Jalandhar News: ਸੈਂਸਰਾਂ ਵਾਲਾ ਗੁਰਦੁਆਰਾ! ਅਣਜਾਣ ਵਿਅਕਤੀ ਦੇ ਅੰਦਰ ਵੜਦੇ ਹੀ ਵੱਜਣ ਲੱਗਦੇ ਹੂਟਰ
ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਾਹਰ ਐਸੇ ਸੈਂਸਰ ਲੱਗੇ ਹੋਏ ਹਨ ਕਿ ਜੇ ਕੋਈ ਇਨਸਾਨ ਗੁਰਦੁਆਰਾ ਸਾਹਿਬ ਦੇ ਦਰਵਾਜੇ ਦੀ ਕੁੰਡੀ ਨੂੰ ਵੀ ਹੱਥ ਲਾ ਦੇਵੇ ਤਾਂ ਉਸੇ ਵੇਲੇ ਗੁਰਦੁਆਰਾ ਸਾਹਿਬ ਉੱਪਰ ਲੱਗੇ ਸਪੀਕਰਾਂ ਵਿੱਚ ਹੂਟਰ ਦੀ ਆਵਾਜ਼ ਆਉਣ ਲੱਗ ਜਾਂਦੀ ਹੈ।
Jalandhar News: ਪੰਜਾਬ ਵਿੱਚ ਚੋਰੀ, ਡਕੈਤੀ, ਬੇਅਦਬੀ ਦੀਆਂ ਵਾਰਦਾਤਾਂ ਨੂੰ ਵਧਦਾ ਦੇਖ ਹੁਣ ਲੋਕ ਆਪਣਾ ਬਚਾਅ ਆਪ ਕਰਦੇ ਹੋਏ ਨਜ਼ਰ ਆ ਰਹੇ ਹਨ। ਗੁਰਦੁਆਰਿਆਂ ਵਿੱਚ ਸੀਸੀਟੀਵੀ ਕੈਮਰੇ ਲੱਗਣੇ ਆਮ ਗੱਲ ਹੈ। ਇਸ ਨਾਲ ਇਹ ਪਤਾ ਤਾਂ ਲੱਗਦਾ ਹੈ ਕਿ ਬੇਅਦਬੀ ਜਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਕਿਸ ਨੇ ਦਿੱਤਾ ਹੈ ਪਰ ਬਾਵਜੂਦ ਇਸ ਦੇ ਇਨ੍ਹਾਂ ਵਾਰਦਾਤਾਂ ਨੂੰ ਰੋਕਿਆ ਨਹੀਂ ਜਾ ਸਕਿਆ।
ਪੰਜਾਬ ਦੇ ਫਗਵਾੜਾ-ਹੁਸ਼ਿਆਰਪੁਰ ਰੋਡ ਉੱਪਰ ਪਿੰਡ ਰਾਜਪੁਰ ਭਾਈਆਂ ਵਿੱਚ ਇੱਕ ਅਜਿਹਾ ਗੁਰਦੁਆਰਾ ਹੈ ਜਿੱਥੇ ਨਾ ਤੇ ਕੋਈ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਨਾ ਹੀ ਕੋਈ ਬੇਅਦਬੀ ਦੀ ਵਾਰਦਾਤ ਨੂੰ। ਇਹੀ ਨਹੀਂ ਗੁਰਦੁਆਰਾ ਸਾਹਿਬ ਅੰਦਰ ਪਾਲਕੀ ਸਾਹਿਬ ਉੱਪਰ ਲੱਗਾ ਚੰਦੋਆ ਸਾਹਿਬ ਦੇਖਣ ਵੀ ਇੱਥੇ ਲੋਕ ਦੂਰੋਂ ਦੂਰੋਂ ਆਉਂਦੇ ਹਨ।
ਗੁਰਦੁਆਰਾ ਧੰਨ ਧੰਨ ਬਾਬਾ ਮੇਹਰ ਸਿੰਘ ਵਿਖੇ ਗੁਰਦੁਵਾਰਾ ਕਮੇਟੀ ਤੇ ਪਿੰਡ ਦੀ ਸੰਗਤ ਵੱਲੋਂ ਐਸੇ ਇੰਤਜਾਮ ਕੀਤੇ ਗਏ ਹਨ ਕਿ ਕਿਸੇ ਅਣਜਾਣ ਵਿਅਕਤੀ ਦੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੁੰਦੇ ਹੀ ਪੂਰੇ ਪਿੰਡ ਨੂੰ ਪਤਾ ਚੱਲ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਾਹਰ ਐਸੇ ਸੈਂਸਰ ਲੱਗੇ ਹੋਏ ਹਨ ਕਿ ਜੇ ਕੋਈ ਇਨਸਾਨ ਗੁਰਦੁਆਰਾ ਸਾਹਿਬ ਦੇ ਦਰਵਾਜੇ ਦੀ ਕੁੰਡੀ ਨੂੰ ਵੀ ਹੱਥ ਲਾ ਦੇਵੇ ਤਾਂ ਉਸੇ ਵੇਲੇ ਗੁਰਦੁਆਰਾ ਸਾਹਿਬ ਉੱਪਰ ਲੱਗੇ ਸਪੀਕਰਾਂ ਵਿੱਚ ਹੂਟਰ ਦੀ ਆਵਾਜ਼ ਆਉਣ ਲੱਗ ਜਾਂਦੀ ਹੈ।
ਗੁਰਦੁਆਰਾ ਕਮੇਟੀ ਦੇ ਮੈਂਬਰ ਪ੍ਰੀਤਮ ਸਿੰਘ ਮੁਤਾਬਕ ਅੱਜਕਲ੍ਹ ਦੇ ਜੋ ਹਾਲਾਤ ਨੇ, ਜਿੱਥੇ ਲੋਕ ਗੁਰਦੁਆਰਾ ਸਾਹਿਬ ਤਕ ਨੂੰ ਨਹੀਂ ਬਖਸ਼ ਰਹੇ। ਆਏ ਦਿਨ ਗੁਰਦੁਆਰਿਆਂ ਵਿੱਚ ਚੋਰੀਆਂ ਤੇ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਗੁਰਦੁਆਰੇ ਦੇ ਐਸੇ ਸੈਂਸਰ ਲਾਏ ਗਏ ਹਨ ਜਿਸ ਨਾਲ ਜੇ ਕੋਈ ਅਣਜਾਣ ਵਿਅਕਤੀ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਵੇਲੇ ਗੁਰਦੁਆਰਾ ਸਾਹਿਬ ਬੰਦ ਹੁੰਦਾ ਹੈ ਤਾਂ ਉਸੇ ਵੇਲੇ ਹੂਟਰ ਵੱਜ ਜਾਂਦੇ ਹਨ। ਇਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ।
ਗੁਰਦੁਆਰਾ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਮੁਤਾਬਕ ਗੁਰਦੁਆਰੇ ਵਿੱਚ ਬੇਅਦਬੀ ਦੀ ਘਟਨਾ ਨੂੰ ਰੋਕਣ ਲਈ ਸੈਂਸਰ ਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਗੁਰਦੁਆਰਿਆਂ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ। ਇਸ ਦੇ ਵਿੱਚ ਕਈ ਘਟਨਾਵਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਰੁਮਾਲੇ ਅਗਨ ਭੇਂਟ ਹੋਣ ਦੇ ਮਾਮਲੇ ਸਾਮਣੇ ਆਏ ਹਨ। ਇਸੇ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬ ਅੰਦਰ ਸੈਂਸਰ ਲਗਾਏ ਗਏ ਨੇ ਤਾਂ ਕਿ ਜੇਕਰ ਥੋੜ੍ਹਾ ਜਿਹਾ ਧੂੰਆਂ ਵੀ ਅੰਦਰ ਆਏ ਤਾਂ ਇਹ ਹੂਟਰ ਵੱਜ ਜਾਂਦੇ ਹਨ। ਇਸ ਤੋਂ ਬਾਅਦ ਉਸੇ ਵੇਲੇ ਸਾਰੇ ਪਿੰਡ ਨੂੰ ਇਸ ਦੀ ਜਾਣਕਾਰੀ ਮਿਲ ਜਾਂਦੀ ਹੈ ਤੇ ਫੌਰਨ ਇਸ ਤੇ ਕੰਟਰੋਲ ਕੀਤਾ ਜਾਂਦਾ ਹੈ।