ ਯਾਦ ਦਿਵਾਇਆ ਕਿ ਧਾਰਾ 157 ਦੇ ਤਹਿਤ ਮੁੱਖ ਮੰਤਰੀ ਅਤੇ ਰਾਜਪਾਲ, ਦੋਵੇਂ ਭਾਰਤ ਦੇ ਸੰਵਿਧਾਨ ਪ੍ਰਤੀ ਜਵਾਬਦੇਹ ਹਨ ਅਤੇ ਰਾਜਪਾਲ ਮੰਤਰੀ ਮੰਡਲ ਦੀ ਸਹਾਇਤਾ ਅਤੇ ਸਲਾਹ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਨੇ ਵੀ ਕਿਹਾ ਹੈ, "ਖਰੜਾ ਕਮੇਟੀ ਨੇ ਮਹਿਸੂਸ ਕੀਤਾ, ਜਿਵੇਂ ਕਿ ਸਦਨ ਵਿੱਚ ਹਰ ਕੋਈ ਜਾਣਦਾ ਹੈ, ਕਿ ਰਾਜਪਾਲ ਕੋਲ ਕਿਸੇ ਕਿਸਮ ਦੇ ਕਾਰਜ ਜਾਂ ਸ਼ਕਤੀਆਂ ਨਹੀਂ ਹੁੰਦੀਆਂ। ਸੰਵਿਧਾਨ ਦੇ ਸਿਧਾਂਤਾਂ ਦੇ ਅਨੁਸਾਰ ਉਸਨੂੰ ਸਾਰੇ ਮਾਮਲਿਆਂ ਵਿੱਚ ਆਪਣੇ ਮੰਤਰਾਲੇ ਦੀ ਸਲਾਹ ਦੀ ਪਾਲਣਾ ਕਰਨੀ ਹੁੰਦੀ ਹੈ।"
'ਆਪ' ਦੇ ਬੁਲਾਰੇ ਨੇ ਕਿਹਾ ਕਿ ਰਾਜਪਾਲ ਨੇ ਇਸ ਪੱਤਰ ਨੂੰ ਪਹਿਲਾਂ ਮੁੱਖ ਮੰਤਰੀ ਦਫ਼ਤਰ ਭੇਜਣ ਦੀ ਬਜਾਏ ਮੀਡੀਆ ਨੂੰ ਦਿੱਤਾ ਗਿਆ ਕਿਉਂਕਿ ਉਹ ਭਾਜਪਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਹਨ ਅਤੇ ਉਹ ਲੋਕਾਂ ਦਾ ਧਿਆਨ 'ਆਪ' ਸਰਕਾਰ ਦੇ ਚੰਗੇ ਅਤੇ ਲੋਕ ਪੱਖੀ ਕੰਮਾਂ ਤੋਂ ਹਟਾਉਣਾ ਚਾਹੁੰਦੇ ਹਨ, ਜੋ ਉਹ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਪੂਰੀ ਤਨਦੇਹੀ ਨਾਲ ਕਰ ਰਹੇ ਹਨ।
ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਬੁਲਾਰੇ ਡਾ. ਸੰਨੀ ਆਹਲੂਵਾਲੀਆ ਨੇ ਐਤਵਾਰ ਨੂੰ 'ਆਪ' ਵੱਲੋਂ ਮੋਦੀ-ਅਡਾਨੀ ਦੀ ਜੋੜੀ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਆਪ ਆਗੂਆਂ 'ਤੇ ਕੀਤੇ ਲਾਠੀਚਾਰਜ ਅਤੇ ਪਾਣੀ ਦੀ ਬੁਛਾੜਾਂ ਲਈ ਰਾਜਪਾਲ ਅਤੇ ਭਾਜਪਾ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਵਿਚ ਆਪ ਦੇ 22 ਤੋਂ ਜ਼ਿਆਦਾ ਆਗੂ ਜ਼ਖ਼ਮੀ ਹੋਏ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ। ਪ੍ਰੈਸ ਕਾਨਫਰੰਸ ਵਿੱਚ ਯੂਥ ਆਗੂ ਪਰਮਿੰਦਰ ਸਿੰਘ ਗੋਲਡੀ ਅਤੇ ਰਾਜ ਕੌਰ ਗਿੱਲ ਮੌਜੂਦ ਸਨ ਜਿਨ੍ਹਾਂ ਦੇ ਲਾਠੀਚਾਰਜ ਦੌਰਾਨ ਸੱਟਾਂ ਲੱਗੀਆਂ ਸਨ।
ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਨੇ ਮੋਦੀ-ਅਡਾਨੀ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਉਹ ਭਾਜਪਾ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਇੱਕ ਵਿਅਕਤੀ ਨੂੰ ਐਨਾ ਫ਼ਾਇਦਾ ਕਿਉਂ ਪਹੁੰਚਾਇਆ ਜਾ ਰਹੇ। ਕਦੇ ਨਰਿੰਦਰ ਮੋਦੀ ਅਡਾਨੀ ਦੇ ਜਹਾਜ਼ ਵਿੱਚ ਸਫ਼ਰ ਕਰਦੇ ਹਨ ਅਤੇ ਕਦੇ ਅਡਾਨੀ ਪ੍ਰਧਾਨ ਮੰਤਰੀ ਮੋਦੀ ਨਾਲ ਵਿਦੇਸ਼ ਦੌਰਾ ਕਰਦੇ ਹਨ। ਕਿਵੇਂ ਸਿਰਫ਼ 8 ਸਾਲਾਂ ਵਿੱਚ ਗੌਤਮ ਅਡਾਨੀ ਦੀ ਸੰਪਤੀ 37 ਹਜ਼ਾਰ ਕਰੋੜ ਤੋਂ ਵਧ ਕੇ 13 ਲੱਖ ਕਰੋੜ ਹੋ ਗਈ ਜਦਕਿ ਬਾਕੀ ਦੇਸ਼ ਦੀ ਅਰਥਵਿਵਸਥਾ ਸੰਕਟ ਨਾਲ ਜੂਝ ਰਹੀ ਹੈ ਅਤੇ ਬੇਰੁਜ਼ਗਾਰੀ ਦਰ ਸਿਖ਼ਰ 'ਤੇ ਹੈ।