Amar Noori: ਸਰਦੂਲ ਸਿਕੰਦਰ ਨੇ ਗੀਤਾਂ ਵਾਲੀ ਕਾਪੀ 'ਚ ਅਮਰ ਨੂਰੀ ਨੂੰ ਲਿਖ ਕੇ ਦਿੱਤਾ ਸੀ ਆਈ ਲਵ ਯੂ, ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ
Amar Noori Birthday: ਅਮਰ ਨੂਰੀ ਦਾ ਜਨਮ 23 ਜਨਵਰੀ 1967 ਨੂੰ ਰੂਪਨਗਰ ਦੇ ਪਿੰਡ ਰੰਗੀਲਪੁਰ ਵਿਖੇ ਹੋਇਆ। ਉਹ ਪ੍ਰਸਿੱਧ ਗਾਇਕ ਰੌਸ਼ਨ ਸਾਗਰ ਦੀ ਧੀ ਹੈ। ਨੂਰੀ ਨੇ 9 ਸਾਲ ਦੀ ਉਮਰ 'ਚ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ
Amar Noori Sardool Sikander Love Story: ਪੰਜਾਬੀ ਗਾਇਕਾ ਅਮਰ ਨੂਰੀ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਡੇ ਲਈ ਨੂਰੀ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਖਾਸ ਤੇ ਦਿਲਚਸਪ ਕਿੱਸਾ ਲੈਕੇ ਆਏ ਹਾਂ। ਇਹ ਕਿੱਸਾ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੋਵਾਂ ਨਾਲ ਜੁੜਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਸਟੋਰੀ ਬਾਰੇ:
ਅਮਰ ਨੂਰੀ ਦਾ ਜਨਮ 23 ਜਨਵਰੀ 1967 ਨੂੰ ਰੂਪਨਗਰ ਦੇ ਪਿੰਡ ਰੰਗੀਲਪੁਰ ਵਿਖੇ ਹੋਇਆ ਸੀ। ਉਹ ਪ੍ਰਸਿੱਧ ਗਾਇਕ ਰੌਸ਼ਨ ਸਾਗਰ ਦੀ ਧੀ ਹੈ। ਉਨ੍ਹਾਂ ਨੇ ਸੰਗੀਤ ਦੀ ਸਿਖਲਾਈ ਆਪਣੇ ਪਿਤਾ ਕੋਲੋਂ ਹੀ ਲਈ ਹੈ। ਉਨ੍ਹਾਂ ਦੇ ਪਿਤਾ ਬਹੁਤ ਹੀ ਸੁਰੀਲੇ ਗਾਇਕ ਸਨ। ਜਦੋਂ ਰੌਸ਼ਨ ਸਾਗਰ ਦਾ ਕਰੀਅਰ ਸਿਖਰਾਂ 'ਤੇ ਸੀ ਤਾਂ ਉਨ੍ਹਾਂ ਦੇ ਕਿਸੇ ਵਿਰੋਧੀ ਨੇ ਰੰਜਿਸ਼ ਦੇ ਚਲਦਿਆਂ ਉਨ੍ਹਾਂ ਨੂੰ ਕੱਚ ਪੀਸ ਦੇ ਦਿੱਤਾ ਸੀ। ਇਸ ਕਰਕੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ ਸੀ। ਰੌਸ਼ਨ ਸਾਗਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਅਮਰ ਨੂਰੀ ਤੇ ਉਨ੍ਹਾਂ ਦੇ ਭਰਾ ਦੇ ਮੋਢਿਆਂ 'ਤੇ ਆ ਗਈ। ਇਸ ਤੋਂ ਬਾਅਦ ਹੀ ਨੂਰੀ ਨੇ 9 ਸਾਲ ਦੀ ਉਮਰ 'ਚ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ।
ਇੰਜ ਹੋਈ ਸਰਦੂਲ ਸਿਕੰਦਰ ਨਾਲ ਮੁਲਾਕਾਤ
13 ਸਾਲ ਦੀ ਉਮਰ 'ਚ ਅਮਰ ਨੂਰੀ ਦਾ ਪਹਿਲਾ ਗਾਣਾ ਰਿਕਾਰਡ ਹੋਇਆ ਸੀ। ਉਸ ਸਮੇਂ ਉਹ ਦੀਦਾਰ ਸੰਧੂ ਨਾਲ ਗਾਉਂਦੀ ਹੁੰਦੀ ਸੀ। ਇਸੇ ਦੌਰਾਨ ਨੂਰੀ ਦੀ ਮੁਲਾਕਾਤ ਸਰਦੂਲ ਸਿਕੰਦਰ ਨਾਲ ਹੋਈ ਤੇ ਉਨ੍ਹਾਂ ਨੇ ਸਿਕੰਦਰ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਦੀ ਮੁਲਾਕਾਤ ਸਰਦੂਲ ਸਿਕੰਦਰ ਦੇ ਚਾਚੇ ਦੇ ਮੁੰਡੇ ਦੇ ਵਿਆਹ 'ਤੇ ਹੋਈ ਸੀ। ਇੱਥੇ ਨੂਰੀ ਨੇ ਸਟੇਜ ਪਰਫਾਰਮੈਂਸ ਦਿੱਤਾ ਸੀ। ਸਰਦੂਲ ਨੂਰੀ ਦੀ ਪਰਫਾਸਮੈਂਸ ਤੋਂ ਇੰਨੇਂ ਪ੍ਰਭਾਵਤ ਹੋਏ ਸੀ ਕਿ ਉਨ੍ਹਾਂ ਨੇ ਨੂਰੀ ਦੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਇਕੱਠੇ ਕਈ ਲਾਈਵ ਸ਼ੋਅਜ਼ ਕੀਤੇ।
ਗੀਤਾਂ ਵਾਲੀ ਕਾਪੀ 'ਚ ਲਿਖ ਕੇ ਦਿੱਤਾ 'ਆਈ ਲਵ ਯੂ'
ਸਟੇਜ ਸ਼ੋਅਜ਼ ਦੌਰਾਨ ਤੇ ਗਾਣਿਆਂ ਦੀ ਪ੍ਰੈਕਟਿਸ ਦੌਰਾਨ ਨੂਰੀ ਦੀ ਸਿਕੰਦਰ ਨਾਲ ਨੇੜਤਾ ਵਧਦੀ ਰਹੀ। ਦੋਵੇਂ ਇੱਕ ਦੂਜੇ ਨੂੰ ਕਾਫੀ ਪਸੰਦ ਕਰਨ ਲੱਗ ਪਏ ਸੀ। ਇੱਕ ਦਿਨ ਸਰਦੂਲ ਸਿਕੰਦਰ ਨੇ ਗੀਤਾਂ ਵਾਲੀ ਕਾਪੀ 'ਤੇ ਅਮਰ ਨੂਰੀ ਨੂੰ ਆਈ ਲਵ ਯੂ ਲਿਖ ਕੇ ਦਿੱਤਾ। ਅਮਰ ਨੂਰੀ ਦੇ ਦਿਲ 'ਚ ਵੀ ਸਿਕੰਦਰ ਲਈ ਬੇਸ਼ੁਮਾਰ ਪਿਆਰ ਸੀ। ਉਨ੍ਹਾਂ ਨੇ ਤੁਰੰਤ ਸਿਕੰਦਰ ਦਾ ਪ੍ਰਪੋਜ਼ਲ ਸਵੀਕਾਰ ਕਰ ਲਿਆ। ਇਸ ਤੋਂ ਬਾਅਦ 30 ਜਨਵਰੀ 1993 ਨੂੰ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇਨ੍ਹਾਂ ਦੇ ਘਰ ਆਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਨੇ ਜਨਮ ਲਿਆ।
2021 'ਚ ਹੋਈ ਸਰਦੂਲ ਸਿਕੰਦਰ ਦੀ ਮੌਤ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਮੈਰਿਜ ਪੂਰੀ ਦੁਨੀਆ ਲਈ ਮਿਸਾਲ ਹੈ। ਪਰ ਬਦਕਿਸਮਤੀ ਨਾਲ ਦੋਵਾਂ ਦਾ ਸਾਥ 2021 'ਚ ਛੁੱਟ ਗਿਆ, ਜਦੋਂ ਸਰਦੂਲ ਸਿਕੰਦਰ ਦੀ 20 ਫਰਵਰੀ 2021 ਨੂੰ ਕੋਵਿਡ ਕਰਕੇ ਮੌਤ ਹੋ ਗਈ। ਅਮਰ ਨੂਰੀ ਅੱਜ ਵੀ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਉਨ੍ਹਾਂ ਦੀ ਯਾਦ 'ਚ ਨੂਰੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।