Diljit Dosanjh ਨੇ ਜਿੱਤਿਆ ਕੈਨੇਡੀਅਨ ਪੀਐਮ ਟਰੂਡੋ ਦਾ ਦਿਲ, ਸਟੇਜ਼ 'ਤੇ ਦਿੱਤਾ ਸਰਪ੍ਰਾਈਜ਼
ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਡੰਕਾ ਦੁਨੀਆ ਭਰ ਵਿੱਚ ਵੱਜ ਰਿਹਾ ਹੈ। ਉਹ ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੇ ਹਨ। ਦਿਲਜੀਤ ਦੇ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਪ੍ਰਸ਼ੰਸਕ ਹਨ
Diljit Dosanjh and Justin Trudeau: ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਡੰਕਾ ਦੁਨੀਆ ਭਰ ਵਿੱਚ ਵੱਜ ਰਿਹਾ ਹੈ। ਉਹ ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੇ ਹਨ। ਦਿਲਜੀਤ ਦੇ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਪ੍ਰਸ਼ੰਸਕ ਹਨ। ਇਸ ਕਾਰਨ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਸੰਗੀਤ ਦੌਰੇ ਨੂੰ ਲੈ ਕੇ ਪ੍ਰਸ਼ੰਸਕ ਦੀਵਾਨਾ ਹੋ ਰਹੇ ਹਨ।
ਦਿਲਜੀਤ ਦੋਸਾਂਝ ਅੱਜਕੱਲ੍ਹ ਇੱਕ ਸੰਗੀਤ ਸਮਾਰੋਹ ਲਈ ਟੋਰਾਂਟੋ, ਕੈਨੇਡਾ ਗਏ ਹੋਏ ਹਨ। ਰੋਜਰਸ ਸੈਂਟਰ 'ਚ ਪਰਫਾਰਮ ਕਰ ਰਹੇ ਦਿਲਜੀਤ ਨੂੰ ਮਿਲਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਹੁੰਚੇ। ਦਰਅਸਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੇ ਕੰਸਰਟ ਲਈ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਾਇਕ ਨਾਲ ਹਲਕੀ-ਫੁਲਕੀ ਮੂਵਮੈਂਟ ਸ਼ੇਅਰ ਕੀਤੀ ਤੇ ਫੋਟੋਆਂ ਕਲਿੱਕ ਕਰਵਾਈਆਂ।
ਵਿਭਿੰਨਤਾ ਨਾ ਸਿਰਫ ਸਾਡੀ ਤਾਕਤ ਸਗੋਂ ਸੁਪਰ ਪਾਵਰ: ਟਰੂਡੋ
ਪ੍ਰਧਾਨ ਮੰਤਰੀ ਟਰੂਡੋ ਤੇ ਦਿਲਜੀਤ ਦੋਸਾਂਝ ਦੋਵਾਂ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਤਸਵੀਰਾਂ ਸਾਂਝੀਆਂ ਕਰਦੇ ਹੋਏ ਟਰੂਡੋ ਨੇ ਲਿਖਿਆ, "ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਗਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਤੇ ਸਟੇਡੀਅਮ ਸੋਲਡ ਆਊਟ ਕਰ ਸਕਦਾ ਹੈ। ਵਿਭਿੰਨਤਾ ਸਿਰਫ਼ ਸਾਡੀ ਤਾਕਤ ਹੀ ਨਹੀਂ। ਇਹ ਸਾਡੀ ਸੁਪਰ ਪਾਵਰ ਹੈ।”
ਦਿਲਜੀਤ ਨੇ ਕੈਨੇਡਾ 'ਚ ਰਚਿਆ ਇਤਿਹਾਸ
ਦੱਸ ਦਈਏ ਕਿ ਦਿਲਜੀਤ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ। ਰੋਜਰਸ ਸੈਂਟਰ ਵਿੱਚ ਪੇਸ਼ਕਾਰੀ ਕਰਨ ਵਾਲਾ ਉਹ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਹੈ ਤੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਦਿਲਜੀਤ ਦੁਸਾਂਝ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ। ਫਿਰ ਦੇਸ਼ ਤੇ ਹੁਣ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਹੇ ਹਨ। ਇਸ ਦੇ ਨਾਲ ਹੀ ਟਰੂਡੋ ਨੇ ਦਿਲਜੀਤ ਦੀ ਟੀਮ ਤੇ ਕਰੂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਹਰ ਕੋਈ ‘ਪੰਜਾਬੀ ਆ ਗਿਆ ਓਏ’ ਕਹਿੰਦਾ ਨਜ਼ਰ ਆਇਆ।
ਵਿਭਿੰਨਤਾ ਕੈਨੇਡਾ ਦੀ ਤਾਕਤ: ਦਿਲਜੀਤ
ਆਪਣੇ ਇੰਸਟਾਗ੍ਰਾਮ 'ਤੇ ਪੀਐਮ ਟਰੂਡੋ ਨਾਲ ਮੁਲਾਕਾਤ ਦਾ ਵੀਡੀਓ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, "ਵਿਭਿੰਨਤਾ ਕੈਨੇਡਾ ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਦੇਖਣ ਆਏ ਸਨ। ਰੋਜਰਸ ਸੈਂਟਰ ਵਿੱਚ ਸਾਡਾ ਸ਼ੋਅ ਅੱਜ ਹਾਊਸਫੁੱਲ ਹੈ।" ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਵੀ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦੇ ਹੋਏ ਇੱਕ ਪੋਸਟ ਲਿਖੀ ਹੈ ਤੇ ਦੋਸਾਂਝ ਦੀ ਇਸ ਪ੍ਰਾਪਤੀ ਤੋਂ ਪ੍ਰਭਾਵਿਤ ਹੋਏ ਹਨ।