ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਕਦੋਂ ਮਿਲੇਗੀ ਛੁੱਟੀ? ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
Saif Ali Khan Health Update : ਹਮਲੇ ਤੋਂ ਬਾਅਦ ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਥੇ ਉਨ੍ਹਾਂ ਦੀ ਸਰਜਰੀ ਹੋਈ। ਹੁਣ ਡਾਕਟਰਾਂ ਨੇ ਅਦਾਕਾਰ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ।

Saif Ali Khan Health Update: ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਆਪਣੇ ਘਰ 'ਚ ਚਾਕੂ ਨਾਲ ਹੋਏ ਹਮਲੇ ਕਰਕੇ ਜ਼ਖਮੀ ਹੋ ਗਏ ਸਨ। ਇਸ ਘਟਨਾ ਵਿੱਚ ਅਦਾਕਾਰ ਨੂੰ ਕਈ ਗੰਭੀਰ ਸੱਟਾਂ ਲੱਗੀਆਂ। ਉਦੋਂ ਤੋਂ ਉਹ ਲੀਲਾਵਤੀ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਕੀਤੀ ਗਈ ਹੈ। ਹੁਣ ਦੋ ਦਿਨਾਂ ਬਾਅਦ, ਹਸਪਤਾਲ ਦੇ ਡਾਕਟਰਾਂ ਨੇ ਅਦਾਕਾਰ ਦੀ ਹਾਲਤ ਬਾਰੇ ਅਪਡੇਟ ਸਾਂਝਾ ਕੀਤਾ ਹੈ।
ਹੁਣ ਸੈਫ ਅਲੀ ਖਾਨ ਦੀ ਹਾਲਤ ਕਿਵੇਂ ਦੀ ਹੈ?
ਤੁਹਾਨੂੰ ਦੱਸ ਦਈਏ ਕਿ ਸੈਫ ਅਲੀ ਖਾਨ ਨੂੰ ਹਸਪਤਾਲ ਵਿੱਚ ਦਾਖਲ ਹੋਏ ਦੋ ਦਿਨ ਹੋ ਗਏ ਹਨ। ਹੁਣ ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਸ਼ਨੀਵਾਰ ਨੂੰ ਫਿਰ ਤੋਂ ਅਦਾਕਾਰ ਦੀ ਸਿਹਤ ਨੂੰ ਲੈਕੇ ਅਪਡੇਟ ਸਾਂਝੀ ਕੀਤੀ ਹੈ। ਡਾਕਟਰਾਂ ਨੇ ਕਿਹਾ ਕਿ ਅਦਾਕਾਰ ਦੀ ਸਿਹਤ ਹੁਣ ਪਹਿਲਾਂ ਨਾਲੋਂ ਚੰਗੀ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹ ਤੁਰ-ਫਿਰ ਰਹੇ ਹਨ ਅਤੇ ਆਮ ਖੁਰਾਕ ਖਾ ਰਹੇ ਹਨ। ਖਾਨ ਨੂੰ ਦੋ ਤੋਂ ਤਿੰਨ ਦਿਨਾਂ ਵਿੱਚ ਛੁੱਟੀ ਮਿਲਣ ਦੀ ਉਮੀਦ ਹੈ।
ਲੀਲਾਵਤੀ ਹਸਪਤਾਲ ਦੇ ਨਿਊਰੋਸਰਜਨ ਡਾ: ਨਿਤਿਨ ਡਾਂਗੇ ਨੇ ਸ਼ੁੱਕਰਵਾਰ ਨੂੰ ਕਿਹਾ, “ਅਸੀਂ ਉਨ੍ਹਾਂ ਦੇ ਪ੍ਰੋਗਰੈਸ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਸਾਡੀਆਂ ਉਮੀਦਾਂ ਅਨੁਸਾਰ, ਉਹ ਬਹੁਤ ਚੰਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਪ੍ਰੋਗਰੈਸ ਦੇ ਆਧਾਰ 'ਤੇ ਅਸੀਂ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਜੇਕਰ ਉਹ ਆਰਾਮਦਾਇਕ ਮਹਿਸੂਸ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਦੋ ਤੋਂ ਤਿੰਨ ਦਿਨਾਂ ਵਿੱਚ ਛੁੱਟੀ ਦੇ ਦੇਵਾਂਗੇ।
ਸੈਫ ਨੂੰ ਸਭ ਤੋਂ ਜ਼ਿਆਦਾ ਸੱਟ ਪਿੱਠ 'ਤੇ ਲੱਗੀ
ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਇੱਕ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਤੁਰਨ ਵਿੱਚ ਮਦਦ ਕੀਤੀ। ਡਾਂਗੇ ਨੇ ਕਿਹਾ ਸੀ ਕਿ ਖਾਨ ਦੇ ਸਰੀਰ 'ਤੇ ਤਿੰਨ ਜ਼ਖ਼ਮ ਸਨ, ਦੋ ਹੱਥ 'ਤੇ ਅਤੇ ਇੱਕ ਗਰਦਨ ਦੇ ਸੱਜੇ ਪਾਸੇ ਅਤੇ ਸਭ ਤੋਂ ਜ਼ਿਆਦਾ ਸੱਟ ਪਿੱਠ 'ਤੇ ਲੱਗੀ ਸੀ, ਜੋ ਕਿ ਰੀੜ੍ਹ ਦੀ ਹੱਡੀ 'ਤੇ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਪਿੱਠ ਤੋਂ ਤਿੱਖੀ ਚੀਜ਼ (ਚਾਕੂ) ਕੱਢ ਦਿੱਤੀ ਹੈ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਨੂੰ ਠੀਕ ਕਰ ਦਿੱਤਾ ਹੈ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਪੁਲਿਸ ਸੈਫ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਹੁਣ ਤੱਕ 40 ਤੋਂ 50 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ 30 ਤੋਂ ਵੱਧ ਟੀਮਾਂ ਬਣਾਈਆਂ ਹਨ। ਉਮੀਦ ਹੈ ਕਿ ਹਮਲਾਵਰ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਜਾਵੇਗਾ।





















