Jiah Khan: ਜੀਆ ਖਾਨ ਸੁਸਾਈਡ ਕੇਸ 'ਚ ਸੂਰਜ ਪੰਚੋਲੀ ਬਰੀ, 10 ਸਾਲਾਂ ਬਾਅਦ ਕੋਰਟ ਨੇ ਸੁਣਾਇਆ ਫੈਸਲਾ
Jiah Khan Suicide Case: ਆਖਿਰਕਾਰ 10 ਸਾਲਾਂ ਬਾਅਦ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਸੂਰਜ ਪੰਚੋਲੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
Jiah Khan Suicide Case: ਬਾਲੀਵੁੱਡ ਅਦਾਕਾਰਾ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਗਭਗ 10 ਸਾਲਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਇਸ ਮਾਮਲੇ 'ਚ ਅਭਿਨੇਤਾ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਗਿਆ ਹੈ। ਜੀਆ ਖਾਨ 3 ਜੂਨ 2013 ਨੂੰ ਮੁੰਬਈ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਈ ਗਈ ਸੀ। ਇਸ ਮਾਮਲੇ 'ਚ ਸੂਰਜ ਪੰਚੋਲੀ 'ਤੇ ਜੀਆ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੂੰ ਪਤਨੀ ਦੀ ਇਹ ਗੱਲ ਬਿਲਕੁਲ ਨਹੀਂ ਪਸੰਦ, ਖੁਦ ਵੀਡੀਓ ਸ਼ੇਅਰ ਕਰ ਦੱਸੀ ਇਹ ਗੱਲ
ਅਦਾਲਤ ਨੇ ਅੱਜ ਆਪਣਾ ਵੱਡਾ ਫੈਸਲਾ ਸੁਣਾਉਂਦੇ ਹੋਏ ਸੂਰਜ ਪੰਚੋਲੀ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਅਦਾਲਤ ਦੇ ਫੈਸਲੇ ਦੌਰਾਨ ਜੀਆ ਦੀ ਮਾਂ ਵੀ ਮੌਜੂਦ ਸੀ।
ਜੀਆ ਦੀ ਮਾਂ ਰਾਬੀਆ ਨੇ ਕੋਰਟ ਦੇ ਫੈਸਲੇ ਤੋਂ ਪਹਿਲਾਂ ਦਾਖਲ ਕੀਤੀ ਸੀ ਅਰਜ਼ੀ
ਇਸ ਦੇ ਨਾਲ ਹੀ ਜੀਆ ਦੀ ਮਾਂ ਰਾਬੀਆ ਨੇ ਵੀ ਅਦਾਲਤ ਦਾ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅੱਜ ਆਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕੀਤੀ ਸੀ। ਹਾਲਾਂਕਿ, ਅਦਾਲਤ ਨੇ ਰਾਬੀਆ ਖਾਨ ਦੀ ਅਰਜ਼ੀ 'ਤੇ ਵਿਚਾਰ ਨਹੀਂ ਕੀਤਾ ਅਤੇ ਫੈਸਲਾ ਦਿੰਦੇ ਹੋਏ, ਸੂਰਜ ਪੰਚੋਲੀ ਨੂੰ ਜੀਆ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਦੱਸ ਦੇਈਏ ਕਿ ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਮਰਹੂਮ ਅਦਾਕਾਰਾ ਦੀ ਮਾਂ ਰਾਬੀਆ ਖਾਨ ਦੀ ਪਟੀਸ਼ਨ 'ਤੇ ਅਦਾਲਤ ਨੇ ਇਸ ਮਾਮਲੇ ਨੂੰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਸੀ।
ਸੂਰਜ ਪੰਚੋਲੀ ਦੀ ਪਹਿਲੀ ਪ੍ਰਤੀਕਿਰਿਆ
ਆਪਣੇ ਹੱਕ 'ਚ ਫੈਸਲਾ ਆਉਣ ਤੋਂ ਬਾਅਦ ਸੂਰਜ ਪੰਚੋਲੀ ਨੇ ਪਹਿਲੀ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਸੂਰਜ ਨੇ ਆਪਣੀ ਇੰਸਟਾ ਸਟੋਰੀ 'ਤੇ ਲਿਖਿਆ- ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਜੀਆ ਖਾਨ ਦੀ ਮਾਂ ਰਾਬੀਆ ਖਾਨ ਦੀ ਪ੍ਰਤੀਕਿਰਿਆ
ਸੂਰਜ ਪੰਚੋਲੀ ਦੇ ਬਰੀ ਹੋਣ 'ਤੇ ਜੀਆ ਖਾਨ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਰਾਬੀਆ ਖਾਨ ਨੇ ਕਿਹਾ, 'ਮੈਂ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹਾਂ ਕਿ ਇਹ ਮਾਮਲਾ ਸਿਰਫ ਖੁਦਕੁਸ਼ੀ ਲਈ ਉਕਸਾਉਣ ਦਾ ਨਹੀਂ ਹੈ, ਇਹ ਕਤਲ ਹੈ। ਇਹ ਕਤਲ ਦਾ ਮਾਮਲਾ ਹੈ। ਮੈਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ। ਮੇਰੀ ਲੜਾਈ ਜਾਰੀ ਹੈ। ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਵਾਂਗੀ। ਮੈਂ ਇੱਕ ਮਾਂ ਹਾਂ ਅਤੇ ਮੈਂ ਆਪਣੀ ਧੀ ਲਈ ਕਿਉਂ ਨਹੀਂ ਲੜਾਂਗੀ?
ਜੀਆ ਨੇ ਕਈ ਫਿਲਮਾਂ 'ਚ ਵੱਡੇ ਸਿਤਾਰਿਆਂ ਨਾਲ ਕੀਤਾ ਕੰਮ
ਜੀਆ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2007 'ਚ ਅਮਿਤਾਭ ਬੱਚਨ ਦੇ ਨਾਲ 'ਨਿਸ਼ਬਦ' ਨਾਲ ਕੀਤੀ ਸੀ। ਜੀਆ ਸਿਰਫ 21 ਸਾਲ ਦੀ ਸੀ ਜਦੋਂ ਉਸਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਰਾਮ ਗੋਪਾਲ ਵਰਮਾ ਦੀ ਇਸ ਫਿਲਮ 'ਚ ਜੀਆ ਅਤੇ ਅਮਿਤਾਭ ਦਾ ਰੋਮਾਂਟਿਕ ਰਿਸ਼ਤਾ ਦਿਖਾਇਆ ਗਿਆ ਸੀ। ਜੀਆ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਬਾਅਦ ਜੀਆ ਖਾਨ 2008 ਦੀ ਬਲਾਕਬਸਟਰ ਫਿਲਮ 'ਗਜਨੀ' 'ਚ ਆਮਿਰ ਖਾਨ ਨਾਲ ਨਜ਼ਰ ਆਈ। ਆਮਿਰ ਖਾਨ ਅਤੇ ਅਸਿਨ ਸਟਾਰਰ ਫਿਲਮ ਵਿੱਚ ਜੀਆ ਇੱਕ ਮੈਡੀਕਲ ਸਟੂਡੈਂਟ ਦੀ ਭੂਮਿਕਾ ਵਿੱਚ ਸੀ। ਇਸ ਤੋਂ ਬਾਅਦ 2010 'ਚ ਜੀਆ ਨੇ ਆਪਣੀ ਤੀਜੀ ਅਤੇ ਆਖਰੀ ਫਿਲਮ 'ਹਾਊਸਫੁੱਲ' ਕੀਤੀ। ਇਸ ਫਿਲਮ 'ਚ ਵੀ ਜੀਆ ਨੇ ਅਕਸ਼ੈ ਕੁਮਾਰ ਵਰਗੇ ਵੱਡੇ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ ਅਤੇ ਇਹ ਫਿਲਮ ਵੀ ਹਿੱਟ ਰਹੀ ਸੀ।
ਇਹ ਵੀ ਪੜ੍ਹੋ: ਅਫਸਾਨਾ ਖਾਨ ਨੂੰ ਵੈਸਟਰਨ ਡਰੈੱਸ ਪਹਿਨਣੀ ਪਈ ਮਹਿੰਗੀ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਕਿਹਾ- 'ਮੋਟੀ'