Floods : ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਦੇਖਦੇ ਡਿਪਟੀ ਕਮਿਸ਼ਨਰ ਲੋਕਾਂ ਨੂੰ ਰਾਹਤ ਕੇਂਦਰਾਂ ਵਿੱਚ ਪਹੁੰਚਣ ਦੀ ਕੀਤੀ ਅਪੀਲ
Laljeet Singh Bhullar ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਘੜੁੰਮ ਵਿਖੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਜੰਗੀ ਪੱਧਰ ‘ਤੇ ਚਲਾਏ ....
Flood in Punjab : ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਘੜੁੰਮ ਵਿਖੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਜੰਗੀ ਪੱਧਰ ‘ਤੇ ਚਲਾਏ ਜਾ ਰਹੇ ਰਾਹਤ ਕੰਮਾਂ ਦਾ ਅੱਜ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਬਲਦੀਪ ਕੌਰ ਵੀ ਮੌਜੂਦ ਰਹੇ।
ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾ ਕੇ, ਸਥਾਨਕ ਲੋਕਾਂ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਜੰਗੀ ਪੱਧਰ ‘ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਦਰਿਆ ਸਤਲੁਜ ਵਿੱਚ ਪਹਿਲਾ ਆਏ ਹੜ੍ਹਾਂ ਕਾਰਨ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਕੰਮ ਚੱਲ ਰਿਹਾ ਸੀ ਪਰ ਪਿਛਲੇ ਦਿਨਾਂ ਫਿਰ ਤੋਂ ਪਹਾੜਾਂ ਵਿੱਚ ਆਏ ਭਾਰੀ ਮੀਂਹ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ ਜਿਸ ਕਾਰਨ ਪਾਣੀ ਦੀ ਮਾਰ ਨਾ ਝੱਲਦੇ ਹੋਏ ਬੰਨ੍ਹ ਵਿੱਚ ਪਾੜ ਪੈ ਗਿਆ। ਉਨ੍ਹਾਂ ਕਿਹਾ ਕਿ ਹੁਣ ਦਰਿਆ ਵਿੱਚ ਪਾਣੀ ਦਾ ਵਹਾਅ ਘੱਟ ਹੋਇਆ ਹੈ। ਇਸ ਲਈ ਬੰਨ੍ਹ ਨੂੰ ਪੂਰਨ ਤੋਂ ਇਲਾਵਾ ਹੋਰ ਸੰਵੇਦਨਸ਼ੀਲ ਥਾਵਾਂ ਨੂੰ ਮਜ਼ਬੂਤ ਕਰਨ ਲਈ ਵੀ ਲਗਾਤਾਰ ਕੰਮ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾੜ ਨੂੰ ਪੂਰਨ ਲਈ ਸ਼ੁਰੂ ਕੀਤੇ ਗਏੇ ਰਾਹਤ ਕਾਰਜਾਂ ਨੂੰ 24 ਘੰਟੇ ਚਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪੁਲਿਸ ਵਿਭਾਗ, ਮਾਲ ਵਿਭਾਗ, ਡਰੇਨੇਜ ਵਿਭਾਗ ਅਤੇ ਸਿਵਲ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਪਾੜ ਨੂੰ ਪੂਰਨ ਲਈ ਦੋਹਾਂ ਸਿਰਿਆਂ ਤੋਂ ਕੰਮ ਸ਼ੁਰੂ ਕੀਤਾ ਗਿਆ ਹੈ। ਸਥਾਨਕ ਲੋਕ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ 2 ਲੱਖ ਤੋਂ ਵੱਧ ਮਿੱਟੀ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਅਪੀਲ ਕੀਤੀ ਕਿ ਅਜੇ ਵੀ ਜੋ ਲੋਕ ਆਪਣੀ ਮਰਜ਼ੀ ਨਾਲ ਰਹਿ ਗਏ ਹਨ, ਉਹ ਐੱਨ.ਡੀ.ਆਰ.ਐੱਫ਼. ਦੀਆਂ ਟੀਮਾਂ ਨਾਲ ਸਹਿਯੋਗ ਕਰਨ ਅਤੇ ਜਲਦ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਟ ਬੁੱਢਾ, ਦੁੱਬਲੀ, ਖੇਮਕਰਨ, ਸਭਰਾਅ, ਵਲਟੋਹਾ, ਤਲਵੰਡੀ ਸੋਭਾ ਸਿੰਘ ਅਤੇ ਹਰੀਕੇ ਦੇ ਸਰਕਾਰੀ ਸਕੂਲਾਂ ਵਿਚ 7 ਰਾਹਤ ਕੇਂਦਰ ਬਣਾਏ ਗਏ ਹਨ।
ਉਨ੍ਹਾਂ ਸੜਕਾਂ ‘ਤੇ ਟਰਾਲੀਆਂ ਵਿੱਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਰਾਹਤ ਕੇਂਦਰਾਂ ਵਿੱਚ ਪਹੁੰਚਣ, ਜਿੱਥੇ ਉਨ੍ਹਾਂ ਨੂੰ ਹਰ ਲੋੜੀਂਦੀਆਂ ਸੁਵਿਧਾਵਾਂ ਤੇ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਵੱਲੋਂ ਰੈਸਟ ਹਾਊਸ ਹਰੀਕੇ ਵਿੱਚ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਬਲਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ, ਐੱਸ. ਡੀ. ਐੱਮ. ਖਡੂਰ ਸਾਹਿਬ ਦੀਪਕ ਭਾਟੀਆ, ਐੱਸ. ਡੀ. ਐੱਮ. ਤਰਨ ਤਾਰਨ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਭਿੱਖੀਵਿੰਡ ਅਨਿਲ ਗੁਪਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਭੁੱਲਰ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਆਫ਼ਤ ਦੀ ਇਸ ਸਥਿਤੀ ਦੇ ਮੱਦੇਨਜ਼ਰ ਧੀਰਜ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾ ਤੋਂ ਹੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ 7 ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਦਵਾਈਆਂ, ਤਰਪਾਲਾਂ, ਮੱਛਰਦਾਨੀਆਂ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈ ਜਾ ਰਹੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਨਾਲ ਪ੍ਰਭਾਵਿਤ ਲੋਕ ਰਾਹਤ ਕੇਂਦਰ ਵਿੱਚ ਆਉਣ, ਜਿੱਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਤੇ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ ਬਾਹਰ ਕੱਢੇ ਗਏ ਪਸ਼ੂਆਂ ਨੂੰ ਰੱਖਣ ਲਈ ਵੀ ਨੀਲੀ ਰਾਵੀ ਮੱਝਾਂ ਦੇ ਰਿਸਰਚ ਕੇਂਦਰ ਹਰੀਕੇ ਅਤੇ ਦਾਣਾ ਮੰਡੀ ਸਭਰਾਅ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਇਨ੍ਹਾਂ ਥਾਵਾਂ ‘ਤੇ 400 ਤੋਂ ਵੱਧ ਪਸ਼ੂਆਂ ਨੂੰ ਰੱਖਣ ਦੀ ਸਮਰੱਥਾ ਹੈ, ਜਿੱਥੇ ਪਸ਼ੂਆਂ ਲਈ ਸੁੱਕੇ ਤੇ ਹਰੇ ਚਾਰੇ ਤੋਂ ਇਲਾਵਾ ਫੀਡ ਅਤੇ ਸਾਇਲੇਜ਼ ਵੀ ਮੁਹੱਈਆ ਕਰਵਾਇਆ ਜਾਵੇਗਾ।