ਮੰਡੀਆਂ 'ਚ ਕਿਸਾਨਾਂ ਦੀ ਨਹੀਂ ਹੋ ਰਹੀ ਸੁਣਵਾਈ, ਫਸਲਾਂ ਦੀ ਖਰੀਦ ਨੇ ਵਧਾਏ ਫਿਕਰ
ਮੰਡੀ 'ਚ ਖਰੀਦ ਕਰਨ ਵਾਲੀਆਂ ਕੰਪਨੀਆਂ ਦੇ ਅਧਿਕਾਰੀ ਕਣਕ ਦੀ ਫਸਲ ਪਾਸ ਕਰ ਜਾਂਦੇ ਹਨ ਤੇ ਜਦੋਂ ਉਹ ਗੋਦਾਮ 'ਚ ਪਹੁੰਚਦੀ ਹੈ ਤਾਂ ਉਸ 'ਚੋਂ ਅੱਧੀ ਫਸਲ ਵਾਪਸ ਭੇਜ ਦਿੱਤੀ ਜਾਂਦੀ ਹੈ।
ਸੋਨੀਪਤ: ਇੱਥੋਂ ਦੀ ਅਨਾਜ ਮੰਡੀ 'ਚ ਪਿਛਲੇ ਤਿੰਨ ਦਿਨਾਂ ਤੋਂ ਹਜ਼ਾਰਾਂ ਕੁਇੰਟਲ ਕਣਕ ਦੀ ਫਸਲ ਪਹੁੰਚ ਚੁੱਕੀ ਹੈ। ਪਰ ਆੜ੍ਹਤੀਆਂ ਕਾਰਨ ਮੰਡੀ 'ਚ ਕਣਕ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ। ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਪਹਿਲਾਂ 14 ਫੀਸਦ ਤਕ ਦੀ ਨਮੀ ਵਾਲੀ ਫਸਲ ਖਰੀਦ ਲਈ ਜਾਂਦੀ ਸੀ ਤੇ ਹੁਣ ਇਹ 12 ਫੀਸਦ ਕਰ ਦਿੱਤੀ ਗਈ ਹੈ।
ਮੰਡੀ 'ਚ ਖਰੀਦ ਕਰਨ ਵਾਲੀਆਂ ਕੰਪਨੀਆਂ ਦੇ ਅਧਿਕਾਰੀ ਕਣਕ ਦੀ ਫਸਲ ਪਾਸ ਕਰ ਜਾਂਦੇ ਹਨ ਤੇ ਜਦੋਂ ਉਹ ਗੋਦਾਮ 'ਚ ਪਹੁੰਚਦੀ ਹੈ ਤਾਂ ਉਸ 'ਚੋਂ ਅੱਧੀ ਫਸਲ ਵਾਪਸ ਭੇਜ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਫਸਲ 'ਚ ਕਮੀ ਹੈ। ਜਦੋਂ ਕਮੀ ਸੀ ਤਾਂ ਉਸ ਫਸਲ ਨੂੰ ਅਧਿਕਾਰੀ ਕਿਉਂ ਪਾਸ ਕਰਦੇ ਹਨ ਤੇ ਜਦੋਂ ਅਧਿਕਾਰੀਆਂ ਨੂੰ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਵੀ ਵੱਡੇ ਅਧਿਕਾਰੀਆਂ ਨੇ ਫੇਲ੍ਹ ਕੀਤਾ ਹੈ।
ਇਸ ਨੀਤੀ ਨਾਲ ਆੜ੍ਹਤੀਆਂ 'ਚ ਬਹੁਤ ਰੋਸ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸਦਾ ਛੇਤੀ ਤੋਂ ਛੇਤੀ ਹੱਲ ਕਰ ਦੇਵੇ ਨਹੀਂ ਤਾਂ ਕਣਕ ਦੀ ਫਸਲ ਦੀ ਖਰੀਦ ਨਹੀਂ ਹੋਣ ਦਿਆਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ 6 ਮਹੀਨੇ ਦੀ ਮਿਹਨਤ ਨੂੰ ਲੈਕੇ ਮੰਡੀ ਪਹੁੰਚੇ ਪਰ ਤਿੰਨ ਚਾਰ ਦਿਨ ਹੋ ਚੁੱਕੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਨਾ ਤਾਂ ਉਨ੍ਹਾਂ ਦੀ ਫਸਲ ਵਿਕ ਰਹੀ ਹੈ ਤੇ ਨਾ ਹੀ ਕੋਈ ਪੁੱਛ-ਪੜਤਾਲ।
ਕਿਸਾਨਾਂ ਦਾ ਕਹਿਣਾ ਕਿ ਅਧਿਕਾਰੀ ਦਾਅਵੇ ਕਰ ਰਹੇ ਹਨ ਕਿ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਜਦਕਿ ਉਹ ਇੱਧਰ-ਓਧਰ ਤੋਂ ਵੀ ਸੁਵਿਧਾਵਾਂ ਲੈ ਰਹੇ ਹਨ। ਇੱਥੋਂ ਤਕ ਕਿ ਮੰਡੀ 'ਚ ਬੈਠਣ ਦੀ ਵੀ ਸੁਵਿਧਾ ਨਹੀਂ ਦਿੱਤੀ ਗਈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਉਨ੍ਹਾਂ ਦੀ ਫਸਲ ਦਾ ਹੱਲ ਕੱਢਿਆ ਜਾਵੇ ਤਾਂ ਜੋ ਉਹ ਘਰ ਜਾਕੇ ਦੂਜੀ ਫਸਲ ਦੀ ਤਿਆਰੀ ਕਰ ਸਕਣ।
ਇਸ ਦਰਮਿਆਨ ਇਕ ਗੱਡੀ ਚਾਲਕ ਕਣਕ ਨਾਲ ਭਰੀ ਗੱਡੀ ਨੂੰ ਲੈਕੇ ਮੰਡੀ 'ਚ ਪਹੁੰਚਿਆ। ਉਸਨੇ ਦੱਸਿਆ ਐਫਸੀਆਈ ਦੇ ਗੋਦਾਮ ਤੋਂ ਕਣਕ ਦੀਆਂ ਬੋਰੀਆਂ ਲੈਕੇ ਵਾਪਸ ਆਇਆ ਹੈ। ਉਹ 500 ਬੋਰੀਆਂ ਲੈਕੇ ਗਿਆ ਸੀ ਪਰ 400 ਤੋਂ ਜ਼ਿਆਦਾ ਬੋਰੀਆਂ ਲੈਕੇ ਵਾਪਸ ਆਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਣਕ ਦੀ ਫਸਲ 'ਚ ਖਰਾਬੀ ਹੈ। ਜਦੋਂ ਇਸ ਮਾਮਲੇ 'ਚ ਅਧਿਕਾਰੀਆਂ ਤੋਂ ਕੈਮਰੇ ਸਾਹਮਣੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।