Amar Singh Chamkila: ਕੁਲਦੀਪ ਮਾਣਕ ਦੀ ਇਸ ਗਲਤੀ ਨੇ ਚਮਕੀਲੇ ਨੂੰ ਬਣਾਇਆ ਸੀ ਸਟਾਰ, ਕਲੀਆਂ ਦੇ ਬਾਦਸ਼ਾਹ ਨੂੰ ਮਿਲਿਆ ਸੀ ਹੰਕਾਰ ਦਾ ਫਲ
Kuldeep Manak: ਅਮਰ ਸਿੰਘ ਚਮਕੀਲਾ ਨੂੰ ਸਟਾਰ ਬਣਾਉਣ ਵਾਲੇ ਸਵਰਨ ਸਿਵਿਆ ਹੀ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਕੁਲਦੀਪ ਮਾਣਕ ਨੇ ਸਵਰਨ ਸਿਵਿਆ ਦੀ ਬੇਇੱਜ਼ਤੀ ਨਾ ਕੀਤੀ ਹੁੰਦੀ ਤਾਂ ਚਮਕੀਲਾ ਸ਼ਾਇਦ ਕਦੇ ਸਿਵਿਆ ਦੇ ਲਿਖੇ ਨਾ ਗਾਉਂਦੇ
Amar Singh Chamkila: ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਇਆ ਹੋਇਆ ਹੈ। ਚਮਕੀਲਾ ਫਿਲਮ ਨੈੱਟਫਲਿਕਸ 'ਤੇ ਖੂਬ ਧਮਾਲਾਂ ਪਾ ਰਹੀ ਹੈ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ। ਇਸ ਦਰਮਿਆਨ ਚਮਕੀਲੇ ਬਾਰੇ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ। ਕੀ ਤੁਹਾਨੂੰ ਪਤਾ ਹੈ ਕਿ ਚਮਕੀਲੇ ਨੂੰ ਸਟਾਰ ਕਿਸ ਨੇ ਬਣਾਇਆ ਸੀ? ਚਮਕੀਲਾ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਵਜ੍ਹਾ ਕਰਕੇ ਸਟਾਰ ਬਣਿਆ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿਵੇਂ:
ਸਵਰਨ ਸਿਵੀਆ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ? ਇਨ੍ਹਾਂ ਦੇ ਲਿਖੇ ਗੀਤ ਗਾ ਕੇ ਕਈ ਗਾਇਕ ਸਟਾਰ ਬਣੇ ਸੀ। ਉਨ੍ਹਾਂ ਵਿੱਚੋਂ ਅਮਰ ਸਿੰਘ ਚਮਕੀਲੇ ਦਾ ਨਾਮ ਵੀ ਇੱਕ ਹੈ। ਜੀ ਹਾਂ, ਅਮਰ ਸਿੰਘ ਚਮਕੀਲਾ ਨੂੰ ਸਟਾਰ ਬਣਾਉਣ ਵਾਲੇ ਸਵਰਨ ਸਿਵਿਆ ਹੀ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਕੁਲਦੀਪ ਮਾਣਕ ਨੇ ਸਵਰਨ ਸਿਵਿਆ ਦੀ ਬੇਇੱਜ਼ਤੀ ਨਾ ਕੀਤੀ ਹੁੰਦੀ ਤਾਂ ਚਮਕੀਲਾ ਸ਼ਾਇਦ ਕਦੇ ਸਿਵਿਆ ਦੇ ਲਿਖੇ ਨਾ ਗਾਉਂਦੇ।
ਕੁੱਝ ਸਾਲ ਪਹਿਲਾਂ ਸਵਰਨ ਸਿਵਿਆ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਕੁਲਦੀਪ ਮਾਣਕ ਨੇ ਸਿਵਿਆ ਨੂੰ ਬੇਇੱਜ਼ਤ ਕੀਤਾ ਸੀ। ਇਹ ਗੱਲ 80 ਦੇ ਦਹਾਕਿਆਂ ਦੀ ਹੈ। ਉਸ ਸਮੇਂ ਸਿਵਿਆ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ।
ਉਨ੍ਹਾਂ ਨੇ ਕੁਲਦੀਪ ਮਾਣਕ ਲਈ ਬੜੇ ਪਿਆਰ ਤੇ ਮੇਹਨਤ ਨਾਲ ਕੁੱਝ ਕਲੀਆਂ ਲਿਖੀਆਂ ਸੀ। ਉਹ ਇਨ੍ਹਾਂ ਕਲੀਆਂ ਨੂੰ ਲੈਕੇ ਕੁਲਦੀਪ ਮਾਣਕ ਕੋਲ ਗਏ ਤਾਂ ਉਦੋਂ ਮਾਣਕ ਬਿਜ਼ੀ ਸੀ ਅਤੇ ਆਪਣੀ ਕਾਰ 'ਚ ਰਵਾਨਾ ਹੋ ਕੇ ਸਟੇਜ ਸ਼ੋਅ ਲਈ ਜਾ ਰਹੇ ਸੀ। ਇਸ ਦੌਰਾਨ ਸਿਵਿਆ ਨੇ ਮਾਣਕ ਨੂੰ ਆਪਣੀਆਂ ਲਿਖੀਆਂ ਕਲੀਆਂ ਦਿੱਤੀਆਂ ਅਤੇ ਕਿਹਾ ਕਿ 'ਮਾਣਕ ਸਾਹਿਬ ਮੈਂ ਤੁਹਾਡੇ ਲਈ ਸਪੈਸ਼ਲ ਇਹ ਕਲੀਆਂ ਲਿਖੀਆਂ ਹਨ, ਕਿਰਪਾ ਕਰਕੇ ਤੁਸੀਂ ਇਨ੍ਹਾਂ 'ਤੇ ਇੱਕ ਨਜ਼ਰ ਮਾਰ ਲਓ।' ਇਸ 'ਤੇ ਕੁਲਦੀਪ ਮਾਣਕ ਨੇ ਹੰਕਾਰ 'ਚ ਸਾਰੇ ਪੇਜਾਂ ਨੂੰ ਪਲਟਿਆ ਅਤੇ ਉਨ੍ਹਾਂ ਨੂੰ ਮਰੋੜ ਤਰੋੜ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਕਿਹਾ 'ਆਹ ਲੈ ਪੜ੍ਹ ਲਈਆਂ ਤੇਰੀਆਂ ਕਲੀਆਂ।'
ਮਾਣਕ ਦੇ ਇਸ ਵਤੀਰੇ ਨੇ ਸਿਵਿਆ ਨੂੰ ਬਹੁਤ ਦੁਖੀ ਕਰ ਦਿੱੱਤਾ ਸੀ। ਇਸ ਦੇ ਜਵਾਬ 'ਚ ਸਿਵਿਆ ਨੇ ਮਾਣਕ ਨੂੰ ਕਿਹਾ, 'ਇੱਕ ਦਿਨ ਤੁਸੀਂ ਮੇਰੇ ਤੋਂ ਇਹੀ ਕਲੀਆਂ, ਇਹੀ ਗੀਤ ਮੰਗੋਗੇ।' ਇਸ 'ਤੇ ਮਾਣਕ ਨੇ ਕਿਹਾ, 'ਕੋਈ ਗੱਲ ਨਹੀਂ ਤੂੰ ਚੱਲ ਆਪਣਾ ਕੰਮ ਕਰ।'
ਇਹੀ ਕਲੀਆਂ ਗਾ ਕੇ ਚਮਕੀਲਾ ਬਣੇ ਸਟਾਰ
ਉਹੀ ਕਲੀਆਂ ਜੋ ਕੁਲਦੀਪ ਮਾਣਕ ਨੇ ਪਾੜ ਕੇ ਸੁੱਟੀਆਂ ਸੀ। ਸਿਵਿਆ ਨੇ ਜਾ ਕੇ ਅਮਰ ਸਿੰਘ ਚਮਕੀਲਾ ਨੂੰ ਦਿਖਾਈਆਂ। ਸਿਵਿਆ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਚਮਕੀਲਾ ਬੇਹੱਦ ਡਾਊਨ ਟੂ ਅਰਥ ਇਨਸਾਨ ਸਨ। ਉਨ੍ਹਾਂ ਨੇ ਸਿਵਿਆ ਨੂੰ ਬੜੇ ਪਿਆਰ ਤੇ ਇੱਜ਼ਤ ਨਾਲ ਟਰੀਟ ਕੀਤਾ। ਬੱਸ ਫਿਰ ਕੀ ਹੋਣਾ ਸੀ, ਸਿਵਿਆ ਦੇ ਲਿਖੇ ਗੀਤ ਕਲੀਆਂ ਗਾ ਕੇ ਚਮਕੀਲਾ ਸਟਾਰ ਤੇ ਫਿਰ ਸੁਪਰਸਟਾਰ ਬਣ ਗਏ।
ਕੁਲਦੀਪ ਮਾਣਕ ਤੋਂ ਸਿਵਿਆ ਨੇ ਇੰਜ ਲਿਆ ਬਦਲਾ
ਇੱਕ ਦਿਨ ਕੁਲਦੀਪ ਮਾਣਕ ਅਮਰ ਸਿੰਘ ਚਮਕੀਲਾ ਦੇ ਦਫਤਰ ਗਏ। ਉਹ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ। ਇਸ ਦਰਮਿਆਨ ਮਾਣਕ ਨੇ ਚਮਕੀਲਾ ਨੂੰ ਕਿਹਾ ਕਿ ਜਿਹੜੇ ਮੁੰਡੇ ਤੋਂ ਤੂੰ ਗਾਣੇ ਲੈਂਦਾ ਹੈਂ, ਮੈਨੂੰ ਵੀ ਉਸ ਤੋਂ ਗਾਣੇ ਦੁਆ ਦੇ। ਉਸ ਸਮੇਂ ਸਿਵਿਆ ਵੀ ਚਮਕੀਲਾ ਨਾਲ ਉੱਥੇ ਹੀ ਬੈਠੇ ਸੀ। ਇਸ 'ਤੇ ਚਮਕੀਲਾ ਨੇ ਜਵਾਬ ਦਿੱਤਾ ਕਿ ਇਹੀ ਉਹ ਮੁੰਡਾ ਹੈ, ਜਿਸ ਦੇ ਲਿਖੇ ਗਾਣੇ ਮੈਂ ਗਾਉਂਦਾ ਹਾਂ। ਇਸ 'ਤੇ ਕੁਲਦੀਪ ਮਾਣਕ ਨੇ ਸਿਵਿਆ ਨੂੰ ਕਿਹਾ ਕਿ ਮੇਰੇ ਲਈ ਵੀ 2-4 ਗਾਣੇ ਲਿਖੋ।
View this post on Instagram
ਆਖਰ ਉਹ ਘੜੀ ਆ ਹੀ ਗਈ ਸੀ, ਜਦੋਂ ਸਿਵਿਆ ਨੂੰ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਨੂੰ ਮਿਲਿਆ। ਸਿਵਿਆ ਨੇ ਮਾਣਕ ਦੀ ਗੱਲ ਸੁਣ ਕੇ ਕਿਹਾ, 'ਗਾਣੇ ਮੈਂ ਤੁਹਾਡੇ ਲਈ ਜ਼ਰੂਰ ਲਿਖਾਂਗਾ, ਪਰ ਮੈਂ ਤੁਹਾਨੂੰ ਇੱਕ ਕਿੱਸਾ ਯਾਦ ਕਰਾਉਣਾ ਚਾਹੁੰਦਾ ਹਾਂ। ਮੈਂ ਉਹ ਸਵਰਨ ਸਿਵਿਆ ਹਾਂ, ਜੋ ਤੁਹਾਡੇ ਕੋਲ ਕਲੀਆਂ ਲੈਕੇ ਆਇਆ ਸੀ ਤੇ ਤੁਸੀਂ ਉਨ੍ਹਾਂ ਨੂੰ ਬਿਨਾਂ ਪੜ੍ਹੇ ਹੀ ਪਾੜ ਕੇ ਸੁੱਟ ਦਿੱਤਾ ਸੀ। ਹੁਣ ਮੇਰੀ ਮਰਜ਼ੀ ਹੈ ਮੈਂ ਤੁਹਾਨੂੰ ਗਾਣੇ ਲਿਖ ਕੇ ਦੇਵਾਂ ਜਾਂ ਨਾ ਦੇਵਾਂ।' ਇਸ 'ਤੇ ਕੁਲਦੀਪ ਮਾਣਕ ਨੇ ਕਿਹਾ ਕਿ 'ਹਾਂ ਸਹੀ ਕਿਹਾ ਤੇਰੀ ਮਰਜ਼ੀ ਆ, ਤੂੰ ਜਿਵੇਂ ਕਰਨਾ ਚਾਹੁੰਦਾ ਹੈ ਕਰ ਲੈ।'