National Banana Day 2022: ਪੌਸਟਿਕ ਤੱਤਾਂ ਨਾਲ ਭਰਪੂਰ ਕੇਲੇ 'ਚ ਕਿਉਂ ਨਹੀਂ ਲੱਗਦੇ ਕੀੜੇ? ਜਾਣੋ ਦਿਲਚਸਪ ਕਾਰਨ
ਭਾਰਤ ਅਤੇ ਦੁਨੀਆ ਵਿੱਚ ਕਾਲੇ ਦੀਆਂ ਕਈ ਕਿਸਮਾਂ ਉਪਲਬਧ ਹਨ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਫਲਾਂ ਚੋਂ ਇੱਕ ਹੈ।
National Banana Day 2022: ਕੇਲਾ ਇੱਕ ਅਜਿਹਾ ਫਲ ਹੈ ਜੋ ਅਸੀਂ ਲਗਪਗ ਹਰ ਰੋਜ਼ ਖਾਂਦੇ ਹਾਂ। ਕੇਲਾ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਪੋਸ਼ਕ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੇਲੇ ਦੀ ਮਹੱਤਤਾ ਨੂੰ ਧਿਆਨ 'ਚ ਰੱਖਦੇ ਹੋਏ, ਹਰ ਸਾਲ ਅਪ੍ਰੈਲ ਮਹੀਨੇ ਦੇ ਤੀਜੇ ਬੁੱਧਵਾਰ ਨੂੰ ਰਾਸ਼ਟਰੀ ਕੇਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 2022 'ਚ ਅੱਜ (20 ਅਪ੍ਰੈਲ) ਨੂੰ ਰਾਸ਼ਟਰੀ ਕੇਲਾ ਦਿਵਸ ਮਨਾਇਆ ਜਾ ਰਿਹਾ ਹੈ।
ਕੇਲੇ ਦੀਆਂ ਭਾਰਤ 'ਚ ਬਹੁਤ ਸਾਰੀਆਂ ਕਿਸਮਾਂ ਉਪਲੱਬਧ
ਕੇਲੇ ਦੀਆਂ ਕਈ ਕਿਸਮਾਂ ਉਪਲੱਬਧ ਹਨ। ਭਾਰਤ 'ਚ ਕੇਲੇ ਦੀਆਂ ਲਗਪਗ 33 ਕਿਸਮਾਂ ਉਗਾਈਆਂ ਜਾਂਦੀਆਂ ਹਨ। ਇਸ 'ਚ ਕੇਲੇ ਦੀਆਂ ਕਈ ਕਿਸਮਾਂ ਬਹੁਤ ਸਵਾਦ ਹੁੰਦੀਆਂ ਹਨ। 12 ਕਿਸਮਾਂ ਆਪਣੇ ਵੱਖ-ਵੱਖ ਅਕਾਰ ਤੇ ਰੰਗਾਂ ਲਈ ਮਸ਼ਹੂਰ ਹਨ।
ਭਾਰਤ 'ਚ ਇਲਾਇਚੀ ਕੇਲੇ ਦੀ ਸਭ ਤੋਂ ਵੱਧ ਮੰਗ ਹੈ। ਇਹ ਬਿਹਾਰ, ਉੜੀਸਾ ਆਦਿ ਸੂਬਿਆਂ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ Rasthali ਕੇਲਾ ਵੀ ਕੇਲੇ ਦੀਆਂ ਪ੍ਰਸਿੱਧ ਕਿਸਮਾਂ ਵਿੱਚੋਂ ਇੱਕ ਹੈ। ਇਹ ਝਾਰਖੰਡ ਤੇ ਬਿਹਾਰ ਵਰਗੇ ਸੂਬਿਆਂ 'ਚ ਪਾਇਆ ਜਾਂਦਾ ਹੈ। ਦੁਨੀਆਂ 'ਚ ਕੇਲੇ ਦੀਆਂ 1000 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ। ਇਹ ਸਾਰੇ ਕੇਲੇ ਲਗਪਗ 50 ਗਰੁੱਪਾਂ 'ਚ ਵੰਡੇ ਗਏ ਹਨ।
ਕੀ ਤੁਸੀਂ ਸ਼ੂਗਰ 'ਚ ਖਾ ਸਕਦੇ ਹੋ ਕੇਲਾ?
ਡਾਕਟਰਾਂ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਪੱਕੇ ਹੋਏ ਕੇਲੇ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਤੁਸੀਂ ਕੱਚੇ ਕੇਲੇ ਦੀ ਸਬਜ਼ੀ ਖਾ ਸਕਦੇ ਹੋ। ਕੱਚਾ ਕੇਲਾ ਬਲੱਡ ਸ਼ੂਗਰ ਲੈਵਲ ਦੀ ਮਾਤਰਾ ਨੂੰ ਠੀਕ ਰੱਖਦਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੋ ਤਾਂ ਇੱਕ ਤੋਂ ਦੋ ਕੇਲਿਆਂ ਦਾ ਸੇਵਨ ਜ਼ਰੂਰ ਕਰੋ। ਬਹੁਤ ਜ਼ਿਆਦਾ ਸੇਵਨ ਕਰਨ ਤੋਂ ਬਚੋ।
ਭਾਵੇਂ ਕੇਲਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਦੇ ਜ਼ਿਆਦਾ ਸੇਵਨ ਨਾਲ ਉਲਟੀ, ਸਰੀਰ 'ਚ ਸੋਜਿਸ਼, ਗੈਸ, ਮੋਟਾਪਾ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਹਾਡਾ ਭਾਰ ਘੱਟ ਹੈ ਤਾਂ ਰੋਜ਼ਾਨਾ ਸਵੇਰ ਦੇ ਨਾਸ਼ਤੇ 'ਚ ਕੇਲੇ ਨੂੰ ਦੁੱਧ 'ਚ ਮਿਲਾ ਕੇ ਖਾ ਸਕਦੇ ਹੋ ਪਰ ਧਿਆਨ ਰੱਖੋ ਕਿ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ।
ਕੇਲੇ 'ਚ ਕੀੜੇ ਕਿਉਂ ਨਹੀਂ ਹੁੰਦੇ?
ਤੁਸੀਂ ਦੇਖਿਆ ਹੋਵੇਗਾ ਕਿ ਕੇਲੇ ਦੇ ਫਲ 'ਚ ਕਦੇ ਕੀੜੇ ਨਹੀਂ ਲੱਗਦੇ। ਇਸ ਦਾ ਕਾਰਨ ਇਹ ਹੈ ਕਿ ਕੇਲੇ ਦੇ ਫਲ 'ਚ ਸਾਈਨਾਈਡ ਨਾਂ ਦਾ ਰਸਾਇਣ ਪਾਇਆ ਜਾਂਦਾ ਹੈ। ਇਸ ਕਾਰਨ ਇਸ ਫਲ 'ਚ ਕੀੜੇ ਨਹੀਂ ਪਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਕੇਲੇ 'ਚ ਵਿਟਾਮਿਨ ਬੀ6, ਵਿਟਾਮਿਨ ਸੀ, ਪੋਟਾਸ਼ੀਅਮ ਆਦਿ ਪੋਸ਼ਕ ਤੱਤ ਕਾਫ਼ੀ ਮਾਤਰਾ 'ਚ ਪਾਏ ਜਾਂਦੇ ਹਨ। ਇਹ ਸਰੀਰ ਨੂੰ ਫਿੱਟ ਤੇ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।