ਕਦੋਂ, ਕਿੱਥੇ ਅਤੇ ਕਿਵੇਂ ਹੋਇਆ ਸੈਫ ਅਲੀ ਖਾਨ 'ਤੇ ਹਮਲਾ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
Saif Ali Khan Attacked: ਮੁੰਬਈ ਵਿੱਚ ਅਦਾਕਾਰ ਸੈਫ ਅਲੀ ਖਾਨ ਦੇ ਘਰ ਇੱਕ ਹਮਲਾਵਰ ਨੇ ਦਾਖਲ ਹੋ ਕੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ।
Saif Ali Khan Attacked: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਬੁੱਧਵਾਰ (15 ਜਨਵਰੀ) ਦੇਰ ਰਾਤ ਉਨ੍ਹਾਂ ਦੇ ਘਰ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਸ ਘਟਨਾ ਬਾਰੇ ਪੁਲਿਸ ਨੇ ਕਿਹਾ ਕਿ ਇਹ ਘਟਨਾ ਅੱਧੀ ਰਾਤ ਨੂੰ ਬਾਂਦਰਾ ਸਥਿਤ ਅਦਾਕਾਰ ਦੇ ਘਰ ਵਿੱਚ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਦੇਰ ਰਾਤ ਕੀਤਾ ਹਮਲਾ
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਾਂਦਰਾ ਦੇ ਡੀਸੀਪੀ ਨੇ ਦੱਸਿਆ ਕਿ ਇੱਕ ਅਣਜਾਣ ਵਿਅਕਤੀ ਰਾਤ 2.30 ਵਜੇ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ।
ਇਸ ਦੌਰਾਨ ਉਸ ਨੇ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਏਐਨਆਈ ਦੇ ਅਨੁਸਾਰ, ਇਹ ਲੜਾਈ ਇੱਕ ਅਣਜਾਣ ਵਿਅਕਤੀ ਅਤੇ ਸੈਫ ਅਲੀ ਖਾਨ ਦੀ ਨੌਕਰਾਣੀ ਵਿਚਾਲੇ ਹੋ ਰਹੀ ਸੀ। ਜਦੋਂ ਸੈਫ ਅਲੀ ਖਾਨ ਨੇ ਉਸ ਵਿਅਕਤੀ ਨੂੰ ਦੇਖਿਆ, ਜੋ ਕਿ ਚੋਰੀ ਦੇ ਇਰਾਦੇ ਨਾਲ ਅੰਦਰ ਆਇਆ ਸੀ, ਤਾਂ ਚੋਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਸੂਤਰਾਂ ਦਾ ਦਾਅਵਾ ਹੈ ਕਿ ਸੈਫ 'ਤੇ ਤੇਜ਼ਧਾਰ ਹਥਿਆਰ ਨਾਲ ਛੇ ਵਾਰ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਉਨ੍ਹਾਂ ਦੀ ਗਰਦਨ, ਖੱਬੇ ਗੁੱਟ, ਛਾਤੀ 'ਤੇ ਸੱਟਾਂ ਲੱਗੀਆਂ ਅਤੇ ਚਾਕੂ ਦਾ ਇੱਕ ਛੋਟਾ ਜਿਹਾ ਹਿੱਸਾ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਤੇ ਵੀ ਲੱਗਿਆ। ਸੂਤਰਾਂ ਨੇ ਦੱਸਿਆ ਕਿ ਰੀੜ੍ਹ ਦੀ ਹੱਡੀ ਦੀ ਸੱਟ ਕਰਕੇ ਉਨ੍ਹਾਂ ਦਾ ਆਪ੍ਰੇਸ਼ਨ ਕਰਨਾ ਪਿਆ। ਪੁਲਿਸ ਨੇ ਸੈਫ ਅਲੀ ਖਾਨ ਦੇ ਘਰ ਕੰਮ ਕਰਨ ਵਾਲੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਤਿੰਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ, ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਸੈਫ ਅਲੀ ਖਾਨ ਦੀ ਟੀਮ ਨੇ ਇੱਕ ਬਿਆਨ ਜਾਰੀ ਕੀਤਾ
ਸੈਫ ਅਲੀ ਖਾਨ ਦੀ ਟੀਮ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਅਨੁਸਾਰ ਉਨ੍ਹਾਂ 'ਤੇ ਹਮਲਾ ਹੋਇਆ ਸੀ ਅਤੇ ਅਦਾਕਾਰ ਨੇ ਇਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੇ ਘਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਕਰੀਨਾ ਕਪੂਰ ਅਤੇ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ।
ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕੀਤਾ
ਮੁੰਬਈ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਜਿਸ ਤੋਂ ਬਾਅਦ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ। ਮੁੰਬਈ ਦੇ ਜੁਆਇੰਟ ਸੀਪੀ ਲਾਅ ਐਂਡ ਆਰਡਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਘਟਨਾ ਤੋਂ ਬਾਅਦ ਸੈਫ ਨੂੰ ਇਲਾਜ ਲਈ ਲੀਲਾਵਤੀ ਲਿਜਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਦੋਸ਼ੀ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ। ਬਾਂਦਰਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਾਲੀਵੁੱਡ ਅਦਾਕਾਰ ਦਾ ਘਰ ਮੁੰਬਈ ਦੇ ਬਾਂਦਰਾ ਦੇ ਪੌਸ਼ ਇਲਾਕੇ ਵਿੱਚ ਹੈ। ਉਨ੍ਹਾਂ ਦੇ ਘਰ ਵਿੱਚ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਹਨ। ਅਜਿਹੇ ਵਿੱਚ ਉਨ੍ਹਾਂ ਦੇ ਘਰ ਵਿੱਚ ਚੋਰੀ ਦੀ ਘਟਨਾ ਕਾਫ਼ੀ ਹੈਰਾਨੀਜਨਕ ਹੈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਫ ਅਤੇ ਹਮਲਾਵਰ ਵਿਚਕਾਰ ਝੜਪ ਵੀ ਹੋਈ। ਬਾਂਦਰਾ ਪੁਲਿਸ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।