ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਨੇ `ਲਾਲ ਸਿੰਘ ਚੱਢਾ` `ਚ ਆਮਿਰ ਦੇ ਬਚਪਨ ਦਾ ਰੋਲ ਕਰਨਾ ਸੀ, ਪਰ ਬਣੀ ਨਹੀਂ ਗੱਲ, ਜਾਣੋ ਕਿਉਂ
ਗਿੱਪੀ ਗਰੇਵਾਲ ਦਾ ਬਾਲੀਵੁੱਡ ਨਾਲ ਤਜਰਬਾ ਕੋਈ ਖਾਸ ਵਧੀਆ ਨਹੀਂ ਰਿਹਾ। ਇਹ ਗੱਲ ਖੁਦ ਗਿੱਪੀ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ `ਚ ਕਹੀ ਹੈ। ਗਿੱਪੀ ਗਰੇਵਾਲ ਦੇ ਇਸ ਬਿਆਨ ਦੀ ਚਰਚਾ ਹੁਣ ਚਾਰੇ ਪਾਸੇ ਹੋ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
ਚੰਡੀਗੜ੍ਹ: ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਇੰਨੀਂ ਦਿਨੀਂ ਸੁਰਖੀਆਂ `ਚ ਬਣੀ ਹੋਈ ਹੈ। ਵਜ੍ਹਾ ਇਹ ਹੈ ਕਿ ਇੱਕ ਤਾਂ ਆਮਿਰ ਦੀ ਲੰਮੇ ਸਮੇਂ ਬਾਅਦ ਕੋਈ ਫ਼ਿਲਮ ਆ ਰਹੀ ਹੈ। ਦੂਜੀ ਗੱਲ ਇਸ ਫ਼ਿਲਮ ਨੂੰ ਬਾਇਕਾਟ ਕਰਨ ਦੀ ਮੰਗ ਵੀ ਉੱਠ ਚੁੱਕੀ ਹੈ। ਹੁਣ ਇੱਕ ਵਾਰ ਫ਼ਿਰ ਤੋਂ ਇਸ ਫ਼ਿਲਮ ਲੈਕੇ ਇਹ ਚਰਚਾ ਹੋ ਰਹੀ ਹੈ ਕਿ ਇਸ ਫ਼ਿਲਮ `ਚ ਆਮਿਰ ਖਾਨ ਦੇ ਬਚਪਨ ਦਾ ਰੋਲ ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਨੇ ਕਰਨਾ ਸੀ। ਪਰ ਇਹ ਗੱਲ ਨੇਪਰੇ ਨਹੀਂ ਚੜ੍ਹ ਸਕੀ।
ਇਹ ਖੁਲਾਸਾ ਖੁਦ ਗਿੱਪੀ ਗਰੇਵਾਲ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਫ਼ਿਲਮ ਲਾਲ ਸਿੰਘ ਚੱਢਾ `ਚ ਉਨ੍ਹਾਂ ਦੇ ਬੇਟੇ ਸ਼ਿੰਦਾ ਗਰੇਵਾਲ ਨੇ ਆਮਿਰ ਖਾਨ ਦੇ ਬਚਪਨ ਦਾ ਰੋਲ ਕਰਨਾ ਸੀ। ਇਸ ਬਾਰੇ ਆਮਿਰ ਦੀ ਗਿੱਪੀ ਨਾਲ ਮੁਲਾਕਾਤ ਵੀ ਹੋਈ ਸੀ। ਸਭ ਕੁੱਝ ਫ਼ਾਈਨਲ ਵੀ ਹੋ ਗਿਆ ਸੀ, ਪਰ ਜਦੋਂ ਗਿੱਪੀ ਗਰੇਵਾਲ ਨੂੰ ਪਤਾ ਲੱਗਿਆ ਕਿ ਲਾਲ ਸਿੰਘ ਚੱਢਾ ਦੇ ਵਾਲ ਕਿਸੇ ਕਾਰਨ ਕੱਟਣੇ ਪੈਂਦੇ ਹਨ ਤਾਂ ਇਸ ਤੇ ਗਿੱਪੀ ਨੇ ਇਨਕਾਰ ਕਰ ਦਿਤਾ।
ਬਾਲੀਵੁੱਡ `ਚ ਮੇਰਾ ਤਜਰਬਾ ਵਧੀਆ ਨਹੀਂ: ਗਿੱਪੀ ਗਰੇਵਾਲ
ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਤੋਂ ਜਦੋਂ ਬਾਲੀਵੁੱਡ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਲੀਵੁੱਡ `ਚ ਦਿਮਾਗ਼ ਨਾਲ ਚੱਲਣ ਵਾਲੇ ਲੋਕ ਹਨ, ਜਦਕਿ ਪੰਜਾਬੀ ਇੰਡਸਟਰੀ ਦਿਲ ਨਾਲ ਚੱਲਦੀ ਹੈ ਤੇ ਦਿਲ ਨਾਲ ਹੀ ਸੋਚਦੀ ਹੈ। ਇਹੀ ਕਾਰਨ ਹੈ ਕਿ ਗਿੱਪੀ ਗਰੇਵਾਲ ਦਾ ਹਿੰਦੀ ਫ਼ਿਲਮ ਇੰਡਸਟਰੀ ਨਾਲ ਕੋਈ ਬਹੁਤਾ ਵਧੀਆ ਤਜਰਬਾ ਨਹੀਂ ਰਿਹਾ।
ਬਾਲੀਵੁੱਡ `ਚ ਤੁਹਾਡੇ ਕੰਮ ਨੂੰ ਇਸਤੇਮਾਲ ਜ਼ਰੂਰ ਕਰਦੇ ਹਨ, ਪਰ ਕਰੈਡਿਟ ਦੇਣ ਤੋਂ ਡਰਦੇ ਹਨ। ਇਸ ਬਾਰੇ ਖੁੱਲ ਕੇ ਬੋਲਦਿਆਂ ਕਿਹਾ ਕਿ ਫ਼ਿਲਮ ਕੌਕਟੇਲ `ਚ ਉਨ੍ਹਾਂ ਦਾ ਗਾਇਆ ਗੀਤ `ਅੰਗਰੇਜੀ ਬੀਟ` ਫ਼ਿਲਮ `ਚ ਖੂਬ ਇਸਤੇਮਾਲ ਕੀਤਾ ਗਿਆ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਗਾਣਾ ਕਿਸ ਨੇ ਗਾਇਆ ਹੈ। ਇਹੀ ਵਾਕਿਆ ਗਰੇਵਾਲ ਨਾਲ ਹਾਲ ਹੀ `ਚ ਹੋਇਆ, ਜਦੋਂ ਫ਼ਿਲਮ `ਜੁਗ ਜੁਗ ਜੀਓ` `ਚ ਉਨ੍ਹਾਂ ਦਾ ਗਾਣਾ ਨੱਚ ਪੰਜਾਬਣ ਇਸਤੇਮਾਲ ਕੀਤਾ ਗਿਆ। ਪਰ ਇਸ ਦੇ ਨਾਲ ਨਾਲ ਉਨ੍ਹਾਂ ਦੇ ਨਾਲ ਬਾਲੀਵੁੱਡ ਇੰਡਸਟਰੀ ਨੇ ਗਿੱਪੀ ਗਰੇਵਾਲ ਨੂੰ ਚੰਗੀ ਤਰ੍ਹਾਂ ਟਰੀਟ ਨਹੀਂ ਕੀਤਾ।
ਅਕਸ਼ੇ ਕੁਮਾਰ ਤੇ ਕੱਸਿਆ ਤੰਜ?
ਸਿੱਧੂ ਮੂਸੇਵਾਲਾ ਬਾਰੇ ਪੁੱਛੇ ਸਵਾਲ ਦੇ ਜਵਾਬ `ਚ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਸਿੱਧੂ ਦੇ ਬੇਹੱਦ ਕਰੀਬ ਸੀ। ਉਨ੍ਹਾਂ ਦੇ ਮੂਸੇਵਾਲਾ ਨਾਲ ਪਰਿਵਾਰਕ ਰਿਸ਼ਤੇ ਸਨ। ਇਹੀ ਨਹੀਂ ਉਨ੍ਹਾਂ ਦੇ ਬੱਚੇ ਮੂਸੇਵਾਲਾ ਦੇ ਵੱਡੇ ਫ਼ੈਨ ਸੀ। ਇੱਥੋਂ ਤਕ ਕਿ ਕੈਨੇਡੀਅਨ ਰੈਪਰ ਡਰੇਕ ਵੀ ਸਿੱਧੂ ਮੂਸੇਵਾਲਾ ਨੂੰ ਫ਼ਾਲੋ ਕਰਦਾ ਹੈ। ਫ਼ਿਰ ਆਖਰ ਕੀ ਗੱਲ ਹੈ ਕਿ ਕੁੱਝ ਬਾਲੀਵੁੱਡ ਕਲਾਕਾਰ ਜੋ ਸਾਲਾਂ ਤੋਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹਨ ਅਤੇ ਕਿੰਨੀਆਂ ਹੀ ਫ਼ਿਲਮਾਂ `ਚ ਸਰਦਾਰ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਮੂਸੇਵਾਲਾ ਤੇ ਇੱਕ ਟਵੀਟ ਤੱਕ ਨਹੀਂ ਕੀਤਾ। ਇੱਥੇ ਸਾਫ਼ ਪਤਾ ਲਗਦਾ ਹੈ ਕਿ ਉਹ ਅਕਸ਼ੇ ਕੁਮਾਰ ਦੀ ਗੱਲ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੀ ਫ਼ਿਲਮ ਯਾਰ ਮੇਰਾ ਤਿਤਲੀਆਂ ਵਰਗਾ ਦੀ ਸ਼ੂਟਿੰਗ `ਚ ਬਿਜ਼ੀ ਹਨ। ਇਹ ਫ਼ਿਲਮ 2 ਸਤੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।