Punjab News: ਹੜ੍ਹਾਂ 'ਚ ਤਬਾਹ ਫ਼ਸਲਾਂ ਦੇ ਮੁਆਵਜ਼ੇ ਲਈ 15 ਅਗਸਤ ਤੱਕ ਦੀ ਡੈੱਡਲਾਈਨ, ਸੰਯੁਕਤ ਕਿਸਾਨ ਮੋਰਚੇ ਵੱਲੋਂ 19 ਅਗਸਤ ਨੂੰ ਵੱਡੇ ਐਕਸ਼ਨ ਦਾ ਐਲਾਨ
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮੀਟਿੰਗ ਹੋਈ। ਇਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਹੜ੍ਹਾਂ ਵਿੱਚ ਕਿਸਾਨਾਂ ਦੀਆਂ ਤਬਾਹ ਹੋਈਆਂ ਫ਼ਸਲਾਂ...
Jalandhar News: ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮੀਟਿੰਗ ਹੋਈ। ਇਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਹੜ੍ਹਾਂ ਵਿੱਚ ਕਿਸਾਨਾਂ ਦੀਆਂ ਤਬਾਹ ਹੋਈਆਂ ਫ਼ਸਲਾਂ ਦਾ ਅਜੇ ਤੱਕ ਮੁਆਵਜ਼ਾ ਨਾ ਦੇਣ ’ਤੇ 19 ਅਗਸਤ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਸਾਰੇ ਵਿਧਾਇਕਾਂ ਅਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਬਲਵਿੰਦਰ ਸਿੰਘ ਮੱਲੀ ਨੰਗਲ ਤੇ ਮੇਜਰ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਕੇਂਦਰ ਅਤੇ ਸੂਬਾ ਸਰਕਾਰ ਨੇ 15 ਅਗਸਤ ਤੱਕ ਮੁਆਵਜ਼ਾ ਦੇਣਾ ਸ਼ੁਰੂ ਨਾ ਕੀਤਾ ਤਾਂ 19 ਅਗਸਤ ਨੂੰ ਸੰਯੁਕਤ ਮੋਰਚਾ ਵੱਡੇ ਪੱਧਰ ’ਤੇ ਪੰਜਾਬ ਵਿਚਲੇ ‘ਆਪ’ ਤੇ ਭਾਜਪਾ ਦੇ ਸਾਰੇ ਵਿਧਾਇਕਾਂ, ਮੰਤਰੀਆਂ ਤੇ ਐਮਪੀਜ਼ ਦੇ ਘਰਾਂ ਦਾ ਘਿਰਾਓ ਕਰਕੇ ਕਿਸਾਨਾਂ ਦੇ ਹੱਕਾਂ ਲਈ ਚਿਤਾਵਨੀ ਪੱਤਰ ਦੇਵੇਗਾ।
ਕਿਸਾਨ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਵਿਧਾਇਕ, ਮੰਤਰੀ ਜਾਂ ਫਿਰ ਐਮਪੀਜ਼ ਨੇ ਚਿਤਾਵਨੀ ਪੱਤਰ ਨਾ ਲਿਆ ਤਾਂ ਉਸ ਆਗੂ ਦੇ ਘਰ ਅੱਗੇ ਪੱਕਾ ਧਰਨਾ ਲਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕੇ ਕੇਂਦਰ ਤੇ ਪੰਜਾਬ ਸਰਕਾਰ ਹੜ੍ਹਾਂ ਨੂੰ ਕੁਦਰਤੀ ਆਫਤ ਐਲਾਨ ਕੇ ਕਿਸਾਨਾਂ ਨੂੰ ਸਪੈਸ਼ਲ ਪੈਕਜ ਰਾਹੀਂ ਜਲਦ ਤੋਂ ਜਲਦ ਮੁਆਵਜ਼ਾ ਦੇਵੇ।
ਪੰਜਾਬ 'ਚ ਸਵਾ ਛੇ ਲੱਖ ਏਕੜ ਫ਼ਸਲ ਤਬਾਹ
ਦੱਸ ਦਈਏ ਕਿ ਪੰਜਾਬ ’ਚ ਹੜ੍ਹਾਂ ਕਾਰਨ ਤਬਾਹੀ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਸੂਬੇ ਵਿੱਚ ਕਰੀਬ ਸਵਾ ਛੇ ਲੱਖ ਏਕੜ ਫ਼ਸਲ ਤਬਾਹ ਹੋਈ ਹੈ। ਇਸ ਦੌਰਾਨ 54 ਲੋਕਾਂ ਦੀ ਜਾਨ ਚਲੀ ਗਈ ਤੇ 27 ਹਜ਼ਾਰ ਪਸ਼ੂ ਮਰ ਗਏ। ਇਹ ਖੁਲਾਸਾ ਸਰਕਾਰੀ ਅੰਕੜਿਆਂ ਵਿੱਚ ਹੋਇਆ ਹੈ। ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਅੰਤਰ ਮੰਤਰਾਲਾ ਟੀਮ ਨੂੰ ਰਿਪੋਰਟ ਸੌਂਪੀ ਹੈ।
ਪੰਜਾਬ ਸਰਕਾਰ ਨੇ ਫ਼ਸਲੀ ਨੁਕਸਾਨ ਦੀ ਭਰਪਾਈ ਲਈ 605 ਕਰੋੜ ਰੁਪਏ ਦਾ ਅਨੁਮਾਨ ਲਾਇਆ ਹੈ। ਉਂਝ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਮੁੱਢਲੇ ਅਨੁਮਾਨਾਂ ਮੁਤਾਬਕ 1210 ਕਰੋੜ ਰੁਪਏ ਮੁਆਵਜ਼ੇ ਵਜੋਂ ਮਿਲਣਗੇ। ਕੇਂਦਰੀ ਨਿਯਮਾਂ ਅਨੁਸਾਰ ਨੁਕਸਾਨੀ ਖੜ੍ਹੀ ਫ਼ਸਲ ਦਾ ਮੁਆਵਜ਼ਾ ਹੀ ਦਿੱਤਾ ਜਾ ਸਕਦਾ ਹੈ ਜਦੋਂਕਿ ਝੋਨੇ ਦੀ ਫ਼ਸਲ ਦੀ ਹਾਲੇ ਲੁਆਈ ਹੀ ਹੋਈ ਸੀ। ਕੇਂਦਰੀ ਨਿਯਮ ਮੁੱਢਲੇ ਪੜਾਅ ਦੇ ਪੌਦਿਆਂ ਨੂੰ ਫ਼ਸਲ ਨਹੀਂ ਮੰਨਦੇ।