(Source: ECI/ABP News/ABP Majha)
Punjab News : ਪੰਜਾਬ ਪੁਲਿਸ ਦਾ ਕਾਰਨਾਮਾ! ਸੇਵਾਮੁਕਤੀ ਤੋਂ ਅੱਠ ਸਾਲ ਬਾਅਦ ਇੰਸਪੈਕਟਰ ਨੂੰ ਬਣਾਇਆ ਡੀਐਸਪੀ
ਪੰਜਾਬ ਪੁਲਿਸ ਦੇ ਇੰਸਪੈਕਟਰ ਸਤਨਾਮ ਸਿੰਘ ਤਰੱਕੀ ਨੂੰ ਉਡੀਕਦੇ ਹੋਏ 31 ਮਈ 2015 ਨੂੰ ਸੇਵਾਮੁਕਤ ਹੋ ਗਏ ਸੀ ਪਰ ਪੁਲਿਸ ਵਿਭਾਗ ਵੱਲੋਂ ਸੇਵਾਮੁਕਤੀ ਤੋਂ ਅੱਠ ਸਾਲ ਬਾਅਦ ਹੁਣ ਸਤਨਾਮ ਸਿੰਘ ਨੂੰ ਤਰੱਕੀ ਦੇ ਕੇ ਡੀਐਸਪੀ ਬਣਾਇਆ ਗਿਆ ਹੈ।
Chandigarh News: ਪੰਜਾਬ ਪੁਲਿਸ ਦੇ ਇੰਸਪੈਕਟਰ ਨੂੰ ਸੇਵਾਮੁਕਤ ਹੋਣ ਤੋਂ ਅੱਠ ਸਾਲ ਬਾਅਦ ਤਰੱਕੀ ਦੇ ਕੇ ਡੀਐਸਪੀ ਬਣਾਇਆ ਗਿਆ ਹੈ। ਪੰਜਾਬ ਪੁਲਿਸ ਦੇ ਇੰਸਪੈਕਟਰ ਸਤਨਾਮ ਸਿੰਘ ਤਰੱਕੀ ਨੂੰ ਉਡੀਕਦੇ ਹੋਏ 31 ਮਈ 2015 ਨੂੰ ਸੇਵਾਮੁਕਤ ਹੋ ਗਏ ਸੀ ਪਰ ਪੁਲਿਸ ਵਿਭਾਗ ਵੱਲੋਂ ਸੇਵਾਮੁਕਤੀ ਤੋਂ ਅੱਠ ਸਾਲ ਬਾਅਦ ਹੁਣ ਸਤਨਾਮ ਸਿੰਘ ਨੂੰ ਤਰੱਕੀ ਦੇ ਕੇ ਡੀਐਸਪੀ ਬਣਾਇਆ ਗਿਆ ਹੈ।
ਭਾਵੇਂ ਸਤਨਾਮ ਸਿੰਘ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ, ਪਰ ਹੁਣ ਉਨ੍ਹਾਂ ਨੂੰ ਸੇਵਾਮੁਕਤੀ ਮਗਰੋਂ ਡੀਐਸਪੀ ਦੇ ਅਹੁਦੇ ਦੇ ਵੀ ਸਾਰੇ ਲਾਭ ਮਿਲਣਗੇ। ਇਹ ਖੁਲਾਸਾ ਪੰਜਾਬ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਾਥੀ ਇੰਸਪੈਕਟਰ ਸਤਨਾਮ ਸਿੰਘ ਨੂੰ ਡੀਐਸਪੀ ਵਜੋਂ ਤਰੱਕੀ ਮਿਲਣ ’ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਪਣੀ ਤਰੱਕੀਆਂ ਨੂੰ ਉਡੀਕ ਰਹੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਸਮੇਂ ਸਿਰ ਤਰੱਕੀ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਸੇਵਾਮੁਕਤ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਤੇ ਉਨ੍ਹਾਂ ਦੇ ਹੱਲ ਲਈ ਯੋਗ ਪੈਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ। ਮਹਿੰਦਰ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਆਪਣੀ ਨੌਕਰੀ ਦੌਰਾਨ ਤਰੱਕੀ ਦੀ ਉਡੀਕ ਕਰਦੇ ਰਹਿੰਦੇ ਹਨ ਤੇ ਕਾਫ਼ੀ ਵਿਅਕਤੀਆਂ ਨੂੰ ਸਮੇਂ ’ਤੇ ਤਰੱਕੀ ਨਾ ਮਿਲਣ ਕਾਰਨ ਉਹ ਹੇਠਲੇ ਅਹੁਦੇ ’ਤੇ ਹੀ ਰਿਟਾਇਰ ਹੋ ਜਾਂਦੇ ਹਨ ਜੋ ਸਰਾਸਰ ਗਲਤ ਤੇ ਬੇਇਨਸਾਫ਼ੀ ਹੈ।
ਇਸ ਦੌਰਾਨ ਪੰਜਾਬ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਵਿੱਚ ਵਾਧਾ ਕੀਤਾ ਗਿਆ। ਸਾਬਕਾ ਇੰਸਪੈਕਟਰ ਹਰਭਿੰਦਰ ਕੁਮਾਰ ਨੂੰ ਮੁਹਾਲੀ ਹਲਕੇ ਦਾ ਮੀਤ ਪ੍ਰਧਾਨ ਤੇ ਖਜ਼ਾਨਚੀ, ਸਾਬਕਾ ਇੰਸਪੈਕਟਰ ਸਤਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਹਲਕਾ ਮੁਲਾਂਪੁਰ ਗ਼ਰੀਬਦਾਸ, ਸਾਬਕਾ ਥਾਣੇਦਾਰ ਮਹਿੰਦਰ ਸਿੰਘ ਭਾਂਖਰਪੁਰ ਨੂੰ ਮੀਤ ਪ੍ਰਧਾਨ ਹਲਕਾ ਡੇਰਾਬੱਸੀ, ਸਾਬਕਾ ਥਾਣੇਦਾਰ ਰਾਮੇਸ਼ ਕੁਮਾਰ ਨੂੰ ਮੀਤ ਪ੍ਰਧਾਨ ਹਲਕਾ ਕੁਰਾਲੀ, ਸਾਬਕਾ ਇੰਸਪੈਕਟਰ ਬਲਵੀਰ ਸਿੰਘ ਨੂੰ ਸਕੱਤਰ-ਕਮ-ਦਫ਼ਤਰ ਇੰਚਾਰਜ, ਸਾਬਕਾ ਥਾਣੇਦਾਰ ਰਘਬੀਰ ਸਿੰਘ ਤੇ ਸਮਸ਼ੇਰ ਸਿੰਘ ਨੂੰ ਸਕੱਤਰ ਤੇ ਸਾਬਕਾ ਥਾਣੇਦਾਰ ਗਿਆਨ ਸਿੰਘ, ਕਸ਼ਮੀਰ ਸਿੰਘ, ਅਸ਼ੋਕ ਕੁਮਾਰ ਅਤੇ ਈਸ਼ਰ ਸਿੰਘ, ਜਸਵੰਤ ਸਿੰਘ ਤੇ ਹਰਚੰਦ ਸਿੰਘ (ਸਾਰੇ ਸਾਬਕਾ ਥਾਣੇਦਾਰ) ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।