ਲੁਧਿਆਣਾ ‘ਚ ਕਾਰੋਬਾਰੀ ਨੂੰ ਧਮਕੀ; ਗੈਂਗਸਟਰ ਹੈਰੀ ਬਾਕਸਰ ਦੇ ਨਾਂ ‘ਤੇ ਮੰਗੇ 7 ਕਰੋੜ, ਕਪਿਲ ਸ਼ਰਮਾ ਨੂੰ ਵੀ ਧਮਕਾ ਚੁੱਕਿਆ
ਲੁਧਿਆਣੇ ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਨੂੰ ਖਤਰਨਾਕ ਗੈਂਗਸਟਰ ਹਰੀ ਚੰਦ ਜਾਟ ਉਰਫ਼ ਹੈਰੀ ਬਾਕਸਰ ਦੇ ਨਾਂ ‘ਤੇ ਜਾਨੋਂ ਮਾਰਣ ਦੀ ਧਮਕੀ ਮਿਲੀ ਹੈ। ਇਹ ਮਾਮਲਾ ਹੁਣ ਪੁਲਿਸ ਕੋਲ ਪਹੁੰਚ ਗਿਆ ਹੈ..

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਮੋਬਾਈਲ ਟ੍ਰੇਡਿੰਗ ਕਾਰੋਬਾਰੀ ਨੂੰ ਖਤਰਨਾਕ ਗੈਂਗਸਟਰ ਹਰੀ ਚੰਦ ਜਾਟ ਉਰਫ਼ ਹੈਰੀ ਬਾਕਸਰ ਦੇ ਨਾਂ ‘ਤੇ ਜਾਨੋਂ ਮਾਰਣ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਬਦਮਾਸ਼ ਨੇ ਫ਼ੋਨ ਕਰਕੇ 7 ਕਰੋੜ ਰੁਪਏ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਜੇ ਫਿਰੌਤੀ ਨਹੀਂ ਦਿੱਤੀ ਗਈ ਤਾਂ ਉਹ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਹੈਰੀ ਬਾਕਸਰ ਇਸ ਤੋਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਨੂੰ ਵੀ ਧਮਕੀ ਦੇ ਚੁੱਕਾ ਹੈ।
ਚਾਣਕਯਾਪੁਰੀ, ਧੰਦਰਾ ਰੋਡ ਦੇ ਰਹਿਣ ਵਾਲੇ ਪ੍ਰਿੰਸਪਾਲ ਸਿੰਘ ਦੀ ਸ਼ਿਕਾਇਤ ‘ਤੇ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਕੇਸ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 308 (2) (ਜਬਰਦਸਤੀ ਵਸੂਲੀ) ਅਤੇ 351 (3) (ਆਪਰਾਧਿਕ ਧਮਕੀ) ਅਧੀਨ ਦਰਜ ਕੀਤਾ ਗਿਆ ਹੈ।
ਕਾਰੋਬਾਰੀ ਵਿਵਾਦ ਬਣਿਆ ਧਮਕੀ ਦਾ ਕਾਰਣ
ਪ੍ਰਿੰਸਪਾਲ ਸਿੰਘ ਦੇ ਅਨੁਸਾਰ, ਇਹ ਧਮਕੀ ਉਸਦੇ ਪੁਰਾਣੇ ਬਿਜ਼ਨਸ ਭਾਈਦਾਰ ਨਾਲ ਚੱਲ ਰਹੇ ਵਿੱਤੀ ਵਿਵਾਦ ਦਾ ਨਤੀਜਾ ਹੈ। ਉਸਦਾ ਪੁਰਾਣਾ ਪਾਰਟਨਰ ਮੋਗਾ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਹਾਂਗਕਾਂਗ ‘ਚ ਰਹਿੰਦਾ ਹੈ। ਦੋਵੇਂ ਪਰਿਵਾਰਾਂ ਨੇ ਮਿਲ ਕੇ ਮੋਬਾਈਲ ਟ੍ਰੇਡਿੰਗ ਦਾ ਕਾਰੋਬਾਰ ਸ਼ੁਰੂ ਕੀਤਾ ਸੀ, ਪਰ ਭਾਰੀ ਨੁਕਸਾਨ ਹੋਣ ਕਾਰਨ ਇਹ ਕਾਰੋਬਾਰ ਬੰਦ ਹੋ ਗਿਆ।
ਪ੍ਰਿੰਸਪਾਲ ਨੇ ਦੱਸਿਆ ਕਿ ਅਸੀਂ ਭਾਰੀ ਨੁਕਸਾਨ ਸਹਿਆ ਅਤੇ ਆਪਣਾ ਘਰ ਤੇ ਗੱਡੀਆਂ ਤੱਕ ਗਿਰਵੀ ਰੱਖ ਦਿੱਤੀਆਂ। ਫਿਰ ਵੀ ਮੇਰਾ ਪੁਰਾਣਾ ਪਾਰਟਨਰ ਆਪਣੇ ਨੁਕਸਾਨ ਦੀ ਭਰਪਾਈ ਲਈ ਸਾਡੇ ਤੋਂ ਪੈਸੇ ਮੰਗ ਰਿਹਾ ਹੈ।
ਹੈਰੀ ਬਾਕਸਰ ਵੱਲੋਂ ਜਾਨੋਂ ਮਾਰਣ ਦੀ ਧਮਕੀ
28 ਅਗਸਤ ਨੂੰ ਪ੍ਰਿੰਸਪਾਲ ਨੂੰ ਇੱਕ ਵਾਟਸਐਪ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਹੈਰੀ ਬਾਕਸਰ ਦੱਸਿਆ। ਕਾਲਰ ਨੇ ਕਿਹਾ ਕਿ ਉਹ ਅਨਮੋਲ ਬਿਸ਼ਨੋਈ (ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ) ਦੀ ਤਰਫੋਂ ਗੱਲ ਕਰ ਰਿਹਾ ਹੈ। ਉਸਨੇ ਪ੍ਰਿੰਸਪਾਲ ਨੂੰ ਕਿਹਾ ਕਿ ਆਪਣੇ ਪੁਰਾਣੇ ਪਾਰਟਨਰ ਨੂੰ 7 ਕਰੋੜ ਰੁਪਏ ਅਦਾ ਕਰ ਦੇਵੇ, ਨਹੀਂ ਤਾਂ ਉਹ ਉਸਦੇ ਸਾਰੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ।
ਪ੍ਰਿੰਸਪਾਲ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਇਹ ਕਾਲ ਰਿਕਾਰਡ ਕਰ ਲਈ ਹੈ। ਜਦੋਂ ਮੈਂ ਆਪਣੇ ਪੁਰਾਣੇ ਪਾਰਟਨਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਵੀ ਇਹ ਪੁਸ਼ਟੀ ਕੀਤੀ ਕਿ ਹੁਣ ਇਹ ਮਾਮਲਾ ਹੈਰੀ ਬਾਕਸਰ ਹੀ ਦੇਖ ਰਿਹਾ ਹੈ। ਇਹ ਗੱਲਬਾਤ ਵੀ ਰਿਕਾਰਡ ਕੀਤੀ ਗਈ ਹੈ।
ਬਾਲੀਵੁੱਡ ਸੈਲੀਬ੍ਰਿਟੀਆਂ ਨੂੰ ਵੀ ਦੇ ਚੁੱਕਾ ਹੈ ਧਮਕੀ
ਇਹ ਮਾਮਲਾ ਸ਼ਹਿਰ ਵਿੱਚ ਸਨਸਨੀ ਦਾ ਕਾਰਣ ਬਣ ਗਿਆ ਹੈ, ਕਿਉਂਕਿ ਹੈਰੀ ਬਾਕਸਰ ਹਾਲ ਹੀ ਵਿੱਚ ਬਾਲੀਵੁੱਡ ਸੈਲੀਬ੍ਰਿਟੀਆਂ ਨੂੰ ਧਮਕਾਉਣ ਕਰਕੇ ਸੁਰਖੀਆਂ ਵਿੱਚ ਰਿਹਾ ਸੀ। ਉਸਨੇ ਸਲਮਾਨ ਖਾਨ ਨਾਲ ਕੰਮ ਕਰਨ ਵਾਲੇ ਅਦਾਕਾਰਾਂ ਨੂੰ ਚੇਤਾਵਨੀ ਦਿੱਤੀ ਸੀ ਅਤੇ ਕਾਮੇਡੀਅਨ ਕਪਿਲ ਸ਼ਰਮਾ ਨੂੰ ਵੀ ਨਿਸ਼ਾਨਾ ਬਣਾਇਆ ਸੀ।
ਪੁਲਿਸ ਕਰ ਰਹੀ ਹੈ ਜਾਂਚ
ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਕਿਹਾ ਕਿ ਅਸੀਂ ਇਹ ਪੁਸ਼ਟੀ ਕਰ ਰਹੇ ਹਾਂ ਕਿ ਕਾਲ ਕਰਨ ਵਾਲਾ ਵਿਅਕਤੀ ਅਸਲ ਵਿੱਚ ਗੈਂਗਸਟਰ ਹੈਰੀ ਬਾਕਸਰ ਸੀ ਜਾਂ ਨਹੀਂ। ਪੀੜਤ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।






















