Punjab News: ਪੰਜਾਬ ਦੇ ਇਸ ਹਾਈਵੇਅ 'ਤੇ ਜਾਣ ਵਾਲੇ ਲੋਕ ਹੋ ਜਾਓ ਸਾਵਧਾਨ, ਆ ਸਕਦੀ ਵੱਡੀ ਪ੍ਰੇਸ਼ਾਨੀ...
ਜਲੰਧਰ-ਜੰਮੂ ਨੈਸ਼ਨਲ ਹਾਈਵੇ ਦੇ ਭੋਗਪੁਰ ਸ਼ਹਿਰ ਵਿਚ ਹਰ ਰੋਜ਼ ਟਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ। ਸੜਕ ਦੇ ਦੋਹਾਂ ਪਾਸਿਆਂ ਗਲਤ ਢੰਗ ਨਾਲ ਗੱਡੀਆਂ ਅਤੇ ਆਟੋ ਰਿਕਸ਼ੇ ਖੜੇ ਕੀਤੇ ਜਾਂਦੇ ਹਨ, ਜਿਸ ਕਾਰਨ ਹਾਈਵੇ 'ਤੇ ਰੁਕਾਵਟ ਆਉਂਦੀ ਹੈ।

ਜਲੰਧਰ-ਜੰਮੂ ਨੈਸ਼ਨਲ ਹਾਈਵੇ ਦੇ ਭੋਗਪੁਰ ਸ਼ਹਿਰ ਵਿਚ ਹਰ ਰੋਜ਼ ਟਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ। ਸੜਕ ਦੇ ਦੋਹਾਂ ਪਾਸਿਆਂ ਗਲਤ ਢੰਗ ਨਾਲ ਗੱਡੀਆਂ ਅਤੇ ਆਟੋ ਰਿਕਸ਼ੇ ਖੜੇ ਕੀਤੇ ਜਾਂਦੇ ਹਨ, ਜਿਸ ਕਾਰਨ ਹਾਈਵੇ 'ਤੇ ਰੁਕਾਵਟ ਆਉਂਦੀ ਹੈ। ਟਰੈਫਿਕ ਪੁਲਿਸ ਇਸ ਬਾਰੇ ਲਾਪਰਵਾਹੀ ਦਿਖਾ ਰਹੀ ਹੈ। ਕਈ ਵਾਰੀ ਚਾਲਾਨ ਵੀ ਹੁੰਦੇ ਨੇ, ਪਰ ਰਾਜਨੀਤਕ ਦਖਲ ਅੰਦਾਜ਼ੀ ਕਾਰਨ ਹਾਲਾਤ ਵਾਪਸ ਪਹਿਲਾਂ ਵਰਗੇ ਹੋ ਜਾਂਦੇ ਹਨ।
ਇਸ ਵਜ੍ਹਾ ਕਰਕੇ ਲੋਕਾਂ ਨੂੰ ਆਉਂਦੀ ਪ੍ਰੇਸ਼ਾਨੀ
ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। ਭੋਗਪੁਰ ਸ਼ਹਿਰ ਦੇ ਮੁੱਖ ਬਜ਼ਾਰ, ਜੋ ਕਿ 600 ਮੀਟਰ ਲੰਬਾ ਹੈ ਅਤੇ ਜਲੰਧਰ-ਜੰਮੂ ਨੈਸ਼ਨਲ ਹਾਈਵੇ 'ਤੇ ਸਥਿਤ ਹੈ, ਉੱਥੇ ਹਰ ਰੋਜ਼ ਹਜ਼ਾਰਾਂ ਗੱਡੀਆਂ ਗੈਰਕਾਨੂੰਨੀ ਢੰਗ ਨਾਲ ਸੜਕ ਉੱਤੇ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਇਲਾਕੇ ਦੇ ਲੋਕ ਅਤੇ ਹਾਈਵੇ ਤੋਂ ਲੰਘ ਰਹੀ ਆਮ ਜਨਤਾ ਬਹੁਤ ਹੀ ਪਰੇਸ਼ਾਨ ਹਨ। ਸ਼ਹਿਰ ਵਿੱਚ ਗੈਰਕਾਨੂੰਨੀ ਪਾਰਕਿੰਗ ਅਤੇ ਕਬਜ਼ਿਆਂ ਕਰਕੇ ਰੋਜ਼ਾਨਾ ਟਰੈਫਿਕ ਜਾਮ ਲੱਗਾ ਰਹਿੰਦਾ ਹੈ। ਹਾਲਾਂਕਿ ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਨਵਾਂ ਬੱਸ ਅੱਡਾ ਬਣਾਇਆ ਗਿਆ, ਪਰ ਇਹ ਵੀ ਅਜੇ ਤੱਕ ਵਰਤੋਂ ਵਿੱਚ ਨਹੀਂ ਆਇਆ ਅਤੇ ਬੇਕਾਰ ਪਿਆ ਹੈ।
ਭੋਗਪੁਰ ਦੇ ਨਵੇਂ ਬਸ ਅੱਡੇ 'ਤੇ ਰਾਤ ਦੇ ਸਮੇਂ ਹੀ ਬੱਸਾਂ ਖੜੀਆਂ ਕੀਤੀਆਂ ਜਾਂਦੀਆਂ ਹਨ, ਦਿਨ ਦੇ ਵੇਲੇ ਉੱਥੇ ਸਿਰਫ ਟੈਕਸੀ ਸਟੈਂਡ ਹੀ ਚੱਲ ਰਿਹਾ ਹੈ। ਸ਼ਹਿਰ ਵਿੱਚ ਹਰ ਰੋਜ਼ ਲੱਗਣ ਵਾਲੇ ਟਰੈਫਿਕ ਜਾਮ ਕਾਰਨ ਕਈ ਵਾਰੀ ਸਕੂਲ ਬੱਸਾਂ ਅਤੇ ਮਰੀਜ਼ਾਂ ਵਾਲੀਆਂ ਐਂਬੂਲੈਂਸਾਂ ਵੀ ਫਸ ਜਾਂਦੀਆਂ ਹਨ। ਹਾਈਵੇ ਤੇ ਕਈ ਥਾਵਾਂ 'ਤੇ ਬੇਹਿਸਾਬ ਆਟੋ ਰਿਕਸ਼ਾ ਖੜੇ ਰਹਿੰਦੇ ਹਨ। ਆਦਮਪੁਰ ਟੀ ਪੌਇੰਟ ਤਾਂ ਹਾਦਸਿਆਂ ਦੀ ਜਗ੍ਹਾ ਬਣ ਚੁੱਕਾ ਹੈ। ਨੈਸ਼ਨਲ ਹਾਈਵੇ ਅਥਾਰਟੀ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ। ਸ਼ਹਿਰ ਦੀ ਦੋਨੋਂ ਪਾਸਿਆਂ ਬਣੀ ਸਰਵਿਸ ਲਾਈਨ, ਜੋ ਟਰੈਫਿਕ ਚਲਾਉਣ ਲਈ ਬਣਾਈ ਗਈ ਸੀ, ਉੱਤੇ ਹੋਣ ਵਾਲੇ ਠੇਲਿਆਂ ਅਤੇ ਆਟੋਆਂ ਨੇ ਰੋਕ ਲਾਈ ਹੋਈ ਹੈ। ਕਈ ਦੁਕਾਨਦਾਰ ਆਪਣੇ ਅੱਗੇ ਠੇਲੇ ਲਗਵਾ ਕੇ ਹਰ ਰੋਜ਼ ਕਿਰਾਇਆ ਲੈਂਦੇ ਹਨ। ਲੋਕ ਜਦੋਂ ਸ਼ਹਿਰ ਵਿੱਚ ਖਰੀਦਦਾਰੀ ਲਈ ਆਉਂਦੇ ਹਨ, ਤਾਂ ਸਰਵਿਸ ਲਾਈਨ ਉੱਤੇ ਹੋਏ ਕਬਜ਼ਿਆਂ ਕਾਰਨ ਉਨ੍ਹਾਂ ਨੂੰ ਬਜ਼ਾਰ 'ਚ ਚੱਲਣਾ ਵੀ ਔਖਾ ਹੋ ਜਾਂਦਾ ਹੈ।
ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਰੋਜ਼ ਸ਼ਹਿਰ 'ਚ ਲੱਗਣ ਵਾਲੇ ਟਰੈਫਿਕ ਜਾਮ ਨੂੰ ਖਤਮ ਕਰਨ ਲਈ ਪੁਲਿਸ ਜਲਦ ਹੀ ਨਗਰ ਪਰਿਸ਼ਦ ਨਾਲ ਮਿਲ ਕੇ ਗੈਰਕਾਨੂੰਨੀ ਕਬਜ਼ਿਆਂ ਅਤੇ ਆਟੋਆਂ ਦੇ ਖ਼ਿਲਾਫ਼ ਮੁਹਿੰਮ ਚਲਾਉਣ ਜਾ ਰਹੀ ਹੈ। ਉਨ੍ਹਾਂ ਨੇ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਟਰੈਫਿਕ ਦੀ ਸਮੱਸਿਆ ਹੱਲ ਹੋ ਸਕੇ। ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਾਲਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।






















