Punjab News: ਸਫ਼ਾਈ ਸੇਵਕਾਂ ਦੀ ਕੰਮ ਛੱਡੋ ਹੜਤਾਲ ਕਈ ਦਿਨਾਂ ਤੋਂ ਜਾਰੀ, ਹੁਣ ਸਰਕਾਰੀ ਦਫ਼ਤਰਾਂ ’ਚ ਕੂੜਾ ਸੁੱਟਣ ਦੀ ਦਿੱਤੀ ਚੇਤਾਵਨੀ
Punjab News: ਖਫ਼ਾ ਹੋਏ ਸਫ਼ਾਈ ਸੇਵਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਮੁੜ ਕੂੜਾ ਚੁੱਕਵਾਇਆ ਗਿਆ ਤਾਂ ਜਿਥੇ ਸਫ਼ਾਈ ਸੇਵਕ ਖੁਦ ਕੂੜਾ ਚੁੱਕ ਕੇ ਸਰਕਾਰੀ ਦਫ਼ਤਰਾਂ ਵਿੱਚ ਸੁੱਟਣਗੇ ਉਥੇ 15 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ..
Sangrur News: ਸਫ਼ਾਈ ਸੇਵਕ ਯੂਨੀਅਨ ਨੇ ਕੰਮ ਛੱਡੋ ਹੜਤਾਲ ਦੇ 7 ਦਿਨ ਪੂਰੇ ਹੋ ਗਏ ਨੇ। ਉਨ੍ਹਾਂ ਵੱਲੋਂ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦਾ ਪੁਤਲਾ ਫ਼ੂਕਦਿਆਂ ਪ੍ਰਦਰਸ਼ਨ ਕੀਤਾ ਗਿਆ।
ਕੂੜਾ ਸਰਕਾਰੀ ਦਫ਼ਤਰਾਂ ਵਿੱਚ ਸੁੱਟਣ ਦੀ ਚੇਤਾਵਨੀ, 15 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
10 ਸਤੰਬਰ ਦੀ ਰਾਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਫੋਰਸ ਤਾਇਨਾਤ ਕਰਕੇ ਸ਼ਹਿਰ ਵਿਚ ਕਈ ਥਾਵਾਂ ਉਪਰ ਲੱਗੇ ਕੂੜੇ ਦੇ ਢੇਰ ਚੁਕਵਾ ਦਿੱਤੇ ਸਨ, ਜਿਸ ਤੋਂ ਖਫ਼ਾ ਹੋਏ ਸਫ਼ਾਈ ਸੇਵਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਮੁੜ ਕੂੜਾ ਚੁੱਕਵਾਇਆ ਗਿਆ ਤਾਂ ਜਿਥੇ ਸਫ਼ਾਈ ਸੇਵਕ ਖੁਦ ਕੂੜਾ ਚੁੱਕ ਕੇ ਸਰਕਾਰੀ ਦਫ਼ਤਰਾਂ ਵਿੱਚ ਸੁੱਟਣਗੇ ਉਥੇ 15 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਦਿਆਂ ਖੇਤਰੀ ਰੋਸ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਸ਼ੋਕ ਸਾਰਵਾਨ ਅਤੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਫ਼ਾਈ ਸੇਵਕਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਲੀਸ ਫੋਰਸ ਤਾਇਨਾਤ ਕਰਕੇ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਸ਼ਹਿਰ ਵਿਚੋਂ ਕੂੜਾ ਚੁਕਵਾਇਆ ਗਿਆ ਹੈ, ਜਿਸ ਤੋਂ ਹੜਤਾਲੀ ਸਫ਼ਾਈ ਸੇਵਕਾਂ ’ਚ ਭਾਰੀ ਰੋਸ ਪੈਦਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਨੇ 28 ਅਗਸਤ ਨੂੰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਕੋਈ ਸੁਣਵਾਈ ਨਾ ਹੋਣ ’ਤੇ ਸੰਘਰਸ਼ ਨੂੰ ਤਿੱਖਾ ਕਰਨ ਲਈ 5 ਸਤੰਬਰ ਤੋਂ ਕੰਮ ਛੱਡੋ ਹੜਤਾਲ ’ਤੇ ਹਨ ਅਤੇ ਡੀਸੀ ਦਫ਼ਤਰ ਅੱਗੇ ਧਰਨਾ ਜਾਰੀ ਹੈ ਪਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ।
ਸਾਰੇ ਸਫ਼ਾਈ ਸੇਵਕ ਕੂੜੇ ਦੀਆਂ ਟਰਾਲੀਆਂ ਸਮੇਤ ਸ਼ਮੂਲੀਅਤ ਕਰਨਗੇ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹੜਤਾਲ ਨੂੰ ਕਮਜ਼ੋਰ ਕਰਨ ਲਈ ਰਾਤ ਨੂੰ ਕੂੜਾ ਚੁਕਵਾ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਮੁੜ ਅਜਿਹੀ ਗਲਤੀ ਕੀਤੀ ਤਾਂ ਸਫ਼ਾਈ ਸੇਵਕ ਖੁਦ ਕੂੜਾ ਚੁੱਕ ਕੇ ਸਰਕਾਰੀ ਦਫਤਰਾਂ ਵਿਚ ਸੁੱਟਣ ਲਈ ਮਜ਼ਬੂਰ ਹੋਣਗੇ ਅਤੇ 15 ਸਤੰਬਰ ਨੂੰ ਮੁੱਖ ਮੰਤਰੀ ਦਾ ਕੋਠੀ ਦਾ ਘਿਰਾਓ ਕਰਕੇ ਖੇਤਰੀ ਪੱਧਰ ਦੀ ਰੋਸ ਰੈਲੀ ਕੀਤੀ ਜਾਵੇਗੀ। ਰੈਲੀ ਦੌਰਾਨ ਖੇਤਰ ਦੇ ਸਾਰੇ ਸਫ਼ਾਈ ਸੇਵਕ ਕੂੜੇ ਦੀਆਂ ਟਰਾਲੀਆਂ ਸਮੇਤ ਸ਼ਮੂਲੀਅਤ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।