Migratory birds in Punjab : ਹਜ਼ਾਰਾਂ ਕਿਲੋਮੀਟਰ ਉੱਡ ਕੇ ਪੰਜਾਬ ਪਹੁੰਚੇ 40,000 ਦੇ ਕਰੀਬ ਪਰਵਾਸੀ ਪੰਛੀ
ਸਰਦੀਆਂ ਸ਼ੁਰੂ ਹੁੰਦੇ ਹੀ ਪਰਵਾਸੀ ਪੰਛੀ ਪੰਜਾਬ ਪਹੁੰਚਣ ਲੱਗੇ ਹਨ। ਵਿਦੇਸ਼ਾਂ ਵਿੱਚ ਸਰਦੀ ਦੇ ਕਹਿਰ ਤੋਂ ਬਚਣ ਲਈ ਇਹ ਪੰਛੀ ਹਜ਼ਾਰਾਂ ਕਿਲੋਮੀਟਰ ਉੱਡ ਕੇ ਪੰਜਾਬ ਪਹੁੰਚ ਰਹੇ ਹਨ। ਪੰਜਾਬ ਦੇ ਹਰੀਕੇ ਜਲਗਾਹ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪਰਵਾਸੀ
Migratory birds in Punjab : ਸਰਦੀਆਂ ਸ਼ੁਰੂ ਹੁੰਦੇ ਹੀ ਪਰਵਾਸੀ ਪੰਛੀ ਪੰਜਾਬ ਪਹੁੰਚਣ ਲੱਗੇ ਹਨ। ਵਿਦੇਸ਼ਾਂ ਵਿੱਚ ਸਰਦੀ ਦੇ ਕਹਿਰ ਤੋਂ ਬਚਣ ਲਈ ਇਹ ਪੰਛੀ ਹਜ਼ਾਰਾਂ ਕਿਲੋਮੀਟਰ ਉੱਡ ਕੇ ਪੰਜਾਬ ਪਹੁੰਚ ਰਹੇ ਹਨ। ਪੰਜਾਬ ਦੇ ਹਰੀਕੇ ਜਲਗਾਹ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਹੁਣ ਤੱਕ 40,000 ਦੇ ਕਰੀਬ ਪਰਵਾਸੀ ਪੰਛੀ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਜਲਗਾਹ ਵਿੱਚ ਪਹੁੰਚ ਚੁੱਕੇ ਹਨ।
ਹਾਸਲ ਜਾਣਕਾਰੀ ਮੁਤਾਬਕ ਸਾਇਬੇਰੀਆ, ਮੰਗੋਲੀਆ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਰੂਸ ਅਤੇ ਦੁਨੀਆ ਦੇ ਹੋਰ ਹਿੱਸਿਆਂ ਸਮੇਤ ਵੱਖ-ਵੱਖ ਦੇਸ਼ਾਂ ਤੋਂ 90 ਤੋਂ ਵੱਧ ਪ੍ਰਜਾਤੀਆਂ ਦੇ 90,000 ਤੋਂ ਵੱਧ ਪਰਵਾਸੀ ਪੰਛੀ ਹਰ ਸਾਲ ਸਰਦੀਆਂ ਵਿੱਚ ਆਪਣੇ ਜੱਦੀ ਸਥਾਨਾਂ ਵਿੱਚ ਪਾਣੀ ਦੇ ਭੰਡਾਰ ਜੰਮ ਜਾਣ ਤੋਂ ਬਾਅਦ ਹਰੀਕੇ ਪਹੁੰਚਦੇ ਹਨ।
ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 86 ਵਰਗ ਕਿਲੋਮੀਟਰ ਵਿੱਚ ਫੈਲਿਆ ਹਰੀਕੇ ਜਲਗਾਹ ਸਰਦੀਆਂ ਦੇ ਮੌਸਮ ਵਿੱਚ ਪਰਵਾਸੀ ਜਲ ਪੰਛੀਆਂ ਦੀਆਂ ਦੁਰਲੱਭ ਕਿਸਮਾਂ ਦਾ ਘਰ ਬਣ ਜਾਂਦਾ ਹੈ। ਇਹ ਜਲਗਾਹ ਸਤਲੁਜ ਤੇ ਬਿਆਸ ਦਰਿਆਵਾਂ ਦੇ ਸੰਗਮ 'ਤੇ ਸਥਿਤ ਹੈ।
ਪੰਜਾਬ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਅਨੁਸਾਰ ਹਰੀਕੇ ਵੈਟਲੈਂਡ, ਜਿਸ ਨੂੰ 'ਹਰੀ ਕੇ ਪੱਤਣ' ਵੀ ਕਿਹਾ ਜਾਂਦਾ ਹੈ, 'ਤੇ ਹੁਣ ਤੱਕ 40,000 ਦੇ ਕਰੀਬ ਪਰਵਾਸੀ ਪੰਛੀ ਆ ਚੁੱਕੇ ਹਨ। ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ।