ਸਾਵਧਾਨ! ਤੁਸੀਂ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ, ਫੌਜ ਦੇ ਨਾਂ 'ਤੇ ਕੀਤਾ ਜਾ ਰਿਹਾ ਇੰਝ ਗੁੰਮਰਾਹ
ਪਿਛਲੇ ਦਿਨੀਂ ਦੋਰਾਹਾ ਵਿੱਚ ਇੱਕ ਕੇਕ ਮੇਕਰ ਕੋਲੋਂ 22 ਹਜ਼ਾਰ ਦੀ ਠੱਗੀ ਮਾਰੀ ਹੈ। ਠੱਗ ਲੋਕ ਆਪਣੇ ਆਪ ਨੂੰ ਫੌਜੀ ਦੱਸ ਰਹੇ ਸਨ। ਇਸੇ ਤਰ੍ਹਾਂ ਖੰਨਾ ਵਿੱਚ ਵੀ "ਨਵਨੀਤ ਇੰਗਲਿਸ਼ ਪਲਾਨੇਟ" ਨਾਮਕ ਆਈਲੈਟਸ ਸੈਂਟਰ ਨੂੰ ਠੱਗਣ ਦਾ ਪੂਰਾ ਪਲਾਨ ਸੀ ਪਰ ਚੌਕਸ ਐਮਡੀ ਦੀ ਹੁਸ਼ਿਆਰੀ ਕਾਰਨ ਉਹ ਵਾਲ-ਵਾਲ ਬਚ ਗਏ।
Ludhiana News: ਜਿੱਥੇ ਇੰਟਰਨੈੱਟ ਤੇ ਨੈੱਟ ਬੈਂਕਿੰਗ ਰਾਹੀਂ ਪੈਸੇ ਦਾ ਲੈਣ-ਦੇਣ ਸੌਖਾ ਹੋ ਗਿਆ ਹੈ, ਉੱਥੇ ਹੀ ਠੱਗਾਂ ਨੇ ਵੀ ਇਸ ਨੂੰ ਸਾਈਬਰ ਲੁੱਟ ਦਾ ਖੂਬ ਜ਼ਰੀਆ ਬਣਾਇਆ ਹੈ। ਅੱਜ ਕੱਲ੍ਹ ਫੌਜ ਦੇ ਨਾਂ ਤੇ ਲੋਕਾਂ ਨੂੰ ਠੱਗਣ ਵਾਲਾ ਗਰੋਹ ਸਰਗਰਮ ਹੈ। ਪਿਛਲੇ ਦਿਨੀਂ ਦੋਰਾਹਾ ਵਿੱਚ ਇੱਕ ਕੇਕ ਮੇਕਰ ਕੋਲੋਂ 22 ਹਜ਼ਾਰ ਦੀ ਠੱਗੀ ਮਾਰੀ ਹੈ। ਠੱਗ ਲੋਕ ਆਪਣੇ ਆਪ ਨੂੰ ਫੌਜੀ ਦੱਸ ਰਹੇ ਸਨ। ਇਸੇ ਤਰ੍ਹਾਂ ਖੰਨਾ ਵਿੱਚ ਵੀ "ਨਵਨੀਤ ਇੰਗਲਿਸ਼ ਪਲਾਨੇਟ" ਨਾਮਕ ਆਈਲੈਟਸ ਸੈਂਟਰ ਨੂੰ ਠੱਗਣ ਦਾ ਪੂਰਾ ਪਲਾਨ ਸੀ ਪਰ ਚੌਕਸ ਐਮਡੀ ਦੀ ਹੁਸ਼ਿਆਰੀ ਕਾਰਨ ਉਹ ਵਾਲ-ਵਾਲ ਬਚ ਗਏ।
ਖੰਨਾ ਦੀ ਜੀਟੀਬੀ ਮਾਰਕੀਟ ਵਿੱਚ ਸਥਿਤ "ਨਵਨੀਤ ਇੰਗਲਿਸ਼ ਪਲਾਨੇਟ" ਦੀ ਐਮਡੀ ਨਵਨੀਤ ਕੌਰ ਦੇਵਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹਿਲ ਕੁਮਾਰ ਨਾਂ ਦੱਸ ਰਹੇ ਇੱਕ ਵਿਅਕਤੀ ਦੀ ਫੋਨ ਨੰਬਰ 9134248265 ਤੋਂ ਸਾਡੇ ਦਫਤਰ ਦੇ ਫੋਨ ਨੰਬਰ 9417583765 'ਤੇ ਕਾਲ ਆਈ। ਉਸ ਵਿਅਕਤੀ ਨੇ ਕਿਹਾ ਕਿ ਮੈਂ ਆਰਮੀ ਅਫਸਰ ਹਾਂ ਤੇ ਸ੍ਰੀਨਗਰ ਵਿਖੇ ਨੌਕਰੀ ਕਰਦਾ ਹਾਂ ਪਰ ਮੇਰੇ ਬੱਚੇ ਖੰਨਾ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੀਆਂ ਇਗਲਿਸ਼ ਸਪੋਕਨ ਦੀਆਂ ਕਲਾਸਾਂ ਲਾਉਣੀਆਂ ਹਨ। ਜਦੋਂ ਸਾਰਾ ਕੁਝ ਫਾਈਨਲ ਹੋ ਗਿਆ ਤਾਂ ਅਸੀਂ ਉਸ ਨੂੰ ਕਿਹਾ ਕਿ ਸੋਮਵਾਰ ਤੋਂ ਤੁਸੀਂ ਆਪਣੇ ਬੱਚੇ ਭੇਜ ਦੇਵੋ।
ਨਵਨੀਤ ਨੇ ਅੱਗੇ ਦੱਸਿਆ ਕਿ ਇਹ ਲੋਕ ਬਹੁਤ ਜ਼ਿਆਦਾ ਚਲਾਕ ਹਨ। ਲੋਕਾਂ ਨੂੰ ਜਜ਼ਬਾਤੀ ਤੌਰ ਤੇ ਆਪਣਾਪਨ ਜਤਾਉਂਦੇ ਹੋਏ ਇਮੋਸ਼ਨਲ ਬਲੈਕਮੇਲ ਕਰਦੇ ਹਨ। ਸਾਡੇ ਸਟਾਫ਼ ਵਿੱਚੋਂ ਇਨ੍ਹਾਂ ਨਾਲ ਗੱਲ ਕਰ ਰਹੀ ਅਮਨ ਨੂੰ ਇਸ ਵਿਅਕਤੀ ਨੇ ਕਿਹਾ ਕਿ "ਮੇਰੀਏ ਭੈਣੇ ਤੁਸੀਂ ਤਾਂ ਮੇਰੇ ਅੱਧੀ ਚਿੰਤਾ ਦੂਰ ਕਰ ਦਿੱਤੀ, ਹੁਣ ਮੈਂ ਬੇਫ਼ਿਕਰ ਹੋ ਕੇ ਬੱਚੇ ਤੁਹਾਡੇ ਆਸਰੇ ਛੱਡ ਸਕਦਾ ਹਾਂ।" ਫਿਰ ਉਸ ਵਿਅਕਤੀ ਨੇ ਕਿਹਾ ਕਿ "ਮੇਰੀਏ ਭੈਣੇ ਹੁਣ ਭਰਾ ਦੇ ਸਿਰ ਤੋਂ ਇਕ ਭਾਰ ਹੋਰ ਲਾ ਦਿਓ। ਮੈਂ ਪੇਮੈਂਟ ਵੀ ਹੁਣੇ ਕਰਕੇ ਵਿਹਲਾ ਹੋ ਜਾਵਾਂ।" ਪੈਸੇ ਇਥੋਂ ਹੀ ਗੂਗਲ ਪੇ ਜਾਂ ਪੇਟੀਐਮ ਕਰਨਾ ਚਾਹੁੰਦਾ ਹਾਂ ਤਾਂ ਕਿ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ।
ਇਸ ਲਈ ਉਸ ਨੇ ਸਾਡੇ ਕੋਲੋਂ google ਸਕੈਨ ਕੋਡ ਵੀ ਮੰਗਵਾਇਆ। ਫਿਰ ਸਾਹਿਲ ਕੁਮਾਰ ਨੇ ਫੋਨ ਕਰਕੇ ਕਿਹਾ ਕਿ ਮੈਂ ਅਪਣੇ ਅਫਸਰ ਨਾਲ ਗੱਲ ਕਰਦਾ ਹਾਂ। ਉਨ੍ਹਾਂ ਨੇ ਹੀ ਰਕਮ ਭੇਜਣੀ ਹੈ। ਫਿਰ ਦੂਸਰੇ ਫੋਨ ਨੰਬਰ 7494988748 ਤੋਂ ਫੋਨ ਆਇਆ ਤੇ ਸਾਹਿਲ ਨੇ ਕਿਹਾ ਕੇ ਮੇਰੇ ਅਫਸਰ ਮਨਜੀਤ ਸਿੰਘ ਨਾਲ ਗੱਲ ਕਰੋ। ਮਨਜੀਤ ਸਿੰਘ ਨੇ ਕਿਹਾ ਕਿ ਤੁਹਾਡੇ ਵੱਲੋਂ ਭੇਜੇ ਗਏ ਗੂਗਲ ਸਕੈਨ ਕੋਡ ਰਾਹੀਂ ਰਾਸ਼ੀ ਨਹੀਂ ਭੇਜੀ ਜਾ ਰਹੀ। ਇਸ ਕਰਕੇ ਕੋਈ ਹੋਰ ਸਕੈਨ ਕੋਡ ਭੇਜੋ। ਇਹ ਲੋਕ ਚਲਾਕੀ ਵਰਤਦੇ ਹੋਏ ਤੁਹਾਡੇ ਕੋਲੋਂ ਵਾਰ-ਵਾਰ ਸਕੈਨ ਕੋਡ ਮੰਗਵਾਉਂਦੇ ਹਨ ਤਾਂ ਕਿ ਤੁਹਾਨੂੰ ਯਕੀਨ ਹੋ ਜਾਵੇ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ।
ਫਿਰ ਉਨ੍ਹਾਂ ਨੇ ਕਿਹਾ ਕਿ ਸਕੈਨ ਕੋਡ ਰਾਹੀਂ ਰਾਸ਼ੀ ਨਹੀਂ ਭੇਜੀ ਜਾ ਰਹੀ। ਤੁਸੀਂ ਸਾਨੂੰ ਆਪਣਾ ਗੂਗਲ ਪੇ ਵਾਲਾ ਫੋਨ ਨੰਬਰ ਦੇ ਦਿਉ ਅਸੀਂ ਉਸ ਤੇ ਭੇਜ ਦਿੰਦੇ ਹਾਂ। ਜਦੋਂ ਅਸੀਂ ਫੋਨ ਨੰਬਰ ਦੇ ਦਿੱਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤੁਹਾਡੇ ਗੂਗਲ ਵਾਇਲਟ ਰਾਹੀਂ ਪੈਸਾ ਭੇਜਾਂਗੇ। ਤੁਸੀਂ ਰਿਕਵੈਸਟ ਅਕਸੈਪਟ ਕਰ ਲੈਣਾ। ਅਸੀਂ ਕਿਹਾ ਕਿ ਤੁਸੀਂ ਸਿੱਧੇ ਫੋਨ ਨੰਬਰ ਤੇ ਵੀ ਪੈਸੇ ਭੇਜ ਸਕਦੇ ਹੋ ਤਾਂ ਆਪਣੇ ਆਪ ਨੂੰ ਆਰਮੀ ਅਫਸਰ ਦੱਸ ਰਹੇ ਮਨਜੀਤ ਸਿੰਘ ਨੇ ਕਿਹਾ ਕਿ ਗੂਗਲ ਵਾਲੇਟ ਰਾਹੀਂ ਭੇਜਣ ਕਾਰਨ ਤੁਹਾਡੇ ਕੋਲ ਪੈਸੇ ਵੀ ਪਹੁੰਚ ਜਾਣਗੇ ਤੇ ਸਾਹਿਲ ਦਾ ਵੀ ਫਾਇਦਾ ਹੋ ਜਾਏਗਾ। ਆਰਮੀ ਦੇ ਰੂਲ ਮੁਤਾਬਕ ਇਸ ਨੂੰ 35% ਪੈਸਾ ਵਾਪਸ ਆ ਜਾਏਗਾ।
ਨਵਨੀਤ ਨੇ ਕਿਹਾ ਕਿ ਉਸ ਤੋਂ ਬਾਅਦ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਕਿਹਾ ਕਿ ਤੁਸੀਂ ਸੋਮਵਾਰ ਤੋਂ ਬੱਚੇ ਸਾਡੇ ਕੋਲ ਭੇਜੋ ਫੀਸ ਬਾਅਦ ਵਿੱਚ ਆ ਜਾਵੇਗੀ ਤਾਂ ਉਨ੍ਹਾਂ ਲੋਕਾਂ ਨੇ ਕਿਹਾ ਕਿ ਤੁਹਾਨੂੰ ਹੁਣੇ ਪੈਸੇ ਲੈਣ ਵਿੱਚ ਕੀ ਮੁਸ਼ਕਲ ਹੈ। ਸਿਰਫ ਇੱਕ ਮਿੰਟ ਦਾ ਤਾਂ ਕੰਮ ਹੈ। ਤੁਹਾਨੂੰ ਪੈਮੇਂਟ ਆ ਜਾਵੇਗੀ ਤੇ ਸਾਡੇ ਸਿਰੋਂ ਭਾਰ ਵੀ ਉੱਤਰ ਜਾਏਗਾ। ਬਾਕੀ ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਵੀਡੀਓ ਕਾਲ ਕਰ ਸਕਦੇ ਹੋ। ਫਿਰ ਸਾਡਾ ਸ਼ੱਕ ਹੋਰ ਵੀ ਯਕੀਨ ਵਿੱਚ ਬਦਲ ਗਿਆ। ਅਸੀਂ ਪੁੱਛਿਆ ਕਿ ਕਿਹੜੇ ਆਰਮੀ ਦੇ ਕਨੂੰਨ ਵਿੱਚ 35 ਪ੍ਰਤੀਸ਼ਤ ਪੈਸੇ ਵਾਪਸ ਆਉਂਦੇ ਹਨ ਜਿਸ ਤੇ ਉਹ ਲੋਕ ਭੜਕ ਗਏ ਤੇ ਕਹਿੰਦੇ ਕਿ ਤੁਹਨੂੰ ਪਤਾ ਤੁਸੀਂ ਆਰਮੀ ਨੂੰ ਕੀ ਸਵਾਲ ਕਰ ਰਹੇ ਹੋ। ਅਸੀਂ ਆਰਮੀ ਦੇ ਕਾਨੂੰਨ ਤੁਹਾਡੇ ਨਾਲ ਨਹੀਂ ਸਾਂਝਾ ਕਰ ਸਕਦੇ। ਉਨ੍ਹਾਂ ਨੇ ਇਸ ਦੌਰਾਨ ਇਕ ਰੁਕਵੇਸਟ ਲਿੰਕ ਵੀ ਭੇਜਿਆ ਜਿਸ ਨੂੰ ਅਸੀਂ ਬਲੌਕ ਕਰ ਦਿੱਤਾ। ਉਸ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਫੋਨ ਚੁੱਕਿਆ ਤੇ ਨਾ ਹੀ ਆਪਣੇ ਬੱਚੇ ਭੇਜੇ।
ਆਈਲੈਟਸ ਸੈਂਟਰ ਦੀ ਐਮਡੀ ਨਵਨੀਤ ਕੌਰ ਦੇਵਗਨ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਲਿਖਤੀ ਅਰਜ਼ੀ ਰਾਹੀਂ ਪੁਲਿਸ ਨੂੰ ਉਨ੍ਹਾਂ ਠੱਗਾਂ ਦੇ ਨੰਬਰ ਸ਼ੇਅਰ ਕਰ ਦਿੱਤੇ ਹਨ ਤਾਂ ਕਿ ਉਨ੍ਹਾਂ ਨੂੰ ਲੱਭ ਕੇ ਕਾਬੂ ਕੀਤਾ ਜਾ ਸਕੇ ਤੇ ਹੋਰ ਲੋਕ ਠੱਗੀ ਤੋਂ ਬਚ ਸਕਣ। ਨਵਨੀਤ ਨੇ ਕਿਹਾ ਕਿ ਉਨ੍ਹਾਂ ਦਾ ਮੀਡੀਆ ਰਾਹੀਂ ਆਪਣੀ ਗੱਲ ਕਹਿਣ ਦਾ ਮਕਸਦ ਸਿਰਫ ਇਨ੍ਹਾਂ ਹੀ ਹੈ ਕਿ ਲੋਕਾਂ ਨੂੰ ਇਨ੍ਹਾਂ ਠੱਗਾਂ ਦੀ ਠੱਗੀ ਦੇ ਤਰੀਕਿਆਂ ਤੋਂ ਵਾਕਿਫ ਕਰਵਾਇਆ ਜਾਵੇ।