Kolkata Case: ਹੜਤਾਲ 'ਤੇ ਬੈਠੇ ਡਾਕਟਰਾਂ ਨੂੰ ਸਿਹਤ ਮੰਤਰੀ ਦੀ ਅਪੀਲ,ਕਿਹਾ-ਭਾਂਵੇ ਹੜਤਾਲ ਜਾਰੀ ਰੱਖੋ ਪਰ OPD ਬੰਦ ਨਾ ਕਰੋ, ਲੋਕ ਹੋ ਰਹੇ ਨੇ ਪਰੇਸ਼ਾਨ
Punjab News: ਸਿਹਤ ਮੰਤਰੀ ਨੇ ਕਿਹਾ ਕਿ ਮੈਂ ਇਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਆਪਣੀ ਹੜਤਾਲ ਤਾਂ ਜਾਰੀ ਰੱਖਣ ਪਰ ਸਿਰਫ ਪੰਜ ਪੰਜ ਪ੍ਰਦਰਸ਼ਨਕਾਰੀ ਹੀ ਹੜਤਾਲ ਦੇ ਵਿੱਚ ਹਿੱਸਾ ਲੈ ਕੇ ਬਾਕੀ ਡਾਕਟਰ ਓਪੀਡੀ ਸੇਵਾਵਾਂ ਸ਼ੁਰੂ ਕਰ ਦੇਣ।
Kolkata Doctor Rape and Murder Case: ਪਟਿਆਲਾ ਦੇ ਵਿੱਚ ਡਾਕਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ ਤੇ ਜਿਸ ਦੇ ਚਲਦਿਆਂ ਲੋਕਾਂ ਨੂੰ ਸਿਹਤ ਸਬੰਧੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਡਾਕਟਰਾਂ ਦੇ ਵੱਲੋਂ ਓਪੀਡੀ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਹੈ। ਇਸ ਹੜਤਾਲ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪੁੱਜੇ ਅਤੇ ਉਨ੍ਹਾਂ ਨੇ ਡਾਕਟਰਾਂ ਦੇ ਨਾਲ ਹੜਤਾਲ ਦੇ ਵਿੱਚ ਬੈਠ ਕੇ ਹਿੱਸਾ ਲਿਆ ਤੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਵਚਨਵੱਧ ਹੈ ਤੇ ਚਿੰਤਿਤ ਹੈ।
ਡਾਕਟਰ ਬਲਬੀਰ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਇਸ ਬਾਬਤ ਮੰਗ ਕਰ ਚੁੱਕੇ ਹਨ ਕਿ ਡਾਕਟਰਾਂ ਦੇ ਉੱਪਰ ਹਮਲਾ ਕਰਨ ਵਾਲਾ ਵਿਅਕਤੀ ਫੌਰਨ ਸਜ਼ਾ ਦਾ ਹੱਕਦਾਰ ਹੋਵੇ ਤੇ ਜਿਸ ਤਰ੍ਹਾਂ ਕਲਕੱਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਦਰਿੰਦਗੀ ਕੀਤੀ ਗਈ ਹੈ ਅਜਿਹੇ ਅਪਰਾਧ ਕਰਨ ਵਾਲੇ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਫਾਂਸੀ ਦੀ ਸਜ਼ਾ ਦੇ ਕੇ ਮਾਮਲਾ ਛੇ ਮਹੀਨੇ ਦੇ ਵਿੱਚ ਹੀ ਨਿਪਟਾ ਦੇਣਾ ਚਾਹੀਦਾ ਹੈ।
ਡਾਕਟਰ ਬਲਬੀਰ ਨੇ ਕਿਹਾ ਕਿ ਮੈਂ ਇਨ੍ਹਾਂ ਡਾਕਟਰਾਂ ਨੂੰ ਮਿਲਣ ਆਇਆ ਹਾਂ ਕਿਉਂਕਿ ਖੁਦ ਮੈਂ ਵੀ ਇੱਕ ਡਾਕਟਰ ਹਾਂ ਤੇ ਮੇਰੀ ਬੇਟੀ ਵੀ ਡਾਕਟਰ ਹੈ। ਮੰਤਰੀ ਨੇ ਅੱਗੇ ਕਿਹਾ ਕਿ ਮੈਂ ਇਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਆਪਣੀ ਹੜਤਾਲ ਤਾਂ ਜਾਰੀ ਰੱਖਣ ਪਰ ਸਿਰਫ ਪੰਜ ਪੰਜ ਪ੍ਰਦਰਸ਼ਨਕਾਰੀ ਹੀ ਹੜਤਾਲ ਦੇ ਵਿੱਚ ਹਿੱਸਾ ਲੈ ਕੇ ਬਾਕੀ ਡਾਕਟਰ ਓਪੀਡੀ ਸੇਵਾਵਾਂ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਇਸ ਬਾਬਤ ਗ਼ੌਰ ਕਰਕੇ ਫ਼ੈਸਲਾ ਕਰ ਲੈਣਗੇ।
ਡਾਕਟਰ ਬਲਬੀਰ ਨੇ ਅੱਗੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਕੱਲ ਤੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਿਹਤ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਮੈਂ ਖ਼ੁਦ ਡਾਕਟਰਾਂ ਦੀ ਸੁਰੱਖਿਆ ਦੇ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇੱਕ ਲੈਟਰ ਵੀ ਲਿਖ ਰਿਹਾ ਹਾਂ ਜਿਸ ਦੇ ਵਿੱਚ ਇਹ ਮੰਗ ਕੀਤੀ ਜਾਵੇਗੀ ਕਿ ਸਾਰੇ ਮੈਡੀਕਲ ਸਟਾਫ ਦੀ ਸੁਰੱਖਿਆ ਦੇ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ ਜਾਣ ਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ।
ਸਿਹਤ ਮੰਤਰੀ ਨੇ ਕਿਹਾ ਕਿ ਭਲਕੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਹਸਪਤਾਲਾਂ ਦੇ ਵਿੱਚ ਸੁਰੱਖਿਆ ਮਜ਼ਬੂਤ ਕਰਨ ਦੇ ਮਕਸਦ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਮੈਡੀਕਲ ਸਟਾਫ ਦੀ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਨਾ ਹੀ ਵਰਤੇਗੀ ਤੇ ਨਾ ਹੀ ਕੌਤਾਹੀ ਕਰਨ ਵਾਲਾ ਬਖਸ਼ਿਆ ਜਾਵੇਗਾ