Punjab News: ਪਰਿਵਾਰਵਾਦ ਨੂੰ ਲੋਕਾਂ ਨੇ ਨਕਾਰਿਆ, ਸਾਬਕਾ ਮੰਤਰੀ ਤੇ ਵਿਧਾਇਕਾਂ ਦੀਆਂ ਘਰਵਾਲੀਆਂ ਨਹੀਂ ਜਿੱਤ ਸਕੀਆਂ ਵਾਰਡ ਦੀਆਂ ਚੋਣਾਂ
ਪਾਰਟੀ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਟਿਕਟਾਂ ਨਾ ਦੇ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚੋਂ ਕਈ ਹੇਠਲੇ ਪੱਧਰ ਦੇ ਵਰਕਰਾਂ ਨੇ 'ਆਪ' ਦਾ ਸਥਾਨਕ ਆਧਾਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।
Punjab News: ਲੁਧਿਆਣਾ 'ਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ AAP ਤੇ ਕਾਂਗਰਸ ਦੇ ਕਿਲ੍ਹੇ ਨੂੰ ਢਾਹ ਲਾਈ। ਜਿਨ੍ਹਾਂ ਨੇਤਾਵਾਂ 'ਤੇ ਅਕਸਰ ਭਾਈ-ਭਤੀਜਾਵਾਦ ਦਾ ਦੋਸ਼ ਲਗਾਇਆ ਜਾਂਦਾ ਹੈ, ਉਹ ਆਪਣੀਆਂ ਪਤਨੀਆਂ ਨੂੰ ਚੋਣਾਂ ਜਿੱਤਾਉਣ 'ਚ ਅਸਫ਼ਲ ਰਹੇ। ਨਗਰ ਨਿਗਮ ਚੋਣਾਂ ਵਿੱਚ ਵੋਟਰਾਂ ਨੇ ਇਨ੍ਹਾਂ VIP ਸੀਟਾਂ ਦੇ ਸਮੀਕਰਨ ਹੀ ਬਦਲ ਦਿੱਤੇ ਹਨ।
ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾ: ਸੁਖਚੈਨ ਕੌਰ ਨੂੰ ਵਾਰਡ ਨੰਬਰ 61 ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ ਨੇ ਹਰਾਇਆ। ਪਰਮਿੰਦਰ ਕੌਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਇੰਦੀ ਦੀ ਪਤਨੀ ਹੈ।
ਇਸੇ ਤਰ੍ਹਾਂ ਵਾਰਡ ਨੰਬਰ 77 ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਨੂੰ ਭਾਜਪਾ ਉਮੀਦਵਾਰ ਪੂਨਮ ਰਾਤਰਾ ਨੇ ਹਰਾਇਆ। ਸਪੱਸ਼ਟ ਸੀ ਕਿ ਵਿਧਾਇਕ ਪਰਾਸ਼ਰ ਦੀ ਪਤਨੀ ਇਸ ਸੀਟ 'ਤੇ ਜਿੱਤ ਦਰਜ ਕਰੇਗੀ ਪਰ ਵੋਟਰਾਂ ਨੇ ਇਸ ਸੀਟ ਦੇ ਸਮੀਕਰਨ ਹੀ ਬਦਲ ਦਿੱਤੇ।
ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੀ ਕਾਂਗਰਸ ਦਾ ਗੜ੍ਹ ਨਹੀਂ ਬਚਾ ਸਕੀ। ਮਮਤਾ ਵਾਰਡ ਨੰਬਰ 60 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਖਿਲਾਫ ਚੋਣ ਲੜ ਰਹੀ ਸੀ।
ਜੇ ਪੁਰਾਣੇ ਵਾਰਡਬੰਦੀ ਦੀ ਗੱਲ ਕਰੀਏ ਤਾਂ ਮਮਤਾ ਆਸ਼ੂ ਪਹਿਲਾਂ ਵਾਰਡ ਨੰਬਰ 72 ਤੋਂ ਚੋਣ ਲੜਦੀ ਸੀ, ਅੱਜ ਕਾਂਗਰਸ ਉਸ ਵਾਰਡ ਤੋਂ ਬੁਰੀ ਤਰ੍ਹਾਂ ਹਾਰ ਗਈ ਹੈ। ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਕਪਿਲ ਕੁਮਾਰ ਸੋਨੂੰ ਨੇ ਕਾਂਗਰਸ ਦੇ ਬਲਜਿੰਦਰ ਸਿੰਘ ਬੰਟੀ ਨੂੰ 2603 ਵੋਟਾਂ ਨਾਲ ਹਰਾਇਆ।
ਜ਼ਮੀਨੀ ਆਗੂਆਂ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਤ ਹੋਇਆ
ਆਪ ਦੇ ਇੱਕ ਆਗੂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਾਰਟੀ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਟਿਕਟਾਂ ਨਾ ਦੇ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚੋਂ ਕਈ ਹੇਠਲੇ ਪੱਧਰ ਦੇ ਵਰਕਰਾਂ ਨੇ 'ਆਪ' ਦਾ ਸਥਾਨਕ ਆਧਾਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਫਾਦਾਰਾਂ ਦੇ ਬਾਹਰ ਜਾਣ ਨਾਲ ਪਾਰਟੀ ਦੇ ਮੁੱਖ ਸਮਰਥਕਾਂ ਦਾ ਇੱਕ ਹਿੱਸਾ ਦੂਰ ਹੋ ਗਿਆ ਹੈ, ਜਿਸ ਕਾਰਨ ਕਈ ਵਾਰਡਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਪੰਜਾਬ ਵਿੱਚ ‘ਆਪ’ ਲੀਡਰਸ਼ਿਪ ਅਤੇ ਇਸ ਦੇ ਵੋਟਰਾਂ ਵਿਚਕਾਰ ਵੱਧ ਰਹੀ ਦੂਰੀ ਨੂੰ ਦਰਸਾਉਂਦੇ ਹਨ।