ਜਦੋਂ ਅਚਾਨਕ Lata Mangeshkar 'ਤੇ ਟੁੱਟਿਆ ਸੀ ਮੁਸੀਬਤਾਂ ਦਾ ਪਹਾੜ, ਹੱਸਣਾ ਵੀ ਭੁੱਲ ਗਿਆ ਸੀ ਉਨ੍ਹਾਂ ਦਾ ਪਰਿਵਾਰ
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ (Lata Mangeshkar) ਹਿੰਦੀ ਸਿਨੇਮਾ ਦੀ ਉਹ ਕੋਹਿਨੂਰ ਸਨ, ਜਿਨ੍ਹਾਂ ਨੂੰ ਕਰੋੜਾਂ ਲੋਕ ਪਿਆਰ ਕਰਦੇ ਹਨ।
When Lata Mangeshkar's family was broken: ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ (Lata Mangeshkar) ਹਿੰਦੀ ਸਿਨੇਮਾ ਦੀ ਉਹ ਕੋਹਿਨੂਰ ਸਨ, ਜਿਨ੍ਹਾਂ ਨੂੰ ਕਰੋੜਾਂ ਲੋਕ ਪਿਆਰ ਕਰਦੇ ਹਨ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਦਮ 'ਤੇ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਸੀ। ਹਾਲਾਂਕਿ ਆਪਣੇ ਕਰੀਅਰ ਤੋਂ ਲੈ ਕੇ ਨਿੱਜੀ ਜ਼ਿੰਦਗੀ 'ਚ ਲਤਾ ਮੰਗੇਸ਼ਕਰ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਛੋਟੀ ਉਮਰ 'ਚ ਹੀ ਲਤਾ ਦੇ ਸਿਰ ਤੋਂ ਪਿਤਾ ਦਾ ਹੱਥ ਉੱਠ ਗਿਆ ਸੀ। ਉਨ੍ਹਾਂ ਦਾ ਪਰਿਵਾਰ ਵੱਡਾ ਸੀ ਤੇ ਘਰ ਦੀ ਸਭ ਤੋਂ ਵੱਡੀ ਬੇਟੀ ਹੋਣ ਦੇ ਨਾਤੇ ਲਤਾ ਮੰਗੇਸ਼ਕਰ 'ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ।
ਲਤਾ ਮੰਗੇਸ਼ਕਰ ਦੇ ਸੰਘਰਸ਼ ਬਾਰੇ ਉਨ੍ਹਾਂ ਦੀ ਛੋਟੀ ਭੈਣ ਮੀਨਾ ਮੰਗੇਸ਼ਕਰ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ, "ਮੇਰਾ, ਲਤਾ ਦੀਦੀ ਨਾਲ ਅਜੀਬ ਜਿਹਾ ਰਿਸ਼ਤਾ ਹੈ। ਉਹ ਮੇਰੀ ਭੈਣ ਹੀ ਨਹੀਂ, ਮਾਂ ਵਰਗੀ ਹੈ। ਮੈਂ ਬਚਪਨ ਤੋਂ ਹੀ ਉਨ੍ਹਾਂ ਨਾਲ ਪਰਛਾਵੇਂ ਵਾਂਗ ਰਹਿੰਦੀ ਸੀ। ਮੈਂ ਉਨ੍ਹਾਂ ਤੋਂ ਸਿਰਫ਼ 2 ਸਾਲ ਛੋਟੀ ਹਾਂ। ਜਦੋਂ ਮੇਰੇ ਪਿਤਾ ਜੀ ਚਲੇ ਗਏ, ਲਤਾ ਸਿਰਫ਼ 12 ਸਾਲਾਂ ਦੇ ਸਨ ਤੇ ਮੈਂ 10 ਸਾਲ ਦੀ ਸੀ। ਅਸੀਂ ਪਿਤਾ ਜੀ ਦੀ ਬੀਮਾਰੀ ਦੇਖੀ ਹੈ। ਅਸੀਂ 1941 'ਚ ਪੂਨੇ ਆ ਗਏ ਤੇ ਪਿਤਾ ਜੀ 1942 'ਚ ਚਲੇ ਗਏ।"
ਮੀਨਾ ਮੰਗੇਸ਼ਕਰ ਨੇ ਕਿਹਾ, "ਪਿਤਾ ਜੀ ਦੇ ਜਾਣ ਨਾਲ ਸਾਨੂੰ ਬਹੁਤ ਸਦਮਾ ਲੱਗਾ ਹੈ। ਉਦੋਂ ਦੀਦੀ ਅਚਾਨਕ ਵੱਡੀ ਹੋ ਗਈ ਸੀ। ਉਨ੍ਹਾਂ ਦਾ ਮਜ਼ਾਕ, ਹੱਸਣਾ-ਖੇਡਣਾ ਸਭ ਖ਼ਤਮ ਹੋ ਗਿਆ ਸੀ। ਹੁਣ ਸਾਡੇ ਉੱਤੇ ਬਹੁਤ ਜ਼ਿੰਮੇਵਾਰੀ ਹੈ। ਦੀਦੀ ਨੇ ਸਾਡੇ ਸਾਰਿਆਂ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਸੀ। ਅਪ੍ਰੈਲ 'ਚ ਪਿਤਾ ਜੀ ਦੇ ਚਲੇ ਜਾਣ ਤੋਂ ਬਾਅਦ ਦੀਦੀ ਨੇ ਜੂਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਨੂੰ ਪਿਤਾ ਜੀ ਲਈ ਰੋਣ ਦਾ ਸਮਾਂ ਵੀ ਨਹੀਂ ਮਿਲਿਆ।"
ਇਸ ਤੋਂ ਇਲਾਵਾ ਲਤਾ ਮੰਗੇਸ਼ਕਰ ਦੀ ਭੈਣ ਨੇ ਅੱਗੇ ਕਿਹਾ, "ਮਾਂ ਦੀ ਹਾਲਤ ਅਜਿਹੀ ਸੀ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਸਾਡੇ ਸਾਹਮਣੇ ਰੋ ਵੀ ਨਹੀਂ ਸਕਦੀ ਸੀ। ਇਹ ਉਹ ਸਮਾਂ ਸੀ ਜਦੋਂ ਅਸੀਂ ਹੱਸਣਾ ਭੁੱਲ ਗਏ ਸੀ ਅਤੇ ਦੀਦੀ ਸਿਰਫ਼ ਕੰਮ ਕਰਦੀ ਰਹੀ। ਉਹ ਸਵੇਰੇ 8 ਵਜੇ ਕੰਮ ਲਈ ਨਿਕਲ ਜਾਂਦੀ ਸੀ ਤੇ ਰਾਤ ਨੂੰ 10 ਵਜੇ ਵਾਪਸ ਆਉਂਦੀ ਸੀ। ਪਰ ਦੀਦੀ ਨੇ ਕਦੇ ਵੀ ਸਾਨੂੰ ਆਪਣਾ ਦੁੱਖ ਨਹੀਂ ਸੁਣਾਇਆ।"