Punjab News: ਵਿਜੀਲੈਂਸ ਨੂੰ ਵੱਡੀ ਸਫਲਤਾ: PSPCL ਦਾ ਜੇਈ ਅਤੇ ਠੇਕੇਦਾਰ ਨੂੰ ਰੰਗੇ ਹੱਥੀਂ ਕੀਤਾ ਕਾਬੂ, ਲਏ 15 ਹਜ਼ਾਰ ਰੁਪਏ ਦੀ ਰਿਸ਼ਵਤ! ਵਿਭਾਗ 'ਚ ਮੱਚੀ ਹਲਚਲ
ਵਿਜੀਲੈਂਸ ਬਿਊਰੋ ਦੇ ਹੱਥ ਵੱਡੀ ਕਾਮਯਾਬੀ ਹੱਥ ਲੱਗੀ ਹੈ। ਬਿਜਲੀ ਵਿਭਾਗ ਦੇ ਵਿੱਚ ਛੁਪੀ ਹੋਈ ਕਾਲੀ ਭੇਡ ਕਾਬੂ ਕਰ ਲਈ ਹੈ। ਜੋ ਕਿ ਭੋਲੇ-ਭਾਲੇ ਲੋਕਾਂ ਦੇ ਕੰਮ ਰਿਸ਼ਵਤ ਲੈ ਕੇ ਕਰਦਾ ਸੀ ਨਾਲ ਹੀ ਇੱਕ ਠੇਕੇਦਾਰ ਵੀ ਕਾਬੂ ਕੀਤਾ ਹੈ।

ਵਿਜੀਲੈਂਸ ਬਿਊਰੋ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦਾ ਧੰਦਾ ਚਲਾ ਰਹੇ ਮੁਲਾਜ਼ਮਾਂ ਦੇ ਪਰਦਾਫਾਸ਼ ਕਰਕੇ ਕਾਬੂ ਕਰ ਰਹੇ ਹਨ। ਨਵਾਂ ਮਾਮਲਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੀ.ਐੱਸ.ਪੀ.ਸੀ.ਐੱਲ. (PSPCL) ਦੇ ਜੂਨੀਅਰ ਇੰਜੀਨੀਅਰ ਨਿਰਮਲ ਸਿੰਘ ਅਤੇ ਸਰਕਾਰੀ ਮੰਨਜ਼ੂਰਸ਼ੁਦਾ ਠੇਕੇਦਾਰ ਸਤਨਾਮ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥਾਂ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਪ੍ਰਵਕਤਾ ਦੇ ਅਨੁਸਾਰ, ਸ਼ਿਕਾਇਤਕਾਰ ਜੋ ਦਸੂਹਾ ਦੀ ਤਹਿਸੀਲ ਦਾ ਨਿਵਾਸੀ ਅਤੇ ਟੈਕਸੀ ਚਾਲਕ ਹੈ, ਕੋਲ ਪਿੰਡ ਵਿੱਚ 13 ਮਰਲੇ ਦਾ ਪਲਾਟ ਹੈ, ਜਿਸ ਵਿੱਚੋਂ 3-ਫੇਜ਼ ਤਾਰਾਂ ਗੁਆਂਢ ਦੇ ਕੰਤਾ ਪੁੱਤਰ ਦੇਸਾ ਸਿੰਘ ਦੀ ਮੋਟਰ ਤੱਕ ਜਾਂਦੀਆਂ ਸਨ। ਸ਼ਿਕਾਇਤਕਾਰ ਨੇ ਪੀ.ਐੱਸ.ਪੀ.ਸੀ.ਐੱਲ. ਸਬ-ਡਿਵੀਜ਼ਨ ਦਸੂਹਾ ਵਿੱਚ ਅਰਜ਼ੀ ਦੇ ਕੇ ਇਹ ਤਾਰਾਂ ਪਲਾਟ ਦੇ ਇਕ ਪਾਸੇ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਜੂਨੀਅਰ ਇੰਜੀਨੀਅਰ ਨਿਰਮਲ ਸਿੰਘ ਨੇ ਸਾਈਟ ਸਰਵੇ ਕੀਤਾ ਅਤੇ ਸ਼ਿਕਾਇਤਕਾਰ ਤੋਂ ਅਨੁਮਾਨ ਤਿਆਰ ਕਰਨ ਲਈ 5,000 ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸਨੇ ਰਿਸ਼ਵਤ ਦੇ 5,000 ਰੁਪਏ ਹੋਰ ਮੰਗ ਲਏ। ਬਾਅਦ ਵਿੱਚ ਜੂਨੀਅਰ ਇੰਜੀਨੀਅਰ ਨਿਰਮਲ ਸਿੰਘ ਅਤੇ ਠੇਕੇਦਾਰ ਸਤਨਾਮ ਸਿੰਘ ਦੁਬਾਰਾ ਸ਼ਿਕਾਇਤਕਾਰ ਦੇ ਘਰ ਪਹੁੰਚੇ, ਜਿੱਥੇ ਠੇਕੇਦਾਰ ਨੇ ਤਾਰਾਂ ਬਦਲਣ ਲਈ 12,000 ਰੁਪਏ ਦੀ ਮੰਗ ਕੀਤੀ। ਗੱਲਬਾਤ ਤੋਂ ਬਾਅਦ ਸ਼ਿਕਾਇਤਕਾਰ 10,000 ਰੁਪਏ ਦੇਣ 'ਤੇ ਤਿਆਰ ਹੋ ਗਿਆ, ਜਦਕਿ ਜੂਨੀਅਰ ਇੰਜੀਨੀਅਰ ਨੇ ਪਹਿਲਾਂ ਮੰਗੇ ਗਏ ਬਾਕੀ 5,000 ਰੁਪਏ ਵੀ ਦੇਣ ਲਈ ਕਿਹਾ।
ਹਾਲਾਂਕਿ ਠੇਕੇਦਾਰ ਨੇ ਮੰਨਜ਼ੂਰਸ਼ੁਦਾ ਨਕਸ਼ੇ ਦੇ ਅਨੁਸਾਰ ਤਾਰਾਂ ਬਦਲ ਦਿੱਤੀਆਂ ਸਨ, ਪਰ ਸ਼ਿਕਾਇਤਕਾਰ ਨੇ ਉਸੇ ਦਿਨ ਰਿਸ਼ਵਤ ਨਹੀਂ ਦਿੱਤੀ। ਇਸ ਤੋਂ ਬਾਅਦ ਦੋਵੇਂ ਆਰੋਪੀਆਂ ਨੇ ਵਾਰ-ਵਾਰ ਫ਼ੋਨ ਕਰਕੇ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਾਰ ਨੇ ਪੂਰੀ ਗੱਲਬਾਤ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਅਤੇ ਸਬੂਤਾਂ ਦੇ ਨਾਲ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ।
ਵਿਜੀਲੈਂਸ ਬਿਊਰੋ ਨੇ ਇੰਝ ਵਿਛਾਇਆ ਜਾਲ
ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਨੇ ਯੋਜਨਾ ਬਣਾ ਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਵੇਂ ਆਰੋਪੀਆਂ ਨੂੰ ਸ਼ਿਕਾਇਤਕਾਰ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ ਲਿਆ। ਦੋਵੇਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਨਿਰੋਧਕ ਅਧਿਨਿਯਮ ਦੀ ਸੰਬੰਧਿਤ ਧਾਰਾਵਾਂ ਅਧੀਨ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















