(Source: ECI/ABP News)
Subsidy On Farm Implements: ਖੇਤੀ ਸੰਦਾਂ ’ਤੇ ਮਿਲਦੀ ਸਬਸਿਡੀ 'ਤੇ ਰੌਲਾ, 62,265 'ਚੋਂ ਸਿਰਫ 10,297 ਕਿਸਾਨਾਂ ਦੀਆਂ ਅਰਜ਼ੀਆਂ ਮਨਜ਼ੂਰ
ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਭਰੋਸਾ ਦਿੱਤਾ ਕਿ ਸਕੀਮ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਜਾਂ ਸਹਿਕਾਰੀ ਅਦਾਰਿਆਂ ਦੇ ਬੈਂਕ ਖਾਤਿਆਂ ਵਿੱਚ ਸਬਸਿਡੀ ਦੀ ਵੰਡ ਕੀਤੀ ਜਾਵੇਗੀ।
![Subsidy On Farm Implements: ਖੇਤੀ ਸੰਦਾਂ ’ਤੇ ਮਿਲਦੀ ਸਬਸਿਡੀ 'ਤੇ ਰੌਲਾ, 62,265 'ਚੋਂ ਸਿਰਫ 10,297 ਕਿਸਾਨਾਂ ਦੀਆਂ ਅਰਜ਼ੀਆਂ ਮਨਜ਼ੂਰ Subsidy On Farm Implements: Outcry over subsidy on farm implements, only 10,297 out of 62,265 applications accepted Subsidy On Farm Implements: ਖੇਤੀ ਸੰਦਾਂ ’ਤੇ ਮਿਲਦੀ ਸਬਸਿਡੀ 'ਤੇ ਰੌਲਾ, 62,265 'ਚੋਂ ਸਿਰਫ 10,297 ਕਿਸਾਨਾਂ ਦੀਆਂ ਅਰਜ਼ੀਆਂ ਮਨਜ਼ੂਰ](https://feeds.abplive.com/onecms/images/uploaded-images/2021/11/01/ea34193839ddbf6bb3c04c69bd7c83ce_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਖੇਤੀ ਸੰਦਾਂ ’ਤੇ ਮਿਲਦੀ ਸਬਸਿਡੀ ਉੱਪਰ ਰੌਲਾ ਪੈ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੰਦਾਂ ’ਤੇ ਮਿਲੀ ਸਬਸਿਡੀ ਪੰਜਾਬ ਸਰਕਾਰ ਹੜੱਪਣਾ ਚਾਹੁੰਦੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਭਰ ’ਚੋਂ ਕੁੱਲ 62,265 ਕਿਸਾਨਾਂ ਨੇ ਅਰਜ਼ੀਆਂ ਦੇ ਕੇ 1,71,264 ਖੇਤੀ ਸੰਦ ਲੈਣ ਲਈ ਅਪਲਾਈ ਕੀਤਾ ਸੀ। ਇਸ ਵਿੱਚੋਂ 10,297 ਅਰਜ਼ੀਆਂ ਮਨਜ਼ੂਰ ਕਰਕੇ ਸਿਰਫ਼ 10,019 ਖੇਤੀ ਸੰਦ ਹੀ ਕਿਸਾਨਾਂ ਨੂੰ ਦਿੱਤੇ ਗਏ।
ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ 346 ਕਰੋੜ ਰੁਪਏ ’ਚੋਂ 106 ਕਰੋੜ ਰੁਪਏ ਹੀ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਖੇਤੀ ਸੰਦ ਦੇਣ ਦਾ ਸਮਾਂ ਸਿਰਫ਼ 10-12 ਦਿਨ ਹੀ ਬਾਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਫੰਡਾਂ ਦੀ ਸਹੀ ਵਰਤੋਂ ਕਰੇ ਨਹੀਂ ਤਾਂ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਖੇਤੀ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਮਨਜ਼ੂਰ ਕੀਤੀ ਗਈ ਸੀ। ਕਿਸਾਨਾਂ ਨੇ ਜਦੋਂ ਅਪਲਾਈ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਖੇਤੀ ਸੰਦਾਂ ’ਤੇ ਸਬਸਿਡੀ 50 ਫ਼ੀਸਦੀ ਮਿਲੇਗੀ। ਬਾਅਦ ਵਿਚ ਸਬਸਿਡੀ 80 ਫ਼ੀਸਦੀ ਦੇਣ ਦਾ ਐਲਾਨ ਕਰਕੇ ਕਿਸਾਨਾਂ ਨੂੰ ਦੁਬਾਰਾ ਅਰਜ਼ੀਆਂ ਦੇਣ ਲਈ ਆਖਿਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਪਹਿਲਾਂ ਅਰਜ਼ੀਆਂ ਦਿੱਤੀਆਂ ਸਨ, ਉਨ੍ਹਾਂ ਨੂੰ ਖੇਤੀ ਸੰਦ ਨਹੀਂ ਮਿਲੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਸਬਸਿਡੀ ਹੜੱਪਣ ਲਈ ਚਹੇਤਿਆਂ ਰਾਹੀਂ ਅਰਜ਼ੀਆਂ ਮੰਗੀਆਂ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਭਰ ’ਚੋਂ ਕੁੱਲ 62,265 ਕਿਸਾਨਾਂ ਨੇ ਅਰਜ਼ੀਆਂ ਦੇ ਕੇ 1,71,264 ਖੇਤੀ ਸੰਦ ਲੈਣ ਲਈ ਅਪਲਾਈ ਕੀਤਾ ਸੀ। ਇਸ ਵਿੱਚੋਂ 10,297 ਅਰਜ਼ੀਆਂ ਮਨਜ਼ੂਰ ਕਰ ਕੇ ਸਿਰਫ਼ 10,019 ਖੇਤੀ ਸੰਦ ਹੀ ਕਿਸਾਨਾਂ ਨੂੰ ਦਿੱਤੇ ਗਏ।
ਉਧਰ, ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਸਾਨਾਂ, ਸਹਿਕਾਰੀ ਸਭਾਵਾਂ ਤੇ ਪੰਚਾਇਤਾਂ, ਜਿਨ੍ਹਾਂ ਨੇ ਮਸ਼ੀਨਾਂ ਦੀ ਖ਼ਰੀਦ ਲਈ ਮਨਜ਼ੂਰੀ ਪ੍ਰਾਪਤ ਕੀਤੀ ਹੈ, ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲੀ ਨਵੰਬਰ ਨੂੰ ਸਾਰੀਆਂ ਮਸ਼ੀਨਾਂ ਦੀ ਭੌਤਿਕ ਤਸਦੀਕ ਕਰਨ ਲਈ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਜਾਂ ਤੈਅ ਬਦਲਵੇਂ ਸਥਾਨਾਂ ’ਤੇ ਲਿਆਉਣ। ਮਸ਼ੀਨਾਂ ਦੀ ਤਸਦੀਕ ਹੋਣ ਤੋਂ ਬਾਅਦ ਸਬਸਿਡੀ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਭਰੋਸਾ ਦਿੱਤਾ ਕਿ ਸਕੀਮ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਜਾਂ ਸਹਿਕਾਰੀ ਅਦਾਰਿਆਂ ਦੇ ਬੈਂਕ ਖਾਤਿਆਂ ਵਿੱਚ ਸਬਸਿਡੀ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਅਨੁਸੂਚਿਤ ਜਾਤੀਆਂ, ਪੰਚਾਇਤਾਂ ਤੇ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਲਈ ਬਿਨੈ ਪੱਤਰ ਵਿਭਾਗ ਦੇ ਪੋਰਟਲ agrimachinerypb.com ਰਾਹੀਂ ਜਮ੍ਹਾਂ ਕਰਵਾਉਣ ਦੀ ਵੀ ਸਲਾਹ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)